ਸਿਹਤ ਵਿਭਾਗ ਦੀ ਡੇਂਗੂ ਵਿਰੁੱਧ ਜੰਗ: ਨਗਰ ਕੌਂਸਲ ਨੇ 13 ਥਾਵਾਂ ਤੇ ਲਾਰਵਾ ਮਿਲਣ ਤੇ ਕੀਤੇ ਚਲਾਣ
ਮਾਲੇਰਕੋਟਲਾ, 26 ਜੂਨ 2025 - ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਵਿਰਾਜ .ਐਸ. ਤਿੜਕੇ ਅਤੇ ਸਿਵਲ ਸਰਜਨ ਡਾ. ਸੰਜੇ ਗੋਇਲ ਦੀ ਅਗਵਾਈ ਹੇਠ ਜਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਡੇਂਗੂ ਤੋਂ ਬਚਾਅ ਲਈ ਨਿਰੰਤਰ ਜੰਗ ਜਾਰੀ ਹੈ। ਜਿਲ੍ਹਾ ਐਪੀਡੀਮਾਲੋਜਿਸਟ ਡਾ.ਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਦੀ ਚੈਕਿੰਗ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸ਼ਹਿਰ ਦੀਆਂ 13 ਥਾਵਾਂ ਤੋਂ ਲਾਰਵਾ ਮਿਲਿਆ ਜਿਸ ਤੇ ਫੌਰੀ ਕਾਰਵਾਰੀ ਕਰਦਿਆਂ ਨਗਰ ਕੌਸ਼ਲ ਵੱਲੋਂ ਚਲਾਣ ਕੀਤੇ ਗਏ | ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਜਿੱਥੇ ਹਰ ਰੋਜ਼ ਫ਼ੀਲਡ ਵਿੱਚ ਜਾ ਕੇ ਲਗਾਤਾਰ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕਰ ਰਹੀਆਂ ਹਨ, ਉੱਥੇ ਹੀ ਰਿਹਾਇਸ਼ੀ ਇਲਾਕਿਆਂ ਵਿੱਚ ਜਾ ਕੇ ਚੈਕਿੰਗ ਕਰ ਕੇ ਪ੍ਰਾਪਤ ਲਾਰਵੇ ਨੂੰ ਮੌਕੇ ਉੱਪਰ ਹੀ ਨਸ਼ਟ ਕਰਵਾਇਆ ਜਾਂਦਾ ਹੈ ਅਤੇ ਲਾਹਪਰਵਾਹੀ ਵਰਤਣ ਵਾਲਿਆਂ ਦੇ ਚਲਾਣ ਵੀ ਕੀਤੇ ਜਾਂਦੇ ਹਨ ।
ਉਹਨਾਂ ਅੱਗੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਪਾਣੀ ਵਾਲੀਆਂ ਟੈਂਕੀਆਂ, ਕੂਲਰਾਂ, ਗਮਲਿਆਂ, ਫਜੂਲ ਪਏ ਬਰਤਨਾਂ, ਟਾਇਰਾਂ, ਅਤੇ ਹੋਰ ਉਹਨਾਂ ਥਾਵਾਂ ਦੀ ਜਾਂਚ ਕਰ ਰਹੀਆਂ ਹਨ ਜਿਥੇ ਪਾਣੀ ਇਕੱਠਾ ਹੋ ਰਿਹਾ ਹੈ ਜਿਸਦੀ ਸੂਰਤ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ । ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਵਿਸ਼ੇਸ਼ ਤੌਰ ਡਰਾਈ ਡੇਅ ਫਰਾਈ ਡੇਅ ਮੁਹਿੰਮ ਚਲਾਈ ਜਾਂਦੀ ਹੈ ਜਿਸ ਵਿੱਚ ਸਾਰੇ ਕਰਮਚਾਰੀ ਫ਼ੀਲਡ ਵਿੱਚ ਜਾ ਕੇ ਚੈਕਿੰਗ ਕਰਦੇ ਹਨ । ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ ਜਿਆਦਾਤਰ ਹਨੇਰੇ ਵਾਲੀਆਂ ਗਿੱਲੀਆਂ ਥਾਵਾਂ ਤੇ ਰਹਿੰਦਾ ਹੈ, ਇਸ ਲਈ ਘਰ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਹਫਤੇ ਵਿੱਚ ਘੱਟੋ ਘੱਟ ਇੱਕ ਵਾਰ ਟੈਂਕੀਆਂ ਅਤੇ ਕੂਲਰਾਂ ਦੀ ਸਫਾਈ ਕਰਨੀ ਚਾਹੀਦੀ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਸਜੀਲਾ ਖਾਨ, ਜਿਲ੍ਹਾ ਐਪੀਡੀਮਾਲੋਜਿਸਟ ਡਾ.ਰਮਨਦੀਪ ਕੌਰ ਤੇ ਡਾ.ਮੁਨੀਰ ਮੁਹੰਮਦ, ਮਾਸ ਮੀਡੀਆ ਵਿੰਗ ਤੋਂ ਰਣਵੀਰ ਸਿੰਘ ਢੰਡੇ, ਐਨ.ਵੀ.ਬੀ.ਡੀ.ਸੀ.ਪੀ ਜਿਲ੍ਹਾ ਮੀਡੀਆ ਕੋਆਰਡੀਨੇਟਰ ਰਾਜੇਸ਼ ਰਿਖੀ, ਐਨ.ਵੀ.ਬੀ.ਡੀ.ਸੀ.ਪੀ ਸਹਾਇਕ ਮੁਹੰਮਦ, ਵਿਕਰਮ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।