ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀ ਫਸਟ ਏਡ ਅਤੇ ਸੀਪੀਆਰ ਦੀ ਟ੍ਰੇਨਿੰਗ
ਅਸ਼ੋਕ ਵਰਮਾ
ਬਠਿੰਡਾ, 1 ਨਵੰਬਰ 2025- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਖੜਾ ਦੇ ਵਿਦਿਆਰਥੀਆਂ ਨੂੰ ਗਾਈਡੈਂਸ ਐਂਡ ਕੌਂਸਲਿੰਗ ਸੈਸ਼ਨ ਅਧੀਨ ਫਸਟ ਏਡ ਦੀ ਬੇਸਿਕ ਜਾਣਕਾਰੀ ਦੇਣ ਲਈ ਸਕੂਲ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਭਾਰਤੀ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆਂ ਨੇ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਦੇ ਵੱਖ ਵੱਖ ਢੰਗਾਂ ਦੀ ਮੌਖਿਕ ਅਤੇ ਪ੍ਰੈਕਟੀਕਲ ਟਰੇਨਿੰਗ ਕਰਵਾਈ।
ਸਕੂਲ ਦੇ ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਗੁਪਤਾ ਅਤੇ ਲੈਕਚਰਾਰ ਹਰਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਟ੍ਰੇਨਰ ਨਰੇਸ਼ ਪਠਾਣੀਆਂ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਫਸਟ ਏਡ ਦੀ ਟ੍ਰੇਨਿੰਗ ਕਿਸੇ ਵਿਅਕਤੀ ਨੂੰ ਇਸ ਯੋਗ ਬਣਾ ਦਿੰਦੀ ਹੈ ਕਿ ਉਹ ਐਮਰਜੰਸੀ ਹਾਲਤਾਂ ਵਿੱਚ ਪੀੜਤਾਂ ਦੀ ਮੱਦਦ ਕਰਕੇ ਜੀਵਨ ਬਚਾ ਸਕਦਾ ਹੈ। ਉਨ੍ਹਾਂ ਬੱਚਿਆਂ ਨੂੰ ਸੀਪੀਆਰ, ਜ਼ਹਿਰੀਲੇ ਜੀਵ ਜੰਤੂਆਂ ਦੇ ਡੰਗਣ, ਬੇਹੋਸ਼ੀ, ਵਗਦੇ ਖੂਨ ਨੂੰ ਰੋਕਣ, ਸੜਣ ਅਤੇ ਝੁਲ਼ਸਣ, ਚੋਕਿੰਗ, ਨਕਸੀਰ ਫੁੱਟਣ ਦੇ ਕੇਸਾਂ ਵਿੱਚ ਦਿੱਤੀ ਜਾਣ ਵਾਲੀ ਫਸਟ ਏਡ ਦੀ ਟ੍ਰੇਨਿੰਗ ਦਿੱਤੀ।
ਉਹਨਾ ਦੱਸਿਆ ਕਿ ਸੀ.ਪੀ.ਆਰ ਪ੍ਰਕਿਰਿਆ ਦੀ ਵਰਤੋਂ ਐਂਮਰਜੈਂਸੀ ਵਿੱਚ ਕੀਤੀ ਜਾਂਦੀ ਹੈ ਜਿਵੇਂ ਕਿ ਪਾਣੀ ਵਿੱਚ ਡੁੱਬਣ ਤੋਂ ਬਾਅਦ, ਬਿਜਲੀ ਦਾ ਝਟਕਾ ਲੱਗਣ ਜਾਂ ਦਿਲ ਬੰਦ ਹੋਣ ਸਮੇਂ। ਉਨ੍ਹਾਂ ਕਿਹਾ ਕਿ ਸੀ.ਪੀ.ਆਰ ਵਿੱਚ ਮਰੀਜ਼ ਦੀ ਛਾਤੀ ਤੇ ਦਬਾਅ ਪਾ ਕੇ ਆਕਸੀਜਨ ਦੀ ਕਮੀ ਨੂੰ ਦਿਲ ਤੋਂ ਸਰੀਰ ਤੱਕ ਪਹੁੰਚਾਉਣਾ ਹੁੰਦਾ ਹੈ।
ਸੀ.ਪੀ.ਆਰ ਵਿੱਚ ਸਭ ਤੋਂ ਪਹਿਲਾਂ ਵਿਅਕਤੀ ਨੂੰ ਆਪਣੀ ਪਿੱਠ ਦੇ ਬਲ ਇਕ ਸਮਤਲ ਜਗ੍ਹਾ ਤੇ ਲਿਟਾਓ ਅਤੇ ਵਿਅਕਤੀ ਦੇ ਮੋਢਿਆ ਦੇ ਕੋਲ ਆਪਣੇ ਗੋਡਿਆ ਭਾਰ ਬੈਠੋ ਅਤੇ ਇੱਕ ਹੱਥ ਦੀ ਹਥੇਲੀ ਨੂੰ ਵਿਅਕਤੀ ਦੀ ਛਾਤੀ ਦੇ ਵਿਚਕਾਰ ਰੱਖੋ ਅਤੇ ਦੂਜੇ ਹੱਥ ਨੂੰ ਪਹਿਲੇ ਹੱਥ ਦੇ ਉੱਪਰ ਰੱਖੋ ਅਤੇ ਕੂਹਣੀ ਨੂੰ ਪੂਰੀ ਤਰ੍ਹਾਂ ਸਿੱਧਾ ਕਰੋ ਅਤੇ ਇਸ ਤੋਂ ਬਾਅਦ ਉੱਪਰਲੇ ਸਰੀਰ ਦੇ ਭਾਰ ਦੀ ਵਰਤੋਂ ਕਰਦੇ ਹੋਏ, ਪੀੜਿਤ ਵਿਅਕਤੀ ਦੀ ਛਾਤੀ ਨੂੰ ਘੱਟੋ-ਘੱਟ 2 ਇੰਚ ਅਤੇ ਵੱਧ ਤੋਂ ਵੱਧ 2.5 ਇੰਚ ਤੱਕ ਦਬਾਓ ਅਤੇ ਛੱਡੋ ਇਸਨੂੰ ਇੱਕ ਮਿੰਟ ਵਿੱਚ 100 ਤੋਂ 120 ਵਾਰ ਕਰੋ।
ਸੀ.ਪੀ.ਆਰ ਇੱਕ ਐਸੀ ਜੀਵਨ ਬਚਾਉਣ ਵਾਲੀ ਤਕਨੀਕ ਹੈ ਜਿਸਨੂੰ ਹਰ ਨਾਗਰਿਕ ਨੂੰ ਸਿੱਖਣਾ ਚਾਹੀਦਾ ਹੈ । ਰੈੱਡ ਕ੍ਰਾਸ ਸੁਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਫੈਕਟਰੀ ਵਰਕਰਾਂ, ਸਕੂਲੀ ਬੱਚਿਆਂ ਅਤੇ ਆਮ ਨਾਗਰਿਕਾਂ ਨੂੰ ਵੀ ਫਸਟ ਏਡ ਦੀ ਸਿਖਲਾਈ ਦਿੱਤੀ ਜਾਂਦੀ ਹੈ।