ਸਕੂਲ ਦੇ ਬਾਹਰ ਕੂੜੇ ਦੇ ਢੇਰ, ਧੂੰਏਂ ’ਚ ਘਿਰਿਆ ਬਚਪਨ
---ਸਮਾਜ ਸੇਵੀ ਅਰਵਿੰਦ ਸ਼ਰਮਾ ਵੱਲੋਂ ਨਿਗਮ ਕਮਿਸ਼ਨਰ ਤੋਂ ਤੁਰੰਤ ਕਾਰਵਾਈ ਦੀ ਮੰਗ
ਸੁਖਮਿੰਦਰ ਭੰਗੂ
ਲੁਧਿਆਣਾ 17 ਸਤੰਬਰ 2026
ਮਾਡਲ ਟਾਊਨ ਐਕਸਟੈਂਸ਼ਨ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਦੇ ਨਾਲ ਲੱਗਦੀ ਖਾਲੀ ਥਾਂ ’ਤੇ ਕੂੜੇ ਦੇ ਵੱਡੇ-ਵੱਡੇ ਢੇਰ ਅਤੇ ਕਥਿਤ ਤੌਰ ’ਤੇ ਕੂੜਾ ਸਾੜੇ ਜਾਣ ਦੀ ਸਮੱਸਿਆ ਨੂੰ ਲੈ ਕੇ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਨਗਰ ਨਿਗਮ ਕਮਿਸ਼ਨਰ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਨੇ ਇਸ ਸਬੰਧੀ ਨਿਗਮ ਕਮਿਸ਼ਨਰ ਨੂੰ ਪੱਤਰ ਭੇਜ ਕੇ ਮੌਕੇ ਦਾ ਤੁਰੰਤ ਨਿਰੀਖਣ ਕਰਵਾਉਣ ਅਤੇ ਕੂੜੇ ਦੇ ਢੇਰ ਹਟਾਉਣ ਦੀ ਮੰਗ ਕੀਤੀ ਹੈ।
ਅਰਵਿੰਦ ਸ਼ਰਮਾ ਨੇ ਪੱਤਰ ਵਿੱਚ ਦੱਸਿਆ ਕਿ ਰੇਲਵੇ ਲਾਈਨਾਂ ਅਤੇ ROB/ROU ਵੱਲੋਂ ਅੰਦਰ ਨੂੰ ਜਾਂਦੀ ਪਹੁੰਚ ਸੜਕ ਦੇ ਨੇੜੇ ਸਕੂਲ ਦੀ ਹੱਦ ਨਾਲ ਲੱਗਦੀ ਖਾਲੀ ਥਾਂ ਵਿੱਚ ਕਾਫ਼ੀ ਮਾਤਰਾ ਵਿੱਚ ਕੂੜਾ ਇਕੱਠਾ ਹੋ ਗਿਆ ਹੈ। ਇਸ ਕਾਰਨ ਇਲਾਕੇ ਵਿੱਚ ਗੰਦਗੀ ਅਤੇ ਬਦਬੂ ਦਾ ਮਾਹੌਲ ਬਣਿਆ ਹੋਇਆ ਹੈ। ਸਕੂਲ ਦੇ ਕਲਾਸਰੂਮ ਇਸ ਥਾਂ ਦੇ ਨੇੜੇ ਹੋਣ ਕਾਰਨ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੱਤਰ ਵਿੱਚ ਸਭ ਤੋਂ ਗੰਭੀਰ ਚਿੰਤਾ ਕੂੜੇ ਨੂੰ ਅੱਗ ਲਗਾਏ ਜਾਣ ਸਬੰਧੀ ਜਤਾਈ ਗਈ ਹੈ। ਸ਼ਰਮਾ ਅਨੁਸਾਰ, ਕੂੜਾ ਸਾੜਨ ਕਾਰਨ ਉੱਠਣ ਵਾਲਾ ਧੂੰਆਂ ਹਵਾ ਦੇ ਰੁਖ ਨਾਲ ਸਕੂਲ ਵੱਲ ਪਹੁੰਚਦਾ ਹੈ, ਜਿਸ ਨਾਲ ਬੱਚਿਆਂ ਲਈ ਅਸਿਹਤਮੰਦ ਵਾਤਾਵਰਣ ਪੈਦਾ ਹੁੰਦਾ ਹੈ। ਤੇਜ਼ ਹਵਾ ਦੌਰਾਨ ਕੂੜਾ ਆਲੇ-ਦੁਆਲੇ ਦੇ ਇਲਾਕੇ ਵਿੱਚ ਵੀ ਫੈਲ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵਿਦਿਅਕ ਸੰਸਥਾ ਦੇ ਬਿਲਕੁਲ ਨਾਲ ਅਜਿਹਾ ਕੂੜਾ ਡੰਪਿੰਗ ਪੁਆਇੰਟ ਬਣ ਜਾਣਾ ਗੰਭੀਰ ਸਫ਼ਾਈ ਅਤੇ ਜਨਤਕ ਸਿਹਤ ਦਾ ਮੁੱਦਾ ਹੈ। ਸਕੂਲ ਵਿੱਚ ਬੱਚੇ ਰੋਜ਼ਾਨਾ ਕਈ ਘੰਟੇ ਬਿਤਾਉਂਦੇ ਹਨ, ਇਸ ਲਈ ਇਸ ਸਥਾਨ ਦੀ ਤੁਰੰਤ ਸਫ਼ਾਈ ਅਤੇ ਕੂੜਾ ਸਾੜਨ ਦੀ ਗਤੀਵਿਧੀ ਨੂੰ ਰੋਕਣਾ ਜ਼ਰੂਰੀ ਹੈ।
ਅਰਵਿੰਦ ਸ਼ਰਮਾ ਨੇ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਨਿਗਮ ਅਧਿਕਾਰੀਆਂ ਵੱਲੋਂ ਤੁਰੰਤ ਮੌਕੇ ਦਾ ਨਿਰੀਖਣ ਕਰਵਾਇਆ ਜਾਵੇ, ਕੂੜੇ ਦੇ ਢੇਰ ਹਟਾ ਕੇ ਪੂਰੀ ਤਰ੍ਹਾਂ ਸਫ਼ਾਈ ਕਰਵਾਈ ਜਾਵੇ, ਕੂੜਾ ਸਾੜਨ ’ਤੇ ਸਖ਼ਤੀ ਕੀਤੀ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਭਵਿੱਖ ਵਿੱਚ ਇਸ ਥਾਂ ਨੂੰ ਦੁਬਾਰਾ ਗੈਰ-ਅਧਿਕਾਰਤ ਕੂੜਾ ਡੰਪ ਕਰਨ ਲਈ ਵਰਤਣ ਤੋਂ ਰੋਕਣ ਵਾਸਤੇ ਢੁਕਵੇਂ ਪ੍ਰਬੰਧ ਕੀਤੇ ਜਾਣ ਅਤੇ ਸਬੰਧਤ ਸਫ਼ਾਈ ਕਰਮਚਾਰੀਆਂ ਨੂੰ ਨਿਯਮਤ ਸਫ਼ਾਈ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ।
ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸਫ਼ਾਈ ਨੂੰ ਲੈ ਕੇ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੇ ਮੱਦੇਨਜ਼ਰ ਸਕੂਲ ਦੇ ਨਾਲ ਲੱਗਦੀ ਇਸ ਥਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੌਕੇ ਦੀਆਂ ਤਸਵੀਰਾਂ ਵੀ ਨਿਗਮ ਅਧਿਕਾਰੀਆਂ ਨੂੰ ਉਪਲਬਧ ਕਰਵਾਉਣ ਦੀ ਗੱਲ ਕਹੀ ਹੈ।
ਅਰਵਿੰਦ ਸ਼ਰਮਾ ਨੇ ਮੰਗ ਕੀਤੀ ਕਿ ਮੌਕੇ ਦਾ ਤੁਰੰਤ ਨਿਰੀਖਣ ਕਰਵਾ ਕੇ ਕੂੜੇ ਦੇ ਢੇਰਾਂ ਦੀ ਸਫ਼ਾਈ ਕਰਵਾਈ ਜਾਵੇ, ਕੂੜਾ ਸਾੜਨ ’ਤੇ ਰੋਕ ਲਗਾ ਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ, ਮੁੜ ਕੂੜਾ ਸੁੱਟਣ ਤੋਂ ਰੋਕਣ ਲਈ ਪੱਕੇ ਪ੍ਰਬੰਧ ਕੀਤੇ ਜਾਣ ਅਤੇ ਸਥਾਨ ’ਤੇ ਨਿਯਮਤ ਸਫ਼ਾਈ ਯਕੀਨੀ ਬਣਾਈ ਜਾਵੇ।
ਇਸ ਸੰਬੰਧੀ ਜਦੋਂ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਅਲੰਕਾਰ ਓਜਸਵੀ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਇਸ ਮੈਟਰ ਨੂੰ ਚੈੱਕ ਕਰਕੇ ਉੱਥੇ ਆਪਣੀ ਇੱਕ ਟੀਮ ਭੇਜਦਾ ਤੇ ਗੰਦਗੀ ਫੈਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਜਾਵੇਗੀ ਤਾਂ ਜੋ ਇਸ ਤਰ੍ਹਾਂ ਦੁਬਾਰਾ ਨਾ ਕੀਤਾ ਜਾਵੇ।
- Download Babushahi App
-
-