ਵਿਕਸਿਤ ਭਾਰਤ ਕੇਵਲ ਸਰਕਾਰ ਦਾ ਨਹੀਂ, ਦੇਸ਼ ਦੇ 140 ਕਰੋੜ ਨਾਗਰਿਕਾਂ ਦਾ ਸਾਂਝਾ ਸੰਕਲਪ: ਕਮਲੇਸ਼ ਪਾਸਵਾਨ
ਕੇਂਦਰੀ ਮੰਤਰੀ ਨੇ ਕੇਂਦਰ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ, ਕੂਲਰ ਉਦਯੋਗ ਦੀਆਂ ਸਮੱਸਿਆਵਾਂ ਵੀ ਸੁਣੀਆਂ
ਅਸ਼ੋਕ ਵਰਮਾ
ਬਠਿੰਡਾ, 10 ਜੂਨ 2026 :
ਕੇਂਦਰੀ ਪੇਂਡੂ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 12 ਸਾਲਾਂ ਦੌਰਾਨ ਦੇਸ਼ ਨੇ ਵਿਕਾਸ, ਸੁਸ਼ਾਸਨ ਅਤੇ ਲੋਕ ਭਲਾਈ ਦੇ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦਾ ਸੰਕਲਪ ਕੇਵਲ ਸਰਕਾਰ ਦਾ ਨਹੀਂ, ਸਗੋਂ ਦੇਸ਼ ਦੇ 140 ਕਰੋੜ ਨਾਗਰਿਕਾਂ ਦਾ ਸਾਂਝਾ ਸੰਕਲਪ ਹੈ। ਬਠਿੰਡਾ ਦੇ ਇੱਕ ਜਾਂ ਦੌਰੇ ਤੇ ਪੁੱਜੇ ਕੇਂਦਰੀ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਸੰਮੇਲਨ” ਨੂੰ ਸੰਬੋਧਨ ਕਰਦਿਆਂ ਜਨ-ਪ੍ਰਤੀਨਿਧੀਆਂ, ਬੁੱਧੀਜੀਵੀਆਂ ਅਤੇ ਭਾਜਪਾ ਵਰਕਰਾਂ ਨੂੰ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਗਰੀਬ ਭਲਾਈ, ਬੁਨਿਆਦੀ ਢਾਂਚੇ ਦੇ ਵਿਕਾਸ, ਡਿਜ਼ੀਟਲ ਕ੍ਰਾਂਤੀ, ਮਹਿਲਾ ਸਸ਼ਕਤੀਕਰਨ ਅਤੇ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਹੋਏ ਇਤਿਹਾਸਕ ਕੰਮਾਂ ਨੇ ਭਾਰਤ ਦੀ ਵਿਸ਼ਵ ਪੱਧਰੀ ਪਛਾਣ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ ਹੈ। ਅੱਜ ਭਾਰਤ ਦੁਨੀਆ ਅੱਗੇ ਪੂਰੇ ਆਤਮ-ਵਿਸ਼ਵਾਸ ਅਤੇ ਸਮਰੱਥਾ ਨਾਲ ਖੜ੍ਹਾ ਹੈ।
ਇਸ ਤੋਂ ਪਹਿਲਾਂ ਨਵੀਂ ਦਿੱਲੀ ਤੋਂ ਰੇਲ ਰਾਹੀਂ ਬਠਿੰਡਾ ਪਹੁੰਚੇ ਕੇਂਦਰੀ ਮੰਤਰੀ ਦਾ ਇਹ ਰੇਲਵੇ ਸਟੇਸ਼ਨ ’ਤੇ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਵੱਖ-ਵੱਖ ਸਮਾਜਿਕ, ਉਦਯੋਗਿਕ ਅਤੇ ਜਨ-ਸੰਪਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਿਆਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ, ਸਮਾਜਿਕ ਨੁਮਾਇੰਦਿਆਂ ਅਤੇ ਉਦਯੋਗਪਤੀਆਂ ਨੇ ਹਾਜ਼ਰੀ ਭਰੀ।ਆਪਣੇ ਦੌਰੇ ਦੀ ਸ਼ੁਰੂਆਤ ਕੇਂਦਰੀ ਮੰਤਰੀ ਨੇ ਜ਼ਿਲ੍ਹਾ ਅਦਾਲਤ ਨੇੜੇ ਸਥਿਤ ਅੰਬੇਡਕਰ ਪਾਰਕ ਵਿੱਚ ਕਰਵਾਏ ਗਏ ਸਫ਼ਾਈ ਅਤੇ ਰੁੱਖ ਲਗਾਓ ਮੁਹਿੰਮ ਨਾਲ ਕੀਤੀ।
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਸਫ਼ਾਈ ਅਪਣਾਉਣ ਅਤੇ ਵਾਤਾਵਰਣ ਦੀ ਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਏਮਜ਼ ਬਠਿੰਡਾ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਕੇਂਦਰੀ ਮੰਤਰੀ ਕਮਲੇਸ਼ ਪਾਸਵਾਨ ਗਿੱਲ ਪੱਤੀ ਰੋਡ ਸਥਿਤ ਉਦਯੋਗਿਕ ਖੇਤਰ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਕੂਲਰ ਉਦਯੋਗ ਨਾਲ ਜੁੜੇ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਵਿਸ਼ੇਸ਼ ਜਨ-ਸੰਪਰਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਉਦਯੋਗ ਨਾਲ ਸਬੰਧਤ ਚੁਣੌਤੀਆਂ ਅਤੇ ਸਮੱਸਿਆਵਾਂ ਨੂੰ ਵਿਸਥਾਰ ਨਾਲ ਸੁਣਿਆ ਅਤੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਨਾਰਦਰਨ ਕੂਲਰ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਗਰਗ ਲੱਕੀ ਨੇ ਸੰਗਠਨ ਵੱਲੋਂ ਮੰਗ ਪੱਤਰ ਸੌਂਪਦਿਆਂ ਕੂਲਰਾਂ ’ਤੇ ਜੀਐੱਸਟੀ ਦੀ ਦਰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ, ਕੂਲਰ ਨੂੰ ਵਾਤਾਵਰਣ ਪੱਖੀ ਅਤੇ ਸਿਹਤ ਲਈ ਲਾਹੇਵੰਦ ਠੰਢਕ ਦੇ ਸਾਧਨ ਵਜੋਂ ਮਾਨਤਾ ਦੇਣ ਅਤੇ ਉਦਯੋਗ ਲਈ ਇੱਕ ਕੇਂਦਰੀਕ੍ਰਿਤ ਰਾਸ਼ਟਰੀ ਪੋਰਟਲ ਸਥਾਪਤ ਕਰਨ ਦੀ ਮੰਗ ਰੱਖੀ। ਨਵੀਂ ਦਿੱਲੀ ਵਾਪਸ ਰਵਾਨਾ ਹੋਣ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਸ਼ਹਿਰ ਦੇ ਪ੍ਰਸਿੱਧ ਲਛਮਣ ਪੂਰੀ ਵਾਲੇ ਕੋਲ ਜਾ ਕੇ ਉਹਨਾਂ ਦੀ ਮਸ਼ਹੂਰ ਲੱਸੀ ਵੀ ਪੀਤੀ। ਇਸ ਮੌਕੇ
ਐਡਵੋਕੇਟ ਮੋਹਨ ਲਾਲ ਗਰਗ, ਦਿਆਲ ਸਿੰਘ ਸੋਢੀ, ਵਿਨੋਦ ਬਿੰਟਾ, ਨਰਿੰਦਰ ਮਿੱਤਲ, ਰਾਜੇਸ਼ ਨੋਨੀ, ਉਮੇਸ਼ ਸ਼ਰਮਾ ਸਮੇਤ ਭਾਜਪਾ ਦੇ ਕਈ ਆਗੂ ਅਤੇ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।
- Download Babushahi App
-
-