ਲੌਂਗੋਵਾਲ ਨੂੰ ਪੰਜਾਬ ਦੀਆਂ ਸਰਵੋਤਮ ਨਗਰ ਕੌਂਸਲਾਂ ਵਿੱਚ ਸ਼ਾਮਲ ਕਰਨਾ ਸਾਡਾ ਟੀਚਾ: ਅਮਨ ਅਰੋੜਾ
*ਕੈਬਨਿਟ ਮੰਤਰੀ ਦੀ ਮੌਜੂਦਗੀ ਵਿੱਚ ਨਗਰ ਕੌਂਸਲ ਲੌਂਗੋਵਾਲ ਦੀ ਨਵੀਂ ਟੀਮ ਨੇ ਸੰਭਾਲਿਆ ਕਾਰਜਭਾਰ
*ਲੋਕ-ਭਲਾਈ, ਪਾਰਦਰਸ਼ਤਾ ਅਤੇ ਬਿਨਾਂ ਵਿਤਕਰੇ ਸੇਵਾਵਾਂ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼
ਲੌਂਗੋਵਾਲ/ਸੁਨਾਮ, 21 ਜੁਲਾਈ:
ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਅੱਜ ਨਗਰ ਕੌਂਸਲ ਲੌਂਗੋਵਾਲ ਦੀ ਨਵੀਂ ਟੀਮ ਨੇ ਰਸਮੀ ਤੌਰ 'ਤੇ ਆਪਣਾ ਕਾਰਜਭਾਰ ਸੰਭਾਲਿਆ। ਇਸ ਮੌਕੇ ਸ਼੍ਰੀਮਤੀ ਰਛਪਾਲ ਕੌਰ (ਪਤਨੀ ਸ. ਬਲਵਿੰਦਰ ਸਿੰਘ) ਨੇ ਪ੍ਰਧਾਨ, ਸ. ਕੁਲਦੀਪ ਸਿੰਘ ਬੰਟੀ ਨੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੀਮਤੀ ਕਰਮਜੀਤ ਕੌਰ (ਪਤਨੀ ਸ. ਗੁਰਜੀਤ ਸਿੰਘ ਕਾਲਾ) ਨੇ ਮੀਤ ਪ੍ਰਧਾਨ ਵਜੋਂ ਅਹੁਦੇ ਦਾ ਕਾਰਜਭਾਰ ਸੰਭਾਲਿਆ। ਕੈਬਨਿਟ ਮੰਤਰੀ ਨੇ ਨਵ-ਨਿਯੁਕਤ ਅਹੁਦੇਦਾਰਾਂ ਅਤੇ ਸਮੂਹ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਲੋਕ-ਸੇਵਾ ਨੂੰ ਸਰਵੋਚ ਤਰਜੀਹ ਦੇਣ ਦਾ ਸੱਦਾ ਦਿੱਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ 'ਤੇ ਜੋ ਭਰੋਸਾ ਪ੍ਰਗਟਾਇਆ ਹੈ, ਉਸ 'ਤੇ ਖਰਾ ਉਤਰਨਾ ਨਵੀਂ ਟੀਮ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਪਰਮਾਤਮਾ ਵੱਲੋਂ ਸੇਵਾ ਦਾ ਮਿਲਿਆ ਮੌਕਾ ਹਮੇਸ਼ਾ ਲੋਕ-ਭਲਾਈ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਲੌਂਗੋਵਾਲ ਅਤੇ ਸਮੁੱਚੇ ਹਲਕੇ ਵਿੱਚ ਹੋਏ ਵਿਕਾਸ ਕਾਰਜ ਟੀਮ ਵਰਕ ਅਤੇ ਲੋਕਾਂ ਦੇ ਸਹਿਯੋਗ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦੀ ਇਹ ਰਫ਼ਤਾਰ ਹੁਣ ਹੋਰ ਤੇਜ਼ ਕੀਤੀ ਜਾਵੇਗੀ ਤਾਂ ਜੋ ਲੌਂਗੋਵਾਲ ਨੂੰ ਵਿਕਾਸ ਪੱਖੋਂ ਇੱਕ ਮਾਡਲ ਸ਼ਹਿਰ ਬਣਾਇਆ ਜਾ ਸਕੇ।
ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਨਗਰ ਕੌਂਸਲ ਸਥਾਨਕ ਸਰਕਾਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ ਅਤੇ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੀਆਂ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣ ਦੀ ਮੁੱਖ ਜ਼ਿੰਮੇਵਾਰੀ ਵੀ ਇਸੇ ਸੰਸਥਾ ਦੀ ਹੈ। ਉਨ੍ਹਾਂ ਨਵੀਂ ਟੀਮ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੀ ਸਫ਼ਾਈ, ਪੀਣ ਵਾਲੇ ਪਾਣੀ ਦੀ ਨਿਰੰਤਰ ਸਪਲਾਈ, ਸੀਵਰੇਜ ਪ੍ਰਬੰਧ, ਸਟਰੀਟ ਲਾਈਟਾਂ, ਘਰ-ਘਰ ਕੂੜਾ ਇਕੱਠਾ ਕਰਨ ਦੀ ਵਿਵਸਥਾ ਅਤੇ ਹੋਰ ਨਾਗਰਿਕ ਸਹੂਲਤਾਂ ਨੂੰ ਪਹਿਲ ਦੇ ਆਧਾਰ 'ਤੇ ਸੁਧਾਰਿਆ ਜਾਵੇ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਸ਼ਹਿਰ ਦੇ ਭਵਿੱਖ ਦੀ ਯੋਜਨਾਬੰਦੀ, ਨਵੇਂ ਵਿਕਾਸ ਕਾਰਜਾਂ ਦੀ ਰੂਪ-ਰੇਖਾ, ਜਨਤਕ ਸਹੂਲਤਾਂ ਦੇ ਵਿਸਥਾਰ ਅਤੇ ਸ਼ਹਿਰ ਦੀ ਸੁਚੱਜੀ ਯੋਜਨਾ ਬਣਾਉਣ ਲਈ ਦੂਰਅੰਦੇਸ਼ੀ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਟੀਮ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ।
ਕੈਬਨਿਟ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਗਰ ਕੌਂਸਲ ਵਿੱਚ ਕਿਸੇ ਵੀ ਨਾਗਰਿਕ ਨਾਲ ਸਿਆਸੀ, ਸਮਾਜਿਕ ਜਾਂ ਕਿਸੇ ਹੋਰ ਆਧਾਰ 'ਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਹਰ ਵਿਅਕਤੀ ਦੇ ਜਾਇਜ਼ ਕੰਮ ਬਿਨਾਂ ਖੱਜਲ-ਖੁਆਰੀ, ਬਿਨਾਂ ਭ੍ਰਿਸ਼ਟਾਚਾਰ ਅਤੇ ਪੂਰੀ ਪਾਰਦਰਸ਼ਤਾ ਨਾਲ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹੀ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਅਤੇ ਪੰਜਾਬ ਸਰਕਾਰ ਦੀ ਨੀਤੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਲੌਂਗੋਵਾਲ ਦੀ ਨਗਰ ਕੌਂਸਲ ਸੁਚੱਜੇ ਪ੍ਰਬੰਧਨ, ਸਾਫ਼-ਸੁਥਰੇ ਪ੍ਰਸ਼ਾਸਨ ਅਤੇ ਲੋਕ-ਕੇਂਦਰਿਤ ਕੰਮਕਾਜ ਕਾਰਨ ਪੰਜਾਬ ਦੀਆਂ ਸਰਵੋਤਮ ਨਗਰ ਕੌਂਸਲਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਵੇ। ਉਨ੍ਹਾਂ ਕਿਹਾ ਕਿ ਜਦੋਂ ਨੀਅਤ ਸਾਫ਼ ਹੋਵੇ, ਟੀਮ ਵਿੱਚ ਸਮਰਪਣ ਹੋਵੇ ਅਤੇ ਲੋਕਾਂ ਦੀ ਸੇਵਾ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਟੀਚਾ ਹਾਸਲ ਕਰਨਾ ਮੁਸ਼ਕਲ ਨਹੀਂ ਹੁੰਦਾ।
ਉਨ੍ਹਾਂ ਸਮੂਹ ਕੌਂਸਲਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਚੁਣਿਆ ਹੋਇਆ ਕੌਂਸਲਰ ਆਪਣੇ ਵਾਰਡ ਦੇ ਲੋਕਾਂ ਲਈ ਪ੍ਰਧਾਨ ਦੇ ਬਰਾਬਰ ਜ਼ਿੰਮੇਵਾਰ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕਾਂ ਦੇ ਜਾਇਜ਼ ਕੰਮਾਂ ਲਈ ਉਹ ਅਤੇ ਪੰਜਾਬ ਸਰਕਾਰ ਹਰ ਵੇਲੇ ਨਗਰ ਕੌਂਸਲ ਦੇ ਨਾਲ ਖੜ੍ਹੇ ਰਹਿਣਗੇ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਸ਼੍ਰੀਮਤੀ ਰਛਪਾਲ ਕੌਰ, ਸੀਨੀਅਰ ਮੀਤ ਪ੍ਰਧਾਨ ਸ. ਕੁਲਦੀਪ ਸਿੰਘ ਬੰਟੀ, ਮੀਤ ਪ੍ਰਧਾਨ ਸ਼੍ਰੀਮਤੀ ਕਰਮਜੀਤ ਕੌਰ, ਸਮੂਹ ਕੌਂਸਲਰ, ਪਾਰਟੀ ਆਗੂ, ਨਗਰ ਕੌਂਸਲ ਦੇ ਅਧਿਕਾਰੀ ਅਤੇ ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।
- Download Babushahi App
-
-