ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸਕੂਲ ਆਫ ਐਮੀਨੈਂਸ ਤੋਂ ਬੈਗ ਵੰਡਣ ਮੁਹਿੰਮ ਦੀ ਕੀਤੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 24 ਜੁਲਾਈ 2026 : ਪੰਜਾਬ ਵਿੱਚ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਦੇਸ਼ ਦੀ ਸਭ ਤੋਂ ਉੱਤਮ ਸਿੱਖਿਆ ਪ੍ਰਣਾਲੀ ਬਣਾਉਣ ਦੀ ਦਿਸ਼ਾ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਨਵੇਂ ਕਦਮ ਚੁੱਕ ਰਹੀ ਹੈ। ਇਸੇ ਲੜੀ ਤਹਿਤ ਮੰਗਲਵਾਰ ਨੂੰ ਬਠਿੰਡਾ ਦੇ ਸ਼ਹੀਦ ਸੰਦੀਪ ਸਿੰਘ ਸਰਕਾਰੀ ਸਕੂਲ (ਸਕੂਲ ਆਫ ਐਮੀਨੈਂਸ), ਪਰਸਰਾਮ ਨਗਰ ਤੋਂ ਮੁਫ਼ਤ ਸਕੂਲ ਬੈਗ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬਠਿੰਡਾ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਵੰਡ ਕੇ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ।ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਸ੍ਰੀ ਜਸਵੀਰ ਸਿੰਘ ਦੀ ਅਗਵਾਈ ਹੇਠ ਸਕੂਲ ਪ੍ਰਬੰਧਨ ਕਮੇਟੀ, ਅਧਿਆਪਕਾਂ ਅਤੇ ਸਟਾਫ ਵੱਲੋਂ ਮੇਅਰ ਦਾ ਗੁਲਦਸਤਾ ਭੇਟ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ, ਸਮਾਰਟ ਕਲਾਸਰੂਮ, ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਤਜਰਬੇਕਾਰ ਅਧਿਆਪਕ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਇਤਿਹਾਸਕ ਫੈਸਲੇ ਲਏ ਜਾ ਰਹੇ ਹਨ।
ਉਨ੍ਹਾਂ ਕਿਹਾ, “ਸਾਡੀ ਸਰਕਾਰ ਦਾ ਸਪੱਸ਼ਟ ਟੀਚਾ ਹੈ ਕਿ ਸਰਕਾਰੀ ਸਕੂਲਾਂ ਦਾ ਹਰ ਵਿਦਿਆਰਥੀ ਕਿਸੇ ਵੀ ਨਿੱਜੀ ਸਕੂਲ ਦੇ ਵਿਦਿਆਰਥੀ ਤੋਂ ਘੱਟ ਨਾ ਹੋਵੇ। ਗੁਣਵੱਤਾ ਭਰਪੂਰ ਸਿੱਖਿਆ ਅਤੇ ਆਧੁਨਿਕ ਸਾਧਨ ਹਰ ਬੱਚੇ ਦਾ ਅਧਿਕਾਰ ਹਨ ਅਤੇ ਪੰਜਾਬ ਸਰਕਾਰ ਇਸ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।”
ਮੇਅਰ ਨੇ ਕਿਹਾ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਮੁਹੱਈਆ ਕਰਵਾਉਣਾ ਸਿਰਫ਼ ਇੱਕ ਯੋਜਨਾ ਨਹੀਂ, ਸਗੋਂ ਵਿਦਿਆਰਥੀਆਂ ਦਾ ਆਤਮਵਿਸ਼ਵਾਸ ਵਧਾਉਣ ਅਤੇ ਮਾਪਿਆਂ ਦਾ ਆਰਥਿਕ ਬੋਝ ਘਟਾਉਣ ਦਾ ਇੱਕ ਯਤਨ ਹੈ। ਉਨ੍ਹਾਂ ਕਿਹਾ, “ਸਿੱਖਿਆ ਉੱਤੇ ਕੀਤਾ ਗਿਆ ਹਰ ਨਿਵੇਸ਼ ਸਮਾਜ ਅਤੇ ਦੇਸ਼ ਦੇ ਭਵਿੱਖ ਵਿੱਚ ਨਿਵੇਸ਼ ਹੁੰਦਾ ਹੈ। ਜਦੋਂ ਵਿਦਿਆਰਥੀ ਵਧੀਆ ਮਾਹੌਲ ਅਤੇ ਸਹੂਲਤਾਂ ਵਿੱਚ ਪੜ੍ਹਨਗੇ, ਤਾਂ ਉਹ ਭਵਿੱਖ ਵਿੱਚ ਡਾਕਟਰ, ਇੰਜੀਨੀਅਰ, ਵਿਗਿਆਨੀ, ਪ੍ਰਸ਼ਾਸਨਿਕ ਅਧਿਕਾਰੀ ਅਤੇ ਕਾਮਯਾਬ ਨਾਗਰਿਕ ਬਣ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣਗੇ।”
ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਭਾਰਤ ਸਰਕਾਰ ਦੇ ਉਪਲਬਧ ਅੰਕੜਿਆਂ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਰਾਸ਼ਟਰੀ ਪੱਧਰ ’ਤੇ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਫਲਤਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ, ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਦਾ ਨਤੀਜਾ ਹੈ।ਉਨ੍ਹਾਂ ਕਿਹਾ, “ਅੱਜ ਪੰਜਾਬ ਦਾ ਸਿੱਖਿਆ ਮਾਡਲ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਸਰਕਾਰੀ ਸਕੂਲ ਉੱਤਮ ਸਿੱਖਿਆ ਦੀ ਨਵੀਂ ਪਛਾਣ ਬਣਨਗੇ।”
ਮੇਅਰ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਬਠਿੰਡਾ ਸ਼ਹਿਰ ਦੇ ਜੀ.ਐਸ.ਐਸ.ਐਸ. ਮਾਲ ਰੋਡ ਗਰਲਜ਼, ਜੀ.ਐਸ.ਐਸ.ਐਸ. ਦੇਸਰਾਜ, ਜੀ.ਐਸ.ਐਸ.ਐਸ. ਪਰਸਰਾਮ ਨਗਰ (ਸਕੂਲ ਆਫ ਐਮੀਨੈਂਸ), ਜੀ.ਐਸ.ਐਸ.ਐਸ. ਸੰਜੇ ਨਗਰ ਅਤੇ ਜੀ.ਐਸ.ਐਸ.ਐਸ. ਆਦਰਸ਼ ਨਗਰ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਵੰਡੇ ਗਏ। ਮੇਅਰ ਸ੍ਰੀ ਮਹਿਤਾ ਨੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨਾਲ ਪੜ੍ਹਾਈ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਵਿਦਿਆਰਥੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਸਹਿਯੋਗ ਦੇ ਰਹੀ ਹੈ।ਇਸ ਮੌਕੇ ਵਾਰਡ ਨੰਬਰ 40 ਦੇ ਐਮ.ਸੀ. ਸ੍ਰੀ ਸੰਜੀਵ ਕੁਮਾਰ ਸੋਨੀ, ਬਲਾਕ ਪ੍ਰਧਾਨ ਸ੍ਰੀ ਸੁਰਜੀਤ ਸਿੰਘ ਨਾਗੀ, ਆਪ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਮਨ ਸਿੰਘ, ਸਿਟੀ ਪ੍ਰਧਾਨ ਸ੍ਰੀ ਆਸ਼ੀਸ਼ ਭਾਰਦਵਾਜ, ਸ੍ਰੀ ਪੰਕਜ ਸ਼ਰਮਾ, ਸ੍ਰੀ ਜੱਸੀ ਅਤੇ ਸ੍ਰੀ ਮਨੀਸ਼ ਪਾਂਧੀ ਸਮੇਤ ਕਈ ਪਤਵੰਤੇ ਵਿਅਕਤੀ ਹਾਜ਼ਰ ਸਨ।
- Download Babushahi App
-
-