ਮਾਂ ਦਾ ਦੁੱਧ ਬੱਚੇ ਲਈ ਸੁਪਰਫੂਡ- ਡਾ. ਜੰਗਜੀਤ ਸਿੰਘ
ਸਿਹਤ ਵਿਭਾਗ ਦੀ ਟੀਮ ਨੇ 400 ਦੇ ਕਰੀਬ ਗਰਭਵਤੀ ਔਰਤਾਂ ਨੂੰ ਬੱਚੇ ਲਈ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ 09 ਸਤੰਬਰ,2025
ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਜਨਮ ਸਮੇਂ ਬੱਚੇ ਅਤੇ ਮਾਂ ਦੀ ਮੌਤ ਦਰ ਨੂੰ ਘਟਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਿਲਸਿਲੇ 'ਚ ਪੀ.ਐੱਚ.ਸੀ ਕੀਰਤਪੁਰ ਸਾਹਿਬ ਅਤੇ ਇਸਦੇ ਅਧੀਨ ਆਉਂਦੇ ਵੱਖ ਵੱਖ ਆਯੂਸ਼ਮਾਨ ਅਰੋਗਿਆ ਕੇਂਦਰਾਂ 'ਤੇ 1 ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤੇ ਦੌਰਾਨ ਗਰਭਵਤੀ ਔਰਤਾਂ, ਨਿੱਕੇ ਬੱਚਿਆਂ ਦੀਆਂ ਮਾਂਵਾਂ ਅਤੇ ਉਹਨਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਬੱਚੇ ਅਤੇ ਮਾਂ ਲਈ ਜ਼ਰੂਰੀ, ਪੌਸ਼ਟਿਕ ਤੱਤਾਂ ਨਾਲ ਭਰਪੂਰ ਖ਼ੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਇੰ: ਡਾਕਟਰ ਜੰਗਜੀਤ ਸਿੰਘ ਨੇ ਕਿਹਾ ਕਿ ਗਰਭਵਤੀ ਔਰਤ ਦੀ ਸਿਹਤ, ਆਉਣ ਵਾਲੀ ਪੀੜ੍ਹੀ ਦੀ ਬੁਨਿਆਦ ਹੁੰਦੀ ਹੈ, ਇਸ ਲਈ ਸੰਤੁਲਿਤ ਖ਼ੁਰਾਕ ਨਾ ਸਿਰਫ਼ ਮਾਂ ਲਈ ਸਗੋਂ ਬੱਚੇ ਲਈ ਵੀ ਜ਼ਰੂਰੀ ਹੈ। ਉਹਨਾਂ ਬੱਚਿਆਂ ਲਈ ਮਾਂ ਦੇ ਦੁੱਧ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੱਚੇ ਦੇ ਜਨਮ ਦੇ ਇੱਕ ਘੰਟੇ ਅੰਦਰ ਉਸਨੂੰ ਪਿਲਾਇਆ ਗਿਆ ਮਾਂ ਦਾ ਦੁੱਧ ਕਿਸੇ ਸੁਪਰਫੂਡ ਤੋਂ ਘੱਟ ਨਹੀਂ ਜੋ ਬੱਚਿਆਂ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ ਅਤੇ ਕਈ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ, ਜਦਕਿ ਓਪਰਾ ਦੁੱਧ ਪਿਲਾਉਣ ਨਾਲ ਬੱਚਿਆਂ ਨੂੰ ਡਾਇਰੀਆ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਲੋਕਾਂ ਨੂੰ ਬੱਚੇ ਲਈ ਮਾਂ ਦੇ ਦੁੱਧ ਦੀ ਮਹੱਤਤਾ ਤੋਂ ਇਲਾਵਾ ਹਰ ਇੱਕ ਲਈ ਪੌਸ਼ਕ ਤੱਤਾਂ ਨਾਲ ਭਰਪੂਰ ਖ਼ੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਹਰ ਸਾਲ 1 ਤੋਂ 7 ਸਤੰਬਰ ਤੱਕ ਰਾਸ਼ਟਰੀ ਪੌਸ਼ਣ ਹਫ਼ਤਾ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਡਾ.ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਕਟਰ ਨਵਰੂਪ ਕੌਰ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਦੀ ਅਗਵਾਈ ਹੇਠ ਇਸ ਸਾਲ ਮਨਾਏ ਗਏ ਇਸ ਖ਼ਾਸ ਹਫ਼ਤੇ ਦੌਰਾਨ ਬਲਾਕ ਕੀਰਤਪੁਰ ਸਾਹਿਬ ਵਿੱਚ ਕਰੀਬ 400 ਗਰਭਵਤੀ ਔਰਤਾਂ ਅਤੇ ਨਿੱਕੇ ਬੱਚਿਆਂ ਦੀਆਂ ਮਾਵਾਂ ਨੂੰ 6 ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਅਤੇ 6 ਮਹੀਨੇ ਬਾਅਦ ਮਾਂ ਦੇ ਦੁੱਧ ਦੇ ਨਾਲ ਨਾਲ ਹੋਰ ਖ਼ੁਰਾਕ (ਖਿਚੜੀ, ਦਲੀਆ, ਚੌਲ ਆਦਿ) ਦੇਣ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਓ.ਪੀ.ਡੀ ਵਿਚ ਆਏ ਬਾਕੀ ਮਰੀਜ਼ਾਂ ਨੂੰ ਵੀ ਦੱਸਿਆ ਗਿਆ ਕਿ ਭੋਜਨ ਸਿਰਫ਼ ਢਿੱਡ ਭਰਨ ਲਈ ਹੀ ਜ਼ਰੂਰੀ ਨਹੀਂ ਸਗੋਂ ਇਸ ਵਿਚ ਲੋੜੀਂਦੇ ਤੱਤਾਂ ਦੀ ਮੌਜੂਦਗੀ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਜ਼ਰੂਰੀ ਹੈ।
ਮੈਡੀਕਲ ਅਫ਼ਸਰ ਡਾਕਟਰ ਅਨੂ ਸ਼ਰਮਾ ਨੇ ਦੱਸਿਆ ਕਿ ਇਸ ਹਫ਼ਤੇ ਮਮਤਾ ਦਿਵਸ ਮੌਕੇ ਲਾਏ ਗਏ ਕੈਪਾਂ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਤੋਂ ਇਲਾਵਾ, ਗਰਭਵਤੀ ਔਰਤਾਂ ਨੂੰ ਆਇਰਨ, ਕੈਲਸ਼ੀਅਮ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਮੁਫ਼ਤ ਵੰਡੀਆਂ ਗਈਆਂ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦੁੱਧ, ਹਰੀਆਂ ਸਬਜ਼ੀਆਂ, ਫਲ਼ ਅਤੇ ਦਾਲਾਂ ਆਦਿ ਆਪਣੀ ਖ਼ੁਰਾਕ ਵਿੱਚ ਸ਼ਾਮਿਲ ਕਰਨ ਅਤੇ ਬੱਚੇ ਨੂੰ ਓਪਰਾ ਦੁੱਧ ਨਾ ਪਿਲਾਉਣ ਦੀ ਸਲਾਹ ਦਿੱਤੀ ਗਈ।
ਇਸ ਮੌਕੇ ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ , ਸੀ.ਐੱਚ.ਓ ਅਰਵਿੰਦਰ ਕੌਰ, ਰਵਨੀਤ ਕੌਰ, ਸੰਜੀਵ ਕੁਮਾਰ,, ਭੁਪਿੰਦਰ ਸਿੰਘ, ਆਰਤੀ, ਰਿੱਕੀ ਹਾਜ਼ਰ ਸਨ।