ਭਾਰਤ ਦੀ ਏਕਤਾ ਅਤੇ ਪ੍ਰਭੂਸੱਤਾ ‘ਤੇ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ : ਕਰਮਜੀਤ ਕੌਰ
-ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਨੇ ਪਾਕਿਸਤਾਨ ਦੀਆਂ ਕਰਤੂਤਾਂ ਦੀ ਕੀਤੀ ਸਖ਼ਤ ਨਿਖੇਧੀ
ਹੁਸ਼ਿਆਰਪੁਰ, 9 ਮਈ:
ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਦੀ ਚੇਅਰਪਰਸਨ ਕਰਮਜੀਤ ਕੌਰ ਨੇ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਨਾਪਾਕ ਹਰਕਤਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਧਰਤੀ ‘ਤੇ ਅੱਤਵਾਦ ਨੂੰ ਕਿਸੇ ਵੀ ਕੀਮਤ ‘ਤੇ ਸਿਰ ਨਹੀਂ ਚੁੱਕਣ ਦੇਵੇਗਾ ਅਤੇ ਦੁਸ਼ਮਣ ਨੂੰ ਹਰ ਮੋਰਚੇ ‘ਤੇ ਮੂੰਹਤੋੜ ਜਵਾਬ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਲਗਾਤਾਰ ਭਾਰਤ ਵਿੱਚ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਕਰ ਰਿਹਾ ਹੈ, ਪਰ ਭਾਰਤੀ ਫੌਜ ਅਤੇ ਸੁਰੱਖਿਆ ਬਲ ਉਸ ਦੀ ਹਰ ਚਾਲ ਨੂੰ ਨਾਕਾਮ ਕਰ ਰਹੇ ਹਨ। ਹਾਲ ਹੀ ਵਿੱਚ ਪਹਿਲਗਾਮ ‘ਚ ਹੋਈ ਅੱਤਵਾਦੀ ਘਟਨਾ ਵਿੱਚ ਵੀ ਪਾਕਿਸਤਾਨ ਦਾ ਚਿਹਰਾ ਸਾਰਿਆਂ ਸਾਹਮਣੇ ਆ ਗਿਆ ਹੈ ਅਤੇ ਭਾਰਤ ਨੇ ਪਾਕਿਸਤਾਨ ਦੇ ਅੰਦਰ ਅੱਤਵਾਦੀ ਠਿਕਾਣਿਆਂ ਨੂੰ ਤਬਾਹ ਕਰਕੇ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ। ਪਰ ਪਾਕਿਸਤਾਨ ਵੱਲੋਂ ਭਾਰਤ ‘ਤੇ ਹਮਲਾ ਕਰਨ ਦੀ ਜੋ ਕਰਤੂਤ ਕੀਤੀ ਗਈ ਹੈ, ਉਸਦਾ ਵੀ ਭਾਰਤੀ ਫੌਜ ਵੱਲੋਂ ਕਰਾਰਾ ਜਵਾਬ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਪੂਰਾ ਦੇਸ਼ ਇਕਜੁੱਟ ਹੈ ਅਤੇ ਹਰ ਭਾਰਤੀ ਆਪਣੇ ਦੇਸ਼ ਦੀ ਰੱਖਿਆ ਲਈ ਕੁਝ ਵੀ ਕਰਨ ਨੂੰ ਤਿਆਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਬਣਾਈ ਰੱਖਣ ਅਤੇ ਸੁਰੱਖਿਆ ਬਲਾਂ ਦਾ ਮਨੋਬਲ ਵਧਾਉਣ ਲਈ ਅੱਗੇ ਆਉਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਜਾਣ ਵਾਲੀ ਹਦਾਇਤਾਂ ਦਾ ਇੰਨ ਬਿੰਨ ਪਾਲਣ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਸਚੇਤ ਹੈ। ਸਰਹੱਦੀ ਜ਼ਿਲ੍ਹਿਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀਆਂ ਨੂੰ ਮੌਕੇ ‘ਤੇ ਭੇਜਿਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਿਆਰੀ ਕੀਤੀ ਜਾ ਸਕੇ।
ਕਰਮਜੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਅਮਨ-ਚੈਨ ਅਤੇ ਸੁਰੱਖਿਆ ਬਣਾਈ ਰੱਖਣ ਲਈ ਰਾਜ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ‘ਤੇ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰੇਕ ਭਾਰਤੀ ਇਸ ਦੇ ਲਈ ਵਚਨਬੱਧ ਹੈ।