ਬੇਅਦਬੀ ਮਾਮਲੇ ’ਚ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣੇ: ਹਰਜਿੰਦਰ ਸਿੰਘ ਧਾਮੀ, ਵੀਡੀਓ ਵੀ ਵੇਖੋ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 10 ਜੁਲਾਈ, 2025: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੰਗ ਕੀਤੀ ਹੈ ਕਿ ਬੇਅਦਬੀ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣਾਇਆ ਜਾਵੇ। ਉਹਨਾਂ ਕਿਹਾ ਕਿ ਸਾਰੇ ਧਰਮ ਸਤਿਕਾਰਯੋਗ ਹਨ ਪਰ ਜ਼ਿਆਦਾਤਰ ਬੇਅਦਬੀ ਮਾਮਲੇ ਗੁਰੂ ਘਰਾਂ ਨਾਲ ਸਬੰਧਤ ਹਨ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਸਖ਼ਤ ਸਜ਼ਾ ਨਹੀਂ ਹੋਵੇਗੀ, ਬੇਅਦਬੀ ਦੀਆਂ ਘਟਨਾਵਾਂ ਰੁਕਣ ਵਾਲੀਆਂ ਨਹੀਂ ਹਨ।
ਉਹਨਾਂ ਕਿਹਾ ਕਿ ਇਸ ਮਾਮਲੇ ’ਤੇ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਸਵਾਲਾਂ ਦੇ ਜਵਾਬ ਦਿੰਦਿਆਂ ਧਾਮੀ ਨੇ ਦੱਸਿਆ ਕਿ ਪਿਛਲੇ ਸਮੇਂ ਵਿਚ ਇਕ ਵਿਅਕਤੀ ਨੇ ਗੁਟਕਾ ਸਰੋਵਰ ਵਿਚ ਸੁੱਟ ਦਿੱਤਾ ਸੀ। ਅਸੀਂ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਸੀ ਪਰ ਅੱਜ ਤੱਕ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਸਿਰਫ ਇਕ ਮਾਮਲਾ ਜੋ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਾਪਰਿਆ, ਉਸ ਵਿਚ ਦੋਸ਼ੀ ਨੂੰ 5 ਸਾਲ ਦੀ ਸਜ਼ਾ ਹੋਈ ਸੀ ਪਰ ਬਾਕੀ ਦੇ ਕੇਸਾਂ ਵਿਚ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮਾਨਸਿਕ ਰੋਗੀ ਕਰਾਰ ਦੇ ਕੇ ਛੱਡ ਦਿੱਤਾ ਜਾਂਦਾ ਹੈ।