ਗੁਣੀਆ ਮਾਜਰੀ 'ਚ ਨਵਾਂ ਬਣਿਆ ਸੂਆ ਮੁੜ ਟੁੱਟਿਆ
ਕਿਸਾਨਾਂ ਦੀ ਫ਼ਸਲ ਹੋਈ ਜਲ-ਥਲ, ਘਟੀਆ ਸਮੱਗਰੀ ਅਤੇ ਠੇਕੇਦਾਰਾਂ ਦੀ ਲੁੱਟ ਵਿਰੁੱਧ ਰੋਸ
Ravinder Singh
ਬਸੀ ਪਠਾਣਾ 28 July 2026:
ਬਸੀ ਪਠਾਣਾ ਅਧੀਨ ਪੈਂਦੇ ਪਿੰਡ ਗੁਣੀਆ ਮਾਜਰੀ ਵਿਖੇ ਸਰਕਾਰ ਵੱਲੋਂ ਨਵਾਂ ਬਣਾਇਆ ਗਿਆ ਪੱਕਾ ਸੂਆ ਪਾਣੀ ਛੱਡਣ ਤੋਂ ਤੁਰੰਤ ਬਾਅਦ ਇੱਕ ਵਾਰ ਫਿਰ ਟੁੱਟ ਗਿਆ। ਇਸ ਕਾਰਨ ਨੇੜਲੇ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਆ ਗਿਆ। ਮੌਕੇ 'ਤੇ ਇਕੱਠੇ ਹੋਏ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਯੂਥ ਵਿੰਗ ਕਿਸਾਨ ਆਗੂ ਇਕਬਾਲ ਸਿੰਘ ਗੋਪਾਲੋ, ਕਿਸਾਨ ਕਿਸਾਨ ਸਵਰਨਜੀਤ ਸਿੰਘ , ਨਰਿੰਦਰ ਸਿੰਘ ਚੀਮਾ ਬਲਵੀਰ ਸਿੰਘ ਅਜੀਤ ਸਿੰਘ ਪਰਵਿੰਦਰ ਸਿੰਘ ਹਰਮਨਜੋਤ ਸਿੰਘ ਸੰਦੀਪ ਸਿੰਘ ਜਥੇਦਾਰ ਕੁਲਦੀਪ ਸਿੰਘ ਨਵਜੀਵ ਸਿੰਘ, ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਪੰਜਾਬ ਸਰਕਾਰ, ਸਿੰਜਾਈ ਵਿਭਾਗ ਅਤੇ ਠੇਕੇਦਾਰਾਂ ਵਿਰੁੱਧ ਗੰਭੀਰ ਦੋਸ਼ ਲਗਾਉਂਦੇ ਹੋਏ ਭਾਰੀ ਰੋੋਸ ਪ੍ਰਗਟਾਇਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸੂਆ ਬਣਨ ਦੇ ਦੌਰਾਨ ਵੀ ਟੁੱਟ ਗਿਆ ਸੀ। ਠੇਕੇਦਾਰ ਨੇ ਉਸ ਵੇਲੇ ਮੌਕੇ 'ਤੇ ਆ ਕੇ ਅੱਗੇ ਤੋਂ ਵਧੀਆ ਸਮੱਗਰੀ ਵਰਤਣ ਅਤੇ ਮਿੱਟੀ ਦੀ ਮਜ਼ਬੂਤੀ ਕਰਨ ਦਾ ਭਰੋਸਾ ਦਿੱਤਾ ਸੀ, ਪਰ ਮਹਿਜ਼ ਖਾਨਾਪੂਰਤੀ ਕਰਕੇ ਕੰਮ ਨਿਪਟਾ ਦਿੱਤਾ ਗਿਆ, ਜਿਸ ਕਾਰਨ ਅੱਜ ਇਹ ਮੁੜ ਟੁੱਟ ਗਿਆ।ਬਜ਼ੁਰਗਾਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦਾ ਕੱਚਾ ਸੂਆ ਪਿਛਲੇ 70 ਸਾਲਾਂ ਤੋਂ ਚੱਲ ਰਿਹਾ ਸੀ ਅਤੇ ਓਵਰਫਲੋਅ ਹੋਣ ਦੇ ਬਾਵਜੂਦ ਕਦੇ ਨਹੀਂ ਸੀ ਟੁੱਟਿਆ। ਪਰ ਸਰਕਾਰ ਵੱਲੋਂ ਪੱਕਾ ਕਰਨ ਦੇ ਨਾਂ 'ਤੇ ਕੀਤੇ ਗਏ ਇਸ ਨਿਰਮਾਣ ਵਿੱਚ ਘਟੀਆ ਮਟੀਰੀਅਲ ਵਰਤਿਆ ਗਿਆ ਹੈ।ਕਿਸਾਨਾਂ ਨੇ ਦੋਸ਼ ਲਗਾਇਆ ਕਿ ਠੇਕੇਦਾਰਾਂ ਅਤੇ ਪ੍ਰਸ਼ਾਸਨ ਨੇ ਸੂਏ ਦੀਆਂ ਕੰਧਾਂ ਨਾਲ ਮਿੱਟੀ ਲਗਾਉਣ ਦੀ ਬਜਾਏ ਉਥੋਂ ਹਜ਼ਾਰਾਂ ਟਰੱਕ ਮਿੱਟੀ ਬਾਹਰ ਵੇਚ ਦਿੱਤੀ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਘਟੀਆ ਨਿਰਮਾਣ ਕਰਨ ਵਾਲੇ ਠੇਕੇਦਾਰਾਂ ਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
- Download Babushahi App
-
-