ਬਠਿੰਡਾ ਦਾ ਬੱਸ ਅੱਡਾ: ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੀਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ
ਅਸ਼ੋਕ ਵਰਮਾ
ਬਠਿੰਡਾ, 2ਮਈ2025: ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਮੌਜੂਦਾ ਬੱਸ ਅੱਡਾ ਤਬਦੀਲ ਕਰਨ ਖਿਲਾਫ ਚਲਾਏ ਜਾ ਰਹੇ ਸੰਘਰਸ਼ ਦਾ ਦਾਇਰਾ ਮੋਕਲਾ ਹੋਣ ਲੱਗਿਆ ਹੈ। ਅੱਜ ਨਗਰ ਨਿਗਮ ਬਠਿੰਡਾ ਵਿੱਚ ਇਸ ਤਬਦੀਲੀ ਨੂੰ ਲੈਕੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਣ ਦਾ ਫੈਸਲਾ ਲਿਆ ਹੈ ਤਾਂ ਕਿਸਾਨ ਧਿਰਾਂ ਨੇ ਧਰਨੇ ’ਚ ਸ਼ਮੂਲੀਅਤ ਕਰਕੇ ਇਸ ਅੰਦੋਲਨ ਨੂੰ ਆਪਣੀ ਹਮਾਇਤ ਦੇ ਦਿੱਤੀ ਹੈ। ਸੰਘਰਸ਼ ਕਮੇਟੀ ਦੇ ਮੀਡੀਆ ਇੰਚਾਰਜ ਸੰਦੀਪ ਅਗਰਵਾਲ ਨੇ ਦੱਸਿਆ ਕਿ ਨਗਰ ਨਿਗਮ ਦੀ ਜਰਨਲ ਹਾਊਸ ਮੀਟਿੰਗ ’ਚ 30 ਕੌਂਸਲਰਾਂ ਨੇ ਇਕਸੁਰ ਹੋ ਕੇ ਬੱਸ ਸਟੈਂਡ ਨੂੰ ਮੌਜੂਦਾ ਥਾਂ ’ਤੇ ਹੀ ਰੱਖਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਦੇ ਆਗੂਆਂ ਅਤੇ ਵਿਦਿਆਰਥੀ ਜੱਥੇਬੰਦੀਆਂ ਦੇ ਕਾਰਕੁੰਨ ਵੀ ਧਰਨੇ ਦਾ ਸਮਰਥਨ ਕਰਨ ਆਏ।
ਮੰਚ ਸੰਚਾਲਕ ਹਰਵਿੰਦਰ ਸਿੰਘ ਹੈਪੀ ਨੇ ਧਰਨੇ ’ਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਪੱਕ ਪਿੰਡਾਂ ਚੋਂ ਆਏ ਹਮਾਦੲਤ ਪੱਤਰ ਵੀ ਪੜ੍ਹਕੇ ਸੁਣਾਏ। ਵਿਦਿਆਰਥੀ ਆਗੂ ਭਾਰਤੀ ਮਲਹੋਤਰਾ ਨੇ ਕਿਹਾ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਬੱਸ ਅੱਡਾ ਬਦਲਣ ਸਬੰਧੀ ਸੋਚ ਵੀ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਖਿਲਾਫ ਹਰ ਵਰਗ ਸੜਕਾਂ ਤੇ ਉੱਤਰਨ ਲਈ ਤਿਆਰ ਹੈ ਇਸ ਲਈ ਜੇ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਪਾਇਲ ਅਰੋੜਾ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਬਸ ਅੱਡਾ ਬਦਲਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਕੌਂਸਲਰ ਸੰਦੀਪ ਬਾਬੀ ਨੇ ਨਗਰ ਨਿਗਮ ਵਿਚ ਹੋਈ ਕਾਰਵਾਈ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਅਤੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਮ ਲੋਕਾਂ ’ਤੇ ਜ਼ੁਲਮ ਕਰਨ ਦੀ ਆਦਤ ਪੈ ਗਈ ਹੈ, ਜਿਸ ਨੂੰ ਹੁਣ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸੋਮਵਾਰ ਤੋਂ ਵੱਡੀ ਗਿਣਤੀ ਕਿਸਾਨ ਧਰਨੇ ’ਚ ਸ਼ਮੂਲੀਅਤ ਕਰਨਗੇ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜ਼ਿਲਾ ਪ੍ਰਧਾਨ ਪੁਰਸ਼ੋਤਮ ਮਹਾਰਾਜ ਨੇ ਕਿਹਾ ਕਿ ਸਰਕਾਰ ਆਪਣਾ ਤਾਨਾਸ਼ਾਹੀ ਰਵੱਈਆ ਛੱਡੇ ਅਤੇ ਲੋਕਾਂ ਦੀ ਸੁਣਵਾਈ ਕਰੇ। ਕ੍ਰਾਂਤੀਕਾਰੀ ਪੇਂਡੂ ਯੂਨੀਅਨ ਦੇ ਨੇਤਾ ਬਲਵਿੰਦਰ ਧੌਲਾ ਨੇ ਕਿਹਾ ਕਿ ਉਹ ਹਮੇਸ਼ਾ ਸੰਘਰਸ਼ ਕਮੇਟੀ ਦੇ ਨਾਲ ਹਨ ।।ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ ਮੌਜੂਦਾ ਬੱਸ ਅੱਡਾ ਮਲੋਟ ਰੋਡ ਤੇ ਸ਼ਿਫਟ ਕਰਨ ਦਾ ਫੈਸਲਾ ਕੀਤਾ ਹੈ ਜਿਸ ਦਾ ਵਿਰੋਧ ਹੋ ਰਿਹਾ ਹੈ।