ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਰੀਏਵਾਲਾ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਅਸ਼ੋਕ ਵਰਮਾ
ਬਠਿੰਡਾ, 28 ਸਤੰਬਰ 2026 : ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈ ਥਾਣਾ ਅਧੀਨ ਪੈਂਦੇ ਪਿੰਡ ਸਿਰੀਏਵਾਲਾ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਸਿਮਰਨਪ੍ਰੀਤ (21) ਸਿੰਘ ਆਪਣੇ ਦੋਸਤ ਮਨਪ੍ਰੀਤ ਸਿੰਘ ਦੇ ਨਾਲ ਆਪਣੇ ਪਿੰਡ ਸਿਰੀਏਵਾਲਾ ਵਿੱਚ ਮੌਜੂਦ ਸੀ। ਇਸ ਦੌਰਾਨ ਦੂਜੇ ਪੱਖ ਦੇ ਕਰੀਬ 10 ਨੌਜਵਾਨ ਉੱਥੇ ਪਹੁੰਚੇ। ਉਨ੍ਹਾਂ ਨੇ ਸਿਮਰਨਪ੍ਰੀਤ ਅਤੇ ਮਨਪ੍ਰੀਤ ’ਤੇ ਹਮਲਾ ਕਰ ਦਿੱਤਾ ।ਅਚਾਨਕ ਹੋਏ ਹਮਲੇ ਵਿੱਚ ਦੋਵੇਂ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਥਾਣਾ ਭਗਤਾ ਭਾਈਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ 10 ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਮੁਤਾਬਕ ਵਾਰਦਾਤ 27 ਸਤੰਬਰ ਦੀ ਦੇਰ ਸ਼ਾਮ ਨੂੰ ਹੋਈ ਹੈ ਜਿਸ ਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕਰਨ ਦੀ ਗੱਲ ਆਖੀ ਜਾ ਰਹੀ ਹੈ ।
ਇਸ ਮੌਕੇ ਗੰਭੀਰ ਜ਼ਖਮੀ ਹੋਏ ਦੋਵਾਂ ਨੌਜਵਾਨਾਂ ਨੂੰ ਆਂਢੀਆਂ ਗੁਆਂਢੀਆਂ ਨੇ ਦੋ ਹਸਪਤਾਲ ਪਹੁੰਚਾਇਆ ਅਤੇ ਸਿਮਰਨਪ੍ਰੀਤ ਦੀ ਹਾਲਤ ਗੰਭੀਰ ਹੋਣ ਕਾਰਨ ਉਸਦੀ ਮੌਤ ਹੋ ਗਈ। ਵਾਰਦਾਤ ਸਬੰਧੀ ਜਾਣਕਾਰੀ ਮਿਲਦਿਆਂ ਥਾਣਾ ਭਗਤਾ ਭਾਈ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਕਤਲ ਦਾ ਕਾਰਨ ਆਪਸੀ ਪੁਰਾਣੀ ਰੰਜਿਸ਼ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨਪ੍ਰੀਤ ਅਤੇ ਮਨਪ੍ਰੀਤ ਦਾ ਕੁਝ ਨੌਜਵਾਨਾਂ ਨਾਲ ਪਹਿਲਾਂ ਵੀ ਵਿਵਾਦ ਚੱਲ ਰਿਹਾ ਸੀ। ਹਾਲਾਂਕਿ ਵਿਵਾਦ ਦੀ ਸ਼ੁਰੂਆਤ ਕਿਸ ਗੱਲ ਤੋਂ ਹੋਈ ਸੀ ਅਤੇ ਪਹਿਲਾਂ ਹੋਏ ਝਗੜਿਆਂ ਵਿੱਚ ਕੌਣ-ਕੌਣ ਸ਼ਾਮਲ ਸੀ, ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੱਤਿਆ ਦੇ ਪਿੱਛੇ ਦੀ ਪੂਰੀ ਵਜ੍ਹਾ ਸਪਸ਼ਟ ਹੋ ਸਕੇਗੀ।
ਪੁਲਿਸ ਮੁਤਾਬਕ, ਮ੍ਰਿਤਕ ਸਿਮਰਨਪ੍ਰੀਤ ਸਿੰਘ ਪਿੰਡਾਂ ਵਿੱਚ ਮਜ਼ਦੂਰੀ ਕਰਦਾ ਸੀ। ਪਰਿਵਾਰ ਨੇ ਦੱਸਿਆ ਕਿ ਸਿਮਰਨਪ੍ਰੀਤ ਕੰਮ ਦੇ ਸਿਲਸਿਲੇ ਵਿੱਚ ਆਸ-ਪਾਸ ਦੇ ਇਲਾਕੇ ਵਿੱਚ ਆਉਂਦਾ-ਜਾਂਦਾ ਰਹਿੰਦਾ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦਾ ਪਹਿਲਾਂ ਵੀ ਦੂਜੀ ਧਿਰ ਦੇ ਨੌਜਵਾਨਾਂ ਨਾਲ ਵਿਵਾਦ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਵਿੱਚ ਰੱਖਵਾਇਆ ਹੈ। ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।ਥਾਣਾ ਭਗਤਾ ਭਾਈ ਦੇ ਇੰਚਾਰਜ ਇੰਸਪੈਕਟਰ ਪਰਵਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਦੇ ਬਿਆਨ ਦੇ ਆਧਾਰ ’ਤੇ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
- Download Babushahi App
-
-