ਬਠਿੰਡਾ: ਰਜਿੰਦਰਾ ਕਾਲਜ ਦੇ ਯੂਥ ਫੈਸਟੀਵਲ ਵਿੱਚ ਝਗੜੇ ਦੌਰਾਨ ਗੋਲੀਆਂ ਚੱਲੀਆਂ
ਅਸ਼ੋਕ ਵਰਮਾ
ਬਠਿੰਡਾ,14ਅਕਤੂਬਰ2025: ਬਠਿੰਡਾ ਦੇ ਰਾਜਿੰਦਰਾ ਕਾਲਜ ਵਿਖੇ ਚੱਲ ਰਹੇ ਯੂਥ ਫੈਸਟੀਵਲ ਦੌਰਾਨ ਦੋ ਗਰੁੱਪਾਂ ਵਿਚਕਾਰ ਹੋਏ ਝਗੜੇ ’ਚ ਗੋਲੀ ਚੱਲਣ ਕਾਰਨ ਦਹਿਸ਼ਤ ਵਾਲਾ ਮਹੌਲ ਬਣਿਆ ਹੋਇਆ ਹੈ। ਹਾਲਾਂਕਿ ਪੁਲਿਸ ਨੇ ਮੌਕੇ ਤੇ ਪੁੱਜਕੇ ਸਥਿਤੀ ਸੰਭਾਲ ਲਈ ਹੈ ਪਰ ਵਿਦਿਆਰਥੀ ਆਗੂਆਂ ਨੇ ਕਾਲਜ ਪ੍ਰਬੰਧਕਾਂ ਤੇ ਸਵਾਲ ਚੁੱਕ ਦਿੱਤੇ ਹਨ। ਥਾਣਾ ਕੋਤਵਾਲੀ ਪੁਲਿਸ ਨੇ ਮੁਲਜਮ ਦੀ ਪਛਾਣ ਜਸਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਬੀੜ ਬਹਿਮਣ ਵਜੋਂ ਕੀਤੀ ਹੈ। ਬਠਿੰਡਾ ਪੁਲਿਸ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਬਿਆਨ ਕਲਮਬੰਦ ਕਰਕੇ ਥਾਣਾ ਕੋਤਵਾਲੀ ਪੁਲਿਸ ਹੁਣ ਮੁਕੱਦਮਾ ਦਰਜ ਕਰਨ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇੱਕ ਨੌਜਵਾਨ ਨੇ ਦੂਸਰੇ ਤੇ ਗੋਲੀਆਂ ਚਲਾਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਬਣਦੀ ਸਖਤ ਕਾਰਵਾਈ ਕੀਤੀ ਜਾਏਗੀ। ਸੂਤਰਾਂ ਅਨੁਸਾਰ ਘਟਨਾ ਦੌਰਾਨ ਦੋ ਫਾਇਰ ਹੋਏ ਸਨ, ਜਿਸ ਨਾਲ ਸਮਾਰੋਹ ਵਿੱਚ ਭਗਦੜ ਦੀ ਸਥਿਤੀ ਬਣ ਗਈ।
ਜਾਣਕਾਰੀ ਅਨੁਸਾਰ ਪੁਲਿਸ ਨੇ ਪੁੱਛਗਿਛ ਲਈ ਕੁੱਝ ਨੌਜੁਆਨਾਂ ਨੂੰ ਹਿਰਾਸਤ ’ਚ ਲਿਆ ਹੈ ਪਰ ਫਿਲਹਾਲ ਕੋਈ ਇਸ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੋਇਆ ਹੈ। ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਮਾਮਲਾ ਆਪਸੀ ਰੰਜਿਸ਼ ਦਾ ਜਾਪਦਾ ਹੈ। ਉਂਜ ਪੁਲੀਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਹਥਿਆਰ ਕਾਲਜ ਅੰਦਰ ਕਿਵੇਂ ਲਿਆਂਦੇ ਗਏ ਅਤੇ ਘਟਨਾ ਦੇ ਪਿੱਛੇ ਕੀ ਕਾਰਨ ਸਨ। ਵੱਡੀ ਗੱਲ ਹੈ ਕਿ ਗੋਲੀਬਾਰੀ ਦੀ ਇਸ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਨੇ ਕਾਲਜ ਪ੍ਰਬੰਧਕੀ ਅਤੇ ਪ੍ਰਿੰਸੀਪਲ ਜੋਤਿਸਨਾ ’ਤੇ ਸਵਾਲ ਚੁੱਕਦੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਸ ਖੇਤਰੀ ਮੇਲੇ ਲਈ ਪੂਰੇ ਪੰਜਾਬ ਦੇ ਕਾਲਜਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਜੋਕਿ ਗਲਤ ਫੈਸਲਾ ਸੀ। ਉਨ੍ਹਾਂ ਕਿਹਾ ਕਿ ਕਾਲਜ ਪ੍ਰਬੰਧਕਾਂ ਨੂੰ ਪਹਿਲਾਂ ਤੋਂ ਪੂਰੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਸਨ।