ਪੰਜਾਬ ਦੇ ਪ੍ਰਸਿੱਧ ਲੇਖਕ ਦਾ ਹਰਿਆਣਾ ਕਰੇਗਾ ਸਨਮਾਨ, ਪੜ੍ਹੋ ਵੇਰਵਾ
ਪ੍ਰਸਿੱਧ ਇਤਿਹਾਸਕਾਰ ਹਰਭਜਨ ਸਿੰਘ ਸੇਲਬਰਾਹ ਦਾ ਸਨਮਾਨ ਸਮਾਰੋਹ 17 ਸਤੰਬਰ ਨੂੰ
Babushahi Network
ਚੰਡੀਗੜ੍ਹ, 16 ਸਤੰਬਰ 2026- ਪਿੰਡ ਸੇਲਬਰਾਹ ਦੇ ਜੰਮਪਲ ਅਤੇ ਰਾਮਪੁਰਾ ਫੂਲ ਵਿਖੇ ਰਹਿ ਰਹੇ ਪ੍ਰਸਿੱਧ ਇਤਿਹਾਸਕਾਰ ਹਰਭਜਨ ਸਿੰਘ ਸੇਲਬਰਾਹ ਨੂੰ ਹਰਿਆਣਾ ਸਰਕਾਰ ਦੇ ‘ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ’ ਜੋ ਕਿ ਹਰਿਆਣਾ ਸਰਕਾਰ ਦੁਆਰਾ ਸਥਾਪਿਤ ਇੱਕ ਖੁਦ ਮੁਖਤਿਆਰ ਸੰਸਥਾ ਹੈ, ਵੱਲੋਂ ਹਰਭਜਨ ਸਿੰਘ ਸੇਲਬਰਾਹ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੀਆਂ ਸਾਰੀਆਂ ਲਿਖਤਾਂ ਉੱਤੇ ਇਕ ਰਾਜ ਪੱਧਰੀ ਸਨਮਾਨ ਸਮਾਰੋਹ ਮਿਤੀ 17.09. 2026 ਦਿਨ ਵੀਰਵਾਰ ਨੂੰ ਪੰਚਕੂਲਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸਾਹਿਤ ਜਗਤ ਦੀਆਂ ਮਹਾਨ ਸ਼ਖਸੀਅਤਾਂ ਆਪਣੇ ਵਿਚਾਰ ਰੱਖਣੀਆਂ। ਵਿਦਵਾਨ ਡਾਕਟਰ ਜਸਵੰਤ ਸਿੰਘ ਅਤੇ ਡਾਕਟਰ ਜਗਪਾਲ ਸਿੰਘ ਉਨ੍ਹਾਂ ਉੱਤੇ ਪਰਚੇ ਪੜ੍ਹਨਗੇ। ਜਿਸ ਵਿਚ ਉਨ੍ਹਾਂ ਦੀ ਇਤਿਹਾਸਕਾਰੀ ਨੂੰ ਖਾਸ ਤੌਰ ਤੇ ਮਾਲਵਾ ਅਤੇ ਪੁਆਧ ਦੇ ਖੇਤਰਾਂ ਦੇ ਸੰਦਰਭ ਵਿੱਚ ਰੱਖ ਕੇ ਉਨ੍ਹਾਂ ਦੇ ਪਾਏ ਯੋਗਦਾਨ ਤੇ ਚਰਚਾ ਕੀਤੀ ਜਾਵੇਗੀ।
ਉਨ੍ਹਾਂ ਨੂੰ ਇਸ ਤਰ੍ਹਾਂ ਦਾ ਰਾਜ ਪੱਧਰੀ ਸਨਮਾਨ ਮਿਲਣਾ ਇਲਾਕਾ ਨਿਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। 14 ਦਸੰਬਰ 1952 ਨੂੰ ਪਿਤਾ ਸਰਦਾਰ ਮਲਕੀਤ ਸਿੰਘ ਅਤੇ ਮਾਤਾ ਸ਼੍ਰੀਮਤੀ ਕਰਤਾਰ ਕੌਰ ਦੇ ਘਰ ਜਨਮੇ ਸਰਦਾਰ ਹਰਭਜਨ ਸਿੰਘ ਆਪਣੇ ਤਿੰਨ ਭੈਣਾਂ ਅਤੇ ਤਿੰਨ ਭਰਾਵਾਂ ਵਿੱਚੋਂ ਦੂਜੇ ਨੰਬਰ ਤੇ ਸਨ। ਦਸਵੀਂ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਪਿੰਡ ਸੇਲਬਰਾਹ ਦੇ ਹਾਈ ਸਕੂਲ ਤੋਂ ਹੀ ਕੀਤੀ। ਫਿਰ 1969 ਤੋਂ ਲੈ ਕੇ 1973 ਤੱਕ 4 ਸਾਲ ਟੀ. ਪੀ. ਡੀ. ਮਾਲਵਾ ਕਾਲਜ ਰਾਮਪੁਰਾ ਫੂਲ ਵਿੱਚੋਂ ਬੀਏ ਕੀਤੀ। ਉਸ ਸਮੇਂ ਹੀ ਉਹ ਸਾਹਿਤਕ ਸਰਗਰਮੀਆਂ ਵਿੱਚ ਸਰਗਰਮ ਰਹੇ।
ਖ਼ਾਸ ਤੌਰ ਤੇ ਕਾਲਜ ਦੀ ਜ਼ਿੰਦਗੀ ਸਮੇਂ ਉਨ੍ਹਾਂ ਦੀਆਂ ਕਾਵਿ ਰਚਨਾਵਾਂ ਅਤੇ ਕਹਾਣੀਆਂ ਅਕਸਰ ਉਨ੍ਹਾਂ ਸਮਿਆਂ ਦੇ ਰਸਾਲਿਆਂ ਨਾਗਮਣੀ, ਪ੍ਰੀਤਲੜੀ ਆਦਿ ਵਿੱਚ ਛਪਦੀਆਂ ਰਹਿੰਦੀਆਂ ਸਨ। ਉਪਰੰਤ ਉਹ ਬੀ. ਐਡ. ਕਰਨ ਲਈ ਸਰਕਾਰੀ ਬੀ. ਐਡ. ਕਾਲਜ ਫਰੀਦਕੋਟ ਵਿੱਚ ਦਾਖਲ ਹੋ ਗਏ। 1975 ਤੋਂ 1978 ਤੱਕ ਬਿਜਲੀ ਬੋਰਡ ਵਿੱਚ ਉੱਚ ਦਰਜਾ ਕਲਰਕ ਦੀ ਸੇਵਾ ਨਿਭਾਈ। 1978 ਵਿੱਚ ਪੱਕੇ ਤੌਰ ਤੇ ਸਮਾਜਿਕ ਸਿੱਖਿਆ ਅਧਿਆਪਕ ਬਣ ਗਏ ਅਤੇ ਵੱਖ-ਵੱਖ ਸਕੂਲਾਂ ਦੇ ਵਿੱਚ ਲਗਭਗ 32 ਸਾਲ 6 ਮਹੀਨੇ ਅਧਿਆਪਨ ਦਾ ਕਾਰਜ ਕੀਤਾ।
ਭਾਵੇਂ ਕਾਲਜ ਸਮੇਂ ਕੁੱਝ ਕਾਵਿ ਰਚਨਾਵਾਂ ਅਤੇ ਕਹਾਣੀਆਂ ਲਿਖਦੇ ਰਹੇ ਪਰ ਇਤਿਹਾਸਕਾਰ ਦਾ ਬਕਾਇਦਾ ਤੌਰ ਤੇ ਸਫ਼ਰ ਉਨ੍ਹਾਂ ਨੇ 2006 ਤੋਂ ਸ਼ੁਰੂ ਕੀਤਾ। 2010 ਵਿੱਚ ਉਨ੍ਹਾਂ ਨੇ ਮਾਲਵਾ ਇਲਾਕੇ ਦੇ ਪ੍ਰਸਿੱਧ ਇਤਿਹਾਸਕਾਰ ਸਵਰਗੀ ਸਰਦਾਰ ਜਗਜੀਤ ਸਿੰਘ ਜੀ ਗੁਰਨੇ ਕਲਾਂ ਨੂੰ ਗੁਰੂ ਧਾਰਨ ਕੀਤਾ ਅਤੇ ਬਕਾਇਦਾ ਤੌਰ ਤੇ ਇਤਿਹਾਸ ਲਿਖਣ ਦੇ ਚਾਰ ਪੰਜ ਸਾਲ ਲਾ ਕੇ ਗੁਣ ਗ੍ਰਹਿਣ ਕੀਤੇ। 2014 ਤੋਂ ਉਹ ਪੰਜਾਬੀ ਦੇ ਵੱਖ-ਵੱਖ ਅਖਬਾਰਾਂ ਜਿਵੇਂ ਪੰਜਾਬੀ ਟ੍ਰਿਬਿਊਨ, ਰੋਜ਼ਾਨਾ ਸਪੋਕਸਮੈਨ,ਅਜੀਤ ਵਿੱਚ ਲਗਾਤਾਰ ਛਪਦੇ ਰਹੇ। 2020 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀਆਂ ਨੌ ਇਤਿਹਾਸਿਕ ਪੁਸਤਕਾਂ, ਜੈਤੋ ਮੋਰਚੇ ਦੇ ਬਾਨੀ ਗਿਆਨੀ ਇੰਦਰ ਸਿੰਘ ਮੌੜ,ਪਿੰਡ ਸੇਲਬਰਾਹ ਦੀ ਇਤਿਹਾਸ ਗਾਥਾ, ਭੱਟੀ ਭਾਈਚਾਰਾ (ਭੱਟੀਆਂ ਦਾ ਇਤਿਹਾਸ), ਜੀਵਨ ਗਾਥਾ ਬਾਬਾ ਮੂਲ (ਭਾਈ ਮੂਲ ਚੰਦ ਜੀ), 19ਵੀਂ ਸਦੀ ਦਾ ਮਹਾਨ ਅਣਗੌਲਿਆ ਇਤਿਹਾਸਕਾਰ ਭਾਈ ਪੰਜਾਬ ਸਿੰਘ ਬਹਿਲੋਕਾ ,ਜੀਵਨ ਗਾਥਾ ਬਾਬਾ ਕਾਲੂ ਨਾਥ ਜੀ, ਸਿੱਧੂਆਂ ਦਾ ਵਡੇਰਾ ਸਿੱਧ ਤਿਲਕਰਾ ਜੀ ਅਤੇ ਹੋਰ ਲੇਖ, ਜ਼ਿਲਾ ਬਠਿੰਡਾ ਦੇ ਪਿੰਡਾਂ ਦਾ ਇਤਿਹਾਸ, ਅਜੇ ਸਵੇਰਾ ਦੂਰ ਹੈ (ਨਾਵਲ) ਸੰਪਾਦਕੀ ਛਪ ਚੁੱਕੀਆਂ ਹਨ।
ਜਿੰਨ੍ਹਾਂ ਬਾਰੇ ਵੱਖ ਵੱਖ ਅਖਬਾਰਾਂ ਵਿੱਚ ਰੀਵਿਊ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਉਨ੍ਹਾਂ ਉੱਤੇ ਸਥਾਨਕ ਪੱਧਰ ਤੇ ਗੋਸ਼ਟੀਆਂ ਵੀ ਹੋ ਚੁੱਕੀਆਂ ਹਨ। ਇਸ ਤਰ੍ਹਾਂ ਪੰਜਾਬ ਦੇ ਮਾਲਵੇ ਖੇਤਰਾਂ ਦੀ ਸਥਾਨਕ ਇਤਿਹਾਸਕਾਰੀ ਵਿੱਚ ਹਰਭਜਨ ਸਿੰਘ ਸੇਲਬਰਾਹ ਦਾ ਨਾਮ ਬਹੁਤ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਮਾਲਵੇ ਦੀ ਪੱਛਮੀ ਧੁੰਨੀ ਮੰਨੇ ਜਾਂਦੇ ਬਠਿੰਡਾ ਜ਼ਿਲੇ ਦੇ ਪਿੰਡਾਂ, ਵੰਸ਼ਾਂ, ਮਹਾਨ ਸ਼ਖਸੀਅਤਾਂ, ਇਤਿਹਾਸਿਕ ਘਟਨਾਵਾਂ ਨੂੰ ਦਸਤਾਵੇਜੀ ਰੂਪ ਦੇਣ ਲਈ ਲੰਮਾ ਸਮਾਂ ਅਕਾਦਮਿਕ ਖੋਜ ਕਾਰਜ ਕੀਤਾ ਹੈ। ਉਨ੍ਹਾਂ ਦੀ ਇਤਿਹਾਸਕਾਰੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਨ੍ਹਾਂ ਦੀ ਵਿਗਿਆਨਿਕ ਅਤੇ ਬਹੁਪੱਖੀ ਖੋਜ ਵਿਧੀ ਹੈ। ਉਹ ਕਿਸੇ ਵੀ ਤੱਥ ਨੂੰ ਬਿਨ੍ਹਾਂ ਪਰਖੇ ਨਹੀਂ ਲਿਖਦੇ ਸਗੋਂ ਬਹੁਮੁੱਲੇ ਸਰੋਤਾਂ ਨੂੰ ਆਧਾਰ ਬਣਾਉਂਦੇ ਹਨ।
ਕਮਿਊਨਿਸ਼ਟ ਵਿਚਾਰਧਾਰਾ ਦੇ ਧਾਰਨੀ ਹੋਣ ਕਰਕੇ ਉਹ ਹਰ ਗੱਲ ਨੂੰ ਤਰਕ ਦੇ ਅਧਾਰ ਤੇ ਪੂਰੀ ਕਸਵੱਟੀ ਲਾ ਕੇ ਪਰਖਦੇ ਹਨ ਅਤੇ ਫਿਰ ਹੀ ਉਸ ਬਾਰੇ ਲਿਖਦੇ ਹਨ। ਰਵਾਇਤੀ ਇਤਿਹਾਸਕਾਰੀ ਵੱਲੋਂ ਹਟ ਕੇ ਉਹ ਕਿਰਤੀਆਂ, ਮੁਜ਼ਾਰਿਆਂ ,ਔਰਤਾਂ ਦੇ ਸੰਘਰਸ਼ਾਂ ਨੂੰ ਆਪਣੇ ਇਤਿਹਾਸ ਦਾ ਹਿੱਸਾ ਬਣਾਉਂਦੇ ਹਨ। ਉਹ ਖੋਜ ਕਰਦੇ ਸਮੇਂ ਬਜ਼ੁਰਗਾਂ ਦੇ ਸੀਨੇ ਵਿੱਚ ਦੱਬੀਆਂ ਯਾਦਾਂ ਅਤੇ ਮੌਖਿਕ ਰਵਾਇਤਾਂ ਨੂੰ ਵੀ ਇਤਿਹਾਸ ਦਾ ਸਾਧਨ ਬਣਾਉਂਦੇ ਹਨ। ਇਸ ਤਰ੍ਹਾਂ ਉਹ ਲੋਕਾਂ ਦੀਆਂ ਭਾਵਨਾਵਾਂ ਅਤੇ ਜੀਵਨ ਜਾਂਚ ਦੀ ਸਹੀ ਪੇਸ਼ਕਾਰੀ ਕਰਦੇ ਹਨ। ਉਹ ਇਸ ਇਤਿਹਾਸਕਾਰੀ ਰਾਹੀਂ ਲੋਕਾਂ ਦੇ ਦੁੱਖਾਂ ਸੁੱਖਾਂ, ਰੀਤੀ ਰਿਵਾਜਾਂ, ਮਾਨਸਿਕ ਅਤੇ ਜੀਵਨ ਜਿਉਣ ਦੇ ਢੰਗਾਂ ਦੀ ਅਸਲੀ ਤਸਵੀਰ ਵੀ ਪੇਸ਼ ਕਰਦੇ ਹਨ।
ਜਿਸ ਵਿੱਚ ਖ਼ਾਸ ਤੌਰ ਤੇ ਉਹ ਪਿੰਡਾਂ ਦੇ ਬਜ਼ੁਰਗਾਂ ਨਾਲ ਮੁਲਾਕਾਤਾਂ, ਦੰਦ ਕਥਾਵਾਂ, ਸਥਾਨਕ ਰਵਾਇਤਾਂ ਨੂੰ ਆਧਾਰ ਬਣਾਉਂਦੇ ਹਨ। ਉਹ ਇਸ ਗੱਲ ਦੇ ਧਾਰਨੀ ਹਨ ਕਿ ਇਤਿਹਾਸਕਾਰ ਅਤੀਤ ਨੂੰ ਸਮਝਣ ਲਈ ਸਿਰਫ਼ ਬੰਦ ਕਮਰੇ ਦੇ ਦਸਤਾਵੇਜ਼ਾਂ ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਸਗੋਂ ਅਤੀਤ ਅਤੇ ਵਰਤਮਾਨ ਦੇ ਉਸ ਵਿਆਪਕ ਸੰਵਾਦ ਨੂੰ ਸਮਝਣਾ ਚਾਹੀਦਾ ਹੈ ਜੋ ਸਮਾਜ ਦੇ ਹਰ ਤਬਕੇ ਨੂੰ ਛੂੰਹਦਾ ਹੋਵੇ। ਇਸ ਤਰ੍ਹਾਂ ਇਨ੍ਹਾਂ ਹੀ ਲੱਛਣਾਂ ਅਤੇ ਤੱਥਾਂ ਨਾਲ ਉਹ ਜੁਗਤਕਾਰੀ ਕਰਕੇ ਇਤਿਹਾਸ ਦੀ ਸਿਰਜਣਾ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਇਤਿਹਾਸਕਾਰੀ ਨੂੰ ਦੋ ਮੁੱਖ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ ਪਹਿਲਾ ਇਤਿਹਾਸਿਕ ਰਚਨਾਵਾਂ ਅਤੇ ਦੂਜਾ ਗਲਪ ਰਚਨਾ।
ਇਸ ਤਰ੍ਹਾਂ ਉਹ ਇਤਿਹਾਸਕਾਰੀ ਨੂੰ ਇੱਕ ਗਲਪ ਰਚਨਾ ਵਾਂਗ ਲਿਖ ਦਿੰਦੇ ਹਨ ਜੋ ਕਿ ਉਨ੍ਹਾਂ ਦੀ ਇਤਿਹਾਸਕਾਰੀ ਨੂੰ ਰੌਚਕ ਵੀ ਬਣਾਉਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦੀ ਇਤਿਹਾਸਕਾਰੀ ਖੋਜਾਰਥੀਆਂ ਦੇ ਲਈ ਹਵਾਲਾ ਸਰੋਤ ਵਜੋਂ ਬਹੁਤ ਲਾਭਦਾਇਕ ਹੁੰਦੀ ਹੈ। ਇਸ ਤਰ੍ਹਾਂ ਇਹ ਉਨ੍ਹਾਂ ਦਾ ਅਨੋਖਾ ਅਤੇ ਵਿਲੱਖਣ ਇਤਿਹਾਸ ਲਿਖਣ ਦਾ ਢੰਗ ਹੈ। ਜਿਸ ਵਿੱਚ ਉਹਨਾਂ ਨੂੰ ਮਾਈਕਰੋ ਲੇਬਲ (micro label) ਜਾਣੀ ਪਿੰਡ ਪੱਧਰ ਅਤੇ ਵੰਸਾਵਲੀ ਇਤਿਹਾਸਕਾਰੀ ਆਦਿ ਦਾ ਵਰਣਨ ਹੁੰਦਾ ਹੈ। ਆਮ ਤੌਰ ਤੇ ਇਤਿਹਾਸਕਾਰ ਵੱਡੀਆਂ ਰਾਜਨੀਤਿਕ ਘਟਨਾਵਾਂ ਜਾਂ ਰਾਜਿਆਂ ਮਹਾਰਾਜਿਆਂ ਦੇ ਇਤਿਹਾਸ ਤੱਕ ਸੀਮਤ ਰਹਿੰਦੇ ਹਨ ਪਰ ਸੇਲਬਰਾਹ ਜੀ ਨੇ ਆਮ ਲੋਕਾਂ, ਪਿੰਡਾਂ ਦੇ ਮੋਢੀਆਂ, ਮਾਲ ਰਿਕਾਰਡਾਂ ਅਤੇ ਮੌਖਿਕ ਰਵਾਇਤਾਂ ਨੂੰ ਸੁਰੱਖਿਅਤ ਕਰਕੇ ਪੰਜਾਬੀ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ।
ਉਨ੍ਹਾਂ ਦੀ ਜੀਵਨ ਅਤੇ ਸਾਹਿਤ ਘਾਲਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਕੋਈ ਵਿਅਕਤੀ ਆਪਣੀ ਮਿੱਟੀ ਅਤੇ ਵਡੇਰਿਆਂ ਨਾਲ ਸੱਚੀ ਮੁਹੱਬਤ ਰੱਖਦਿਆਂ ਆਕਰਮਿਕ ਅਨੁਸ਼ਾਸਨ ਨਾਲ ਖੋਜ ਕਰਦਾ ਹੈ ਤਾਂ ਉਹ ਆਉਣ ਵਾਲੀਆਂ ਪੀੜੀਆਂ ਲਈ ਅਜਿਹੇ ਅਮੁੱਲ ਦਸਤਾਵੇਜ਼ ਛੱਡ ਜਾਂਦਾ ਹੈ ਜੋ ਸਦੀਆਂ ਤੱਕ ਰਾਹ ਦਸੇਰਾ ਬਣਦੇ ਰਹਿੰਦੇ ਹਨ ਮਾਲਵਾ ਖੇਤਰ ਅਤੇ ਵਿਸ਼ੇਸ਼ ਕਰਕੇ ਬਠਿੰਡਾ ਜ਼ਿਲੇ ਦੇ ਪਿੰਡਾਂ ਦਾ ਇਤਿਹਾਸ ਉਨ੍ਹਾਂ ਦੀ ਦੇਣ ਕਾਰਨ ਹੀ ਅੱਜ ਮੁਢਲੇ ਲਿਖਤੀ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਹੈ। ਇਤਿਹਾਸ ਲੇਖਣ ਇੱਕ ਗੁੰਝਲਦਾਰ ਅਤੇ ਔਖਾ ਕਾਰਜ ਹੈ। ਇਸ ਕਾਰਜ ਨੂੰ ਸਫ਼ਲ ਬਣਾਉਣ ਲਈ ਤੱਥਾਂ ਦੀ ਚੋਣ ਕਰਨਾ, ਕਾਰਣਾਂ ਦੀ ਖੋਜ ਪੜਤਾਲ, ਸਮਾਜਕ ਸੰਦਰਭ ਦੀ ਪਹੁੰਚ ਅਪਣਾਉਣੀ ਅਤੇ ਵਰਤਮਾਨ ਪ੍ਰਸਥਿਤੀਆਂ ਇਤਿਹਾਸਕਾਰ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਲਈ ਉਨ੍ਹਾਂ ਦੀ ਇਤਿਹਾਸ ਲੇਖਣ ਪ੍ਰਕਿਰਿਆ ਵਿੱਚ ਹਮੇਸ਼ਾ ਨਵੇਂ ਤੱਥਾਂ ਦੀ ਤਲਾਸ਼ ਵਿੱਚ ਰਹਿੰਦੀ ਹੈ। ਇਸ ਤਰ੍ਹਾਂ ਇਸ ਇਲਾਕੇ ਦੀ ਇਤਿਹਾਸਕਾਰੀ ਵਿੱਚ ਹਰਭਜਨ ਸਿੰਘ ਸੇਲਬਰਾਹ ਨੇ ਅਦੁੱਤੀ ਮਿਸਾਲ ਪੇਸ਼ ਕੀਤੀ ਹੈ ਜਿਸ ਨਾਲ ਇਸ ਇਲਾਕੇ ਵਿੱਚ ਤਕਰੀਬਨ ਹਰ ਪਿੰਡ ਦਾ ਇਤਿਹਾਸ ਖੋਜਣ ਦਾ ਕਾਰਜ ਲੱਗਭਗ ਸ਼ੁਰੂ ਹੋ ਗਿਆ ਹੈ ਜੋ ਕਿ ਸਾਡੇ ਲਈ ਬਹੁਤ ਹੀ ਵੱਡੀ ਅਤੇ ਮਾਣ ਵਾਲੀ ਗੱਲ ਹੈ। ਉਹ ਇਤਿਹਾਸ ਨੂੰ ਵੱਡੀਆਂ ਰਾਜਧਾਨੀਆਂ ਤੋਂ ਬਾਹਰ ਲਿਜਾ ਕੇ ਪਿੰਡਾਂ, ਦਰਿਆਵਾਂ, ਛੱਪੜਾਂ ,ਟਿੱਬਿਆਂ , ਪੁਰਾਣੇ ਰਾਹਾਂ ,ਲੋਕ ਗਾਥਾਵਾਂ ਅਤੇ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਯਾਦਾਂ ਤੱਕ ਲੈ ਜਾਂਦੇ ਹਨ। ਇਹੋ ਉਨ੍ਹਾਂ ਦੀ ਵਿਲੱਖਣਤਾ ਹੈ।
ਇਹੋ ਪਹੁੰਚ ਸਾਨੂੰ ਦੱਸਦੀ ਹੈ ਕਿ ਇਤਿਹਾਸ ਸਿਰਫ ਕਿਤਾਬਾਂ ਵਿੱਚ ਨਹੀਂ ਹੁੰਦਾ ਸਗੋਂ ਇਹ ਤਾਂ ਪਿੰਡਾਂ ਦੀ ਮਿੱਟੀ ਵਿੱਚ ਹੁੰਦਾ ਹੈ।ਉਹ ਦੱਸਦੇ ਹਨ ਕਿ ਇਤਿਹਾਸ ਦਰਿਆਵਾਂ ਦੇ ਕੰਢਿਆਂ ਤੇ ਨਹੀਂ ਹੁੰਦਾ। ਇਤਿਹਾਸ ਲੋਕਾਂ ਦੀ ਜ਼ੁਬਾਨ ਵਿੱਚ ਵੀ ਹੁੰਦਾ ਹੈ। ਇਤਿਹਾਸ ਪਿੰਡਾਂ ਦੀ ਯਾਦ ਵਿੱਚ ਜਿਉਂਦਾ ਰਹਿੰਦਾ ਹੈ। ਇਸ ਇਤਿਹਾਸਕਾਰੀ ਨਾਲ ਹੀ ਉਹ ਯਾਦ ਦਿਵਾਉਂਦੇ ਹਨ ਕਿ ਮਾਲਵਾ ਕੇਵਲ ਪੰਜਾਬ ਦਾ ਇੱਕ ਭੂਗੋਲਕ ਖੇਤਰ ਹੀ ਨਹੀਂ ਇਹ ਆਪਣੀ ਲੋਕ ਭਾਸ਼ਾ, ਖੇਤੀਬਾੜੀ, ਲੋਕ ਗੀਤਾਂ, ਰਸਮਾਂ ,ਮੇਲਿਆ, ਵਿਰਾਸਤੀ ਥਾਵਾਂ ਅਤੇ ਲੋਕ ਚੇਤਨਾ ਵਾਲਾ ਵਿਲੱਖਣ ਸੱਭਿਆਚਾਰਕ ਖੇਤਰ ਵੀ ਹੈ। ਉਹ ਸਾਨੂੰ ਯਾਦ ਦਿਵਾਉਂਦੇ ਹਨ ਕਿ ਜਦੋਂ ਅਸੀਂ ਆਪਣਾ ਇਤਿਹਾਸ ਗੁਆ ਬੈਠਦੇ ਹਾਂ ਤਾਂ ਹੌਲੀ ਹੌਲੀ ਆਪਣੀ ਪਛਾਣ ਵੀ ਗੁਆ ਬੈਠਦੇ ਹਾਂ।
ਇਸ ਪੱਖੋਂ ਹਰਭਜਨ ਸਿੰਘ ਸੇਲਬਰਾਹ ਦਾ ਯੋਗਦਾਨ ਸਾਨੂੰ ਕੇਂਦਰ ਤੋਂ ਹਾਸ਼ੀਏ ਵੱਲ ਅਤੇ ਹਾਸ਼ੀਏ ਤੋਂ ਮੁੜ ਕੇਂਦਰ ਵੱਲ ਦੇਖਣ ਦੀ ਦ੍ਰਿਸ਼ਟੀ ਦਿੰਦਾ ਹੈ। ਉਹ ਆਪਣੀ ਖੋਜ ਸਮੇਂ ਉਨ੍ਹਾਂ ਦੇ ਖੋਜ ਦੇ ਸਰੋਤਾਂ ਆਦਿ ਦਾ ਪੂਰਾ ਵਰਣਨ ਦਿੰਦੇ ਹਨ ਜਿਨ੍ਹਾਂ ਵਿੱਚ ਖਾਸ ਤੌਰ ਤੇ ਪਹਿਲਾਂ ਛਪੇ ਗ੍ਰੰਥਾਂ, ਸੈਂਸੀਆਂ, ਮਿਰਾਸੀਆਂ ਦੀਆਂ ਬਹੀਆਂ, ਪਾਂਡੇ ਬਹੀਆਂ, ਸ਼ਿਲਾਲੇਖ, ਪਿੰਡਾਂ ਵਿੱਚੋਂ ਮਿਲੀਆਂ ਹੱਥ ਲਿਖਤਾਂ, ਬਜ਼ੁਰਗਾਂ ਨਾਲ ਕੀਤੀਆਂ ਮੁਲਾਕਾਤਾਂ, ਦੰਦ ਕਥਾਵਾਂ ਆਦਿ ਦੇ ਆਧਾਰ ਤੇ ਹੀ ਇਹ ਸਾਰਾ ਕੁੱਝ ਵਰਣਨ ਕਰਦੇ ਹਨ। ਉਪਰੋਕਤ ਛਪੀਆਂ ਪੁਸਤਕਾਂ ਤੋਂ ਇਲਾਵਾ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਛਪਾਈ ਅਧੀਨ ਹਨ।
ਜਿਨ੍ਹਾਂ ਵਿੱਚ ਆਰਿਫ਼ ਬਰਕਤੇ ਪਿੰਡ ਸਿਧਾਣਾ, ਸਰਵੇ ਪੁਸਤਕ ਭਗਤਾ ਭਾਈਕਾ, ਆਯੁਰਵੈਦ ਕੋਸ਼ (ਮਦਨ ਬਿਨੋਦ ਨਿਰਘੁੰਟੁ) ਸਟੀਕ ਹਨ। ਕਈ ਅਗਲੇ ਪ੍ਰੋਜੈਕਟਾਂ ਜਿਵੇਂ ਕੌਲੋ ਦੇ ਨਾਮ ਤੇ ਵਸਿਆ ਪਿੰਡ ਕੌਲੋਕੇ, ਚਾਹਲ ਗੋਤ ਅਤੇ ਬਾਬਾ ਜੋਗੀ ਪੀਰ ਜੀ, ਧਾਲੀਵਾਲ ਗੋਤ ਦਾ ਇਤਿਹਾਸ, ਮੁਜ਼ਾਰਾ ਲਹਿਰ ਦਾ ਮਹਾਨ ਯੋਧਾ ਜਥੇਦਾਰ ਅਨੋਖ ਸਿੰਘ ਜਿਉਂਦ, ਰਾਜਗੀ ਤੋਂ ਜਲਾਵਤਨੀ ਤੱਕ (ਮਹਾਰਾਜਾ ਰਿਪੂਦਮਨ ਸਿੰਘ ਨਾਭਾ ਜੀ ਦੀ ਜ਼ਿੰਦਗੀ ਤੇ ਅਧਾਰਿਤ ਨਾਟਕ) ਆਦਿ ਹਨ। ਇਹ ਜਾਣਕਾਰੀ ਪੰਜਾਬੀ ਸਾਹਿਤ ਸਭਾ (ਰਜਿ:) ਰਾਮਪੁਰਾ ਫੂਲ (ਬਠਿੰਡਾ) ਦੇ ਸਰਪ੍ਰਸਤ ਕਾਮਰੇਡ ਨਛੱਤਰ ਸਿੰਘ ਫੂਲ ਵੱਲੋਂ ਦਿੱਤੀ ਗਈ।
- Download Babushahi App
-
-