ਪੰਜਾਬੀ ਯੂਨੀਵਰਸਿਟੀ ਵੱਲੋਂ ਤਰੁੱਟੀਆਂ ਯੁਕਤ ਮਹਾਨ ਕੋਸ਼ ਨੂੰ ਨਸ਼ਟ ਕਰਨ ਦੇ ਤਰੀਕੇ ਨੂੰ ਲੈਕੇ ਛਿੜਿਆ ਵਿਵਾਦ
-ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਲੱਗਿਆ ਸੀ ਦੱਬਣ, ਵਿਦਿਆਰਥੀਆਂ ਦੀ ਮੰਗ ਸੰਸਕਾਰ ਹੋਵੇ, ਧਰਨਾ ਜਾਰੀ
ਅੰਮ੍ਰਿਤਪਾਲ ਕੌਰ ਅਮਨ
ਪਟਿਆਲਾ, 28 ਅਗਸਤ, 2025: ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤਰੁੱਟੀਆਂ ਯੁਕਤ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਨਸ਼ਟ ਕਰਨ ਦੇ ਤਰੀਕੇ ਨੂੰ ਲੈਕੇ ਵਿਵਾਦ ਛਿੜ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਟੋਆ ਨੂੰ ਪੁੱਟ ਕੇ ਧਰਤੀ ਵਿੱਚ ਦੱਬਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਸੀ, ਜੋਕਿ ਮੌਕੇ ’ਤੇ ਵਿਦਿਆਰਥੀਆਂ ਵੱਲੋਂ ਰੋਸ ਪੂਰਵਕ ਰੁਕਵਾ ਦਿੱਤੀ ਗਈ। ਵਿਦਿਆਰਥੀਆਂ ਨੇ ਇਸ ਕਾਰਵਾਈ ਨੂੰ ‘ਬੇਅਦਬੀ’ ਕਰਾਰ ਦਿੰਦਿਆਂ ਮਹਾਨ ਕੋਸ਼ ਦੀਆਂ ਕਾਪੀਆਂ ਸਤਕਾਰ ਪੂਰਵਕ ਸੰਸਕਾਰ ਕੀਤੇ ਜਾਣ ਦੀ ਮੰਗ ਕਰਦਿਆਂ ਧਰਨਾ ਲਾ ਦਿੱਤਾ, ਜੋਕਿ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।
ਮੌਕੇ ‘ਤੇ ਮੋਜੂਦ ਵਿਦਿਆਰਥੀ ਆਗੂਆਂ ਯਾਦਵਿੰਦਰ ਸਿੰਘ ਯਾਦੂ, ਕੁਲਦੀਪ ਸਿੰਘ ਝਿੰਜਰ ਨੇ ਕਿਹਾ ਕਿ ਭਾਵੇਂ ਮਹਾਨ ਕੋਸ਼ ਵਿੱਚ ਤਰੁੱਟੀਆਂ ਸਨ, ਲੇਕਿਨ ਇਸ ਵਿੱਚ ਗੁਰਬਾਣੀ ਦੀਆਂ ਤੁੱਕਾ ਵੀ ਦਰਜ ਸਨ। ਇਸ ਲਈ ਇਨ੍ਹਾਂ ਕਾਪੀਆਂ ਦਾ ਸੰਸਕਾਰ ਕੀਤਾ ਜਾਣਾ ਬਣਦਾ ਸੀ। ਟੋਆ ਪੁੱਟ ਕੇ ਉਸ ਵਿੱਚ ਕਾਪੀਆਂ ਸੁੱਟ ਕੇ ਉੱਤੋਂ ਪਾਣੀ ਛੱਡਕੇ ਅਤੇ ਫਿਰ ਮਿੱਟੀ ਪਾਉਣ ਦੀ ਕਾਰਵਾਈ ਸਰਾਸਰ ਬੇਅਦਬੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਿੱਟੀ ਪਾਉਣੀ ਅਜੇ ਬਾਕੀ ਸੀ, ਜੋਕਿ ਵਿਦਿਆਰਥੀਆਂ ਵੱਲੋਂ ਰੋਸ ਪ੍ਰਗਟ ਕਰਨ ਕੀਤੇ ਜਾਣ ਕਾਰਨ ਅਮਲ ਵਿੱਚ ਨਹੀਂ ਆਈ।
ਦੱਸਣਯੋਗ ਹੈ ਕਿ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਹੋਈ ਮੀਟਿੰਗ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਤੁਰਟੀਆਂ ਯੁਕਤ ਮਹਾਨ ਕੋਸ਼ ਦੀਆਂ ਕਾਪੀਆਂ 15 ਦਿਨਾਂ ਅੰਦਰ ਨਸ਼ਟ ਕਰਨ ਦਾ ਭਰੋਸਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ 1930 ਵਿਚ ਪੰਜਾਬੀ ਦੇ ਲਗਪਗ 80 ਹਜ਼ਾਰ ਸ਼ਬਦਾਂ ਦੇ ਅਰਥਾਂ ਵਾਲਾ ਇਕ ਮਹਾਨ ਕੋਸ਼ ਤਿਆਰ ਕੀਤਾ, ਜਿਸ ਦੀ ਕੁਝ ਸਾਲ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੜ-ਛਪਾਈ ਕਰਵਾਈ ਸੀ। ਮੁੜ ਛਪਾਈ ਦੌਰਾਨ ਕਈ ਗ਼ਲਤੀਆਂ ਸਾਹਮਣੇ ਆਈਆਂ, ਜਿਸ ਨੂੰ ਲੈ ਕੇ ਪੰਜਾਬੀ ਭਾਸ਼ਾ ਦੇ ਵਿਦਵਾਨ ਸਮੇਂ-ਸਮੇਂ ’ਤੇ ਇਸ ਨੂੰ ਵਾਪਸ ਲੈਣ ਅਤੇ ਨਸ਼ਟ ਕਰਨ ਦਾ ਮੁੱਦਾ ਚੁੱਕਦੇ ਰਹੇ ਪਰ ਯੂਨੀਵਰਸਿਟੀ ਇਸ ਦੇ ਲਈ ਤਿਆਰ ਨਹੀਂ ਹੋਈ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਇਹ ਮਾਮਲਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਲ ਚੁੱਕਿਆ ਗਿਆ, ਜਿਸ ਵਿਚ ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖ਼ੁਸ਼ਹਾਲ ਸਿੰਘ, ਖ਼ਾਲਸਾ ਪੰਚਾਇਤ ਦੇ ਕਨਵੀਨਰ ਰਜਿੰਦਰ ਸਿੰਘ, ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟ੍ਰਾਰ ਡਾ. ਪਿਆਰਾ ਲਾਲ ਗਰਗ, ਸਿੱਖ ਮਿਸ਼ਨਰੀ ਕਾਲਜ ਦੇ ਪਰਮਜੀਤ ਸਿੰਘ ਤੇ ਸਿੱਖ ਸਕਾਲਰ ਅਮਰਜੀਤ ਸਿੰਘ ਧਵਨ ਸ਼ਾਮਲ ਸਨ। ਡਾ. ਧਵਨ ਨੇ ਹੀ ਸਭ ਤੋਂ ਪਹਿਲਾਂ ਇਹ ਮਾਮਲਾ ਉਜਾਗਰ ਕੀਤਾ ਸੀ ਅਤੇ ਰੀ-ਪ੍ਰਿੰਟਿੰਗ ਵਾਲੇ ਮਹਾਨ ਕੋਸ਼ ਨੂੰ ਵਾਪਸ ਲੈਣ ਦੀ ਮੰਗ ਚੁੱਕੀ ਸੀ। 6 ਅਗਸਤ 2025 ਨੂੰ ਵਫ਼ਦ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਅੱਜ ਆਖ਼ਰੀ ਵਾਰ ਉਨ੍ਹਾਂ ਕੋਲ ਆਏ ਹਨ। ਜੇਕਰ ਤੈਅ ਸਮੇਂ ਦੇ ਅੰਦਰ ਇਸ ਨੂੰ ਵਾਪਸ ਲੈ ਕੇ ਨਸ਼ਟ ਨਹੀਂ ਕੀਤਾ ਗਿਆ ਤਾਂ ਉਹ ਇਸ ਮਹਾਨ ਕੋਸ਼ ਦੇ ਮਾਮਲੇ ਨੂੰ ਆਮ ਜਨਤਾ ਵਿਚਾਲੇ ਲੈ ਕੇ ਜਾਣਗੇ। ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਵੀਸੀ ਡਾ. ਜਗਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਭਰੋਸਾ ਦਿੱਤਾ ਕਿ 15 ਦਿਨਾਂ ਦੇ ਅੰਦਰ ਇਸ ਨੂੰ ਵਾਪਸ ਲੈ ਕੇ ਨਸ਼ਟ ਕੀਤਾ ਜਾਵੇਗਾ। ਇਸੇ ਅਧਾਰ ’ਤੇ ਯੂਨੀਵਰਸਿਟੀ ਵਲੋਂ ਮਹਾਨ ਕੋਸ਼ ਨੂੰ ਨਸ਼ਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਹੁਣ ਵਿਦਿਆਰਥੀਆਂ ਨੇ ਨਸ਼ਟ ਕਰਨ ਦੇ ਤਰੀਕੇ ਨੂੰ ਲੈਕੇ ਸਖ਼ਤ ਇਤਰਾਜ਼ ਕੀਤਾ ਹੈ।