ਪ੍ਰਸ਼ਾਸਨ ਦੀ ਵਾਅਦਾ ਖਿਲਾਫੀ ਖਿਲਾਫ ਆਦਰਸ਼ ਸਕੂਲ ਚੌਕੇ ਦੇ ਅਧਿਆਪਕਾਂ ਵੱਲੋਂ ਧਰਨੇ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,6 ਜੁਲਾਈ2025: ਪਿਛਲੇ ਲੰਮੇ ਤੋ ਸੰਘਰਸ਼ ਕਰ ਰਹੇ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਨੇ ਬਠਿੰਡਾ ਪ੍ਰਸ਼ਾਸ਼ਨ ਵੱਲੋਂ ਕੀਤੀਆਂ ਵਾਅਦਾ ਖਿਲਾਫੀਆਂ ਖਿਲਾਫ 15 ਜੁਲਾਈ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਅੱਗੇ ਰੋਸ ਧਰਨਾ ਲਾਉਣ ਦਾ ਐਲਾਨ ਕੀਤਾ ਹੈ ਜਿਸ ਲਈ ਅੱਜ ਪਿੰਡ ਰਾਮਪੁਰਾ ਵਿਖੇ ਭਰਾਤਰੀ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਹਾਜ਼ਰ ਜੱਥੇਬੰਦੀਆਂ ਨੇ ਸਬਸੰਮਤੀ ਅਧਿਆਪਕਾਂ ਦੇ ਸੰਘਰਸ਼ ਨੂੰ ਭਰਾਤਰੀ ਮੋਢਾ ਦੇਣ ਦਾ ਫੈਸਲਾ ਕੀਤਾ ਅਧਿਆਪਕ ਬਲਵਿੰਦਰ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਤਹਿ ਹੋਈਆਂ ਸ਼ਰਤਾਂ ਤੋ ਭੱਜ ਰਿਹਾ ਹੈ । ਉਨ੍ਹਾਂ ਦੱਸਿਆ ਕਿ ਏ.ਡੀ.ਸੀ. ਸਮੇਤ ਬਠਿੰਡਾ ਪ੍ਰਸ਼ਾਸਨ ਦੀ ਜਥੇਬੰਦੀਆਂ ਨਾਲ ਮੀਟਿੰਗ ਵਿੱਚ ਸਹਿਮਤੀ ਬਣੀ ਸੀ ਕਿ ਸੰਦੀਪ ਸਿੰਘ ਤੇ ਨਵਨੀਤ ਸ਼ਰਮਾ ਦੀਆਂ ਸੇਵਾਵਾਂ ਵੀ ਤਕਨੀਕੀ ਅੜਿੱਕਿਆਂ ਨੂੰ ਦੂਰ ਕਰਨ ਤੋਂ ਬਾਅਦ ਜਲਦ ਬਹਾਲ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਧਿਕਾਰੀਆਂ ਨੇ ਕਿਸਾਨ ਆਗੂ ਬਿਨਾ ਸ਼ਰਤ ਰਿਹਾ ਕਰਨ , ਮੈਡਮ ਪਵਨਦੀਪ ਕੌਰ ਦੀ ਅਹੁਦੇ ਤੇ ਮੁੜ ਬਹਾਲੀ ਅਤੇ ਮੈਨਜਮੈਂਟ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਹੁਣ ਵਾਅਦਿਆਂ ਦੇ ਬਾਵਜੂਦ ਮਸਲਿਆਂ ਦੇ ਨਿਪਟਾਰੇ ਤੋਂ ਆਨਾਕਾਨੀ ਕਰ ਰਿਹਾ ਹੈ। ਉਨ੍ਹਾਂ ਦੂਜੀ ਮੀਟਿੰਗ ਦੌਰਾਨ ਸਾਬਕਾ ਪ੍ਰਿੰਸੀਪਲ ਵੱਲੋਂ ਛੇੜਛਾੜ ਦੀ ਸ਼ਿਕਾਰ ਹੋਈ ਪੀੜਤ ਮੈਡਮ ਤੇ ਇਲਜ਼ਾਮ ਲਾ ਕੇ ਅਫਸਰਾਂ ਵੱਲੋਂ ਜਲੀਲ ਕਰਨ ਨੂੰ ਅਤਿ ਨਿੰਦਣਯੋਗ ਕਰਾਰ ਦਿੱਤਾ । ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸ਼ਨ ਪੁਰਾਣੇ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨਦਾ ਸੰਘਰਸ਼ ਜਾਰੀ ਰੱਖਿਆ ਜਾਏਗਾ। ਅਧਿਆਪਕ ਆਗੂ ਨੇ ਦੱਸਿਆ ਕਿ ਇਸੇ ਕਰਕੇ ਬਠਿੰਡਾ ਪ੍ਰਸ਼ਾਸ਼ਨ ਦੇ ਰਵਈਏ ਨੂੰ ਦੇਖਦਿਆਂ 15 ਜੁਲਾਈ ਨੂੰ ਡੀ ਸੀ ਦਫ਼ਤਰ ਵਿਖੇ ਵੱਡਾ ਇਕੱਠ ਕਰਕੇ ਰੋਸ ਧਰਨੇ ਦਾ ਫੈਸਲਾ ਲਿਆ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਾਪੇ ਵੀ ਹਾਜ਼ਰ ਹੋਣਗੇ ।
ਇਸ ਮੌਕੇ ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹੇਮਰਾਜ ਸਿੰਘ ਟੀ ਐੱਸ ਯੂ ਭੰਗਲ, ਹਰਦੀਪ ਸਿੰਘ ਤੱਗੜ ਠੇਕਾ ਮੁਲਾਜ਼ਮ ਯੁਨੀਅਨ , ਜਗਦੀਸ ਸਿੰਘ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਦਾ ਧਨੇਰ ਗਰੁੱਪ ਅਤੇ ਡੀ ਟੀ ਐੱਫ ਦੇ ਬਰਜਿੰਦਰ ਸਿੰਘ ਹਾਜ਼ਰ ਸਨ ਜਦੋਂਕਿ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ, ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ, ਡੀ ਟੀ ਐਫ ਸੂਬਾ ਮੀਤ ਅਤੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ, ਬੀ ਕੇ ਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਸਿੰਘ ਮਹਿਰਾਜ, ਬੀ ਕੇ ਯੂ ਡਕੌਂਦਾ ਧਨੇਰ ਗਰੁੱਪ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਮਜਦੂਰ ਮੁਕਤੀ ਮੋਰਚਾ ਆਗੂ ਡੀਸੀ ਕੋਟੜਾ , ਡੀ ਟੀ ਐੱਫ ਆਗੂ ਨਵਚਰਨਪ੍ਰੀਤ ਕੌਰ ਅਤੇ ਰੇਸ਼ਮ ਸਿੰਘ ਆਦਿ ਨੇ ਭਰਵੀਂ ਸ਼ਮੂਲੀਅਤ ਦਾ ਭਰੋਸਾ ਦਿਵਾਇਆ ਹੈ। ਇਸ ਮੌਕੇ ਅਧਿਆਪਕ ਸੰਦੀਪ ਸਿੰਘ , ਬਲਜੀਤ ਸਿੰਘ , ਮਨਪ੍ਰੀਤ ਸਿੰਘ ਪਵਨਦੀਪ ਕੌਰ , ਕਮਲਪ੍ਰੀਤ ਕੌਰ ਅਤੇ ਕਰਮਜੀਤ ਕੌਰ, ਆਦਿ ਹਾਜ਼ਰ ਸਨ।