ਪਾਸਪੋਰਟ ਅੱਪਡੇਟ: ਅੰਗਰੇਜ਼ੀ ਉਪਰ, ਮਾਓਰੀ ਹੇਠਾਂ
2027 ਤੋਂ ਨਿਊਜ਼ੀਲੈਂਡ ਦੇ ਨਵੇਂ ਪਾਸਪੋਰਟ ਸਰਵਰਕਾਂ ਉਤੇ ਅੰਗਰੇਜ਼ੀ ਨੂੰ ਪਹਿਲ ਦੇਣ ਦੀ ਤਿਆਰੀ
-ਮਾਓਰੀ ਤੇ ਗ੍ਰੀਨ ਪਾਰਟੀ ਵਾਲੇ ਹੋ ਰਹੇ ਨੇ ਗੁੱਸੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 26 ਜੁਲਾਈ 2025- ਨਿਊਜ਼ੀਲੈਂਡ ਦੇ ਪਾਸਪੋਰਟ ਦਾ ਡਿਜ਼ਾਈਨ 2027 ਦੇ ਵਿਚ ਬਦਲਿਆ ਜਾ ਰਿਹਾ ਹੈ, ਜਿਸ ਵਿੱਚ ‘ਤੇ ਰੀਓ ਮਾਓਰੀ’ (te reo Maori) ਜਾਂ ਕਹਿ ਲਈਏ ਮਾਓਰੀ ਭਾਸ਼ਾ ਵਿਚ ਉਪਰ ਲਿਖਿਆ ਸ਼ਬਦ ‘ਨਿਊਜ਼ੀਲੈਂਡ ਪਾਸਪੋਰਟ’ ਨੂੰ ਖਿਸਕਾ ਕੇ ਅੰਗਰੇਜ਼ੀ ਭਾਸ਼ਾ ਵਿਚ ਲਿਖੇ ‘ਨਿਊਜ਼ੀਲੈਂਡ ਪਾਸਪੋਰਟ’ ਦੇ ਥੱਲੇ ਕੀਤਾ ਜਾ ਰਿਹਾ ਹੈ। ਇਹ ਨਵਾਂ ਡਿਜ਼ਾਈਨ 2027 ਦੇ ਅੰਤ ਤੱਕ ਲਾਗੂ ਹੋਣ ਦੀ ਉਮੀਦ ਹੈ, ਕਿਉਂਕਿ ਪਹਿਲਾਂ ਪੁਰਾਣੀਆਂ ਕਾਪੀਆਂ ਵਰਤੀਆਂ ਜਾਣੀਆਂ ਹਨ।
ਸਾਲ 2021 ਤੋਂ ਜਾਰੀ ਕੀਤੇ ਗਏ ਪਾਸਪੋਰਟਾਂ ’ਤੇ "”Uruwhenua Aotearoa" ਸ਼ਬਦ "New Zealand Passport" ਦੇ ਬਿਲਕੁਲ ਉੱਪਰ ਚਾਂਦੀ ਰੰਗੇ ਅੱਖਰਾਂ ਵਿੱਚ ਛਪ ਰਿਹਾ ਹੈ। ਹੁਣ ਅੰਦਰੂਨੀ ਮਾਮਲਿਆਂ ਦੀ ਮੰਤਰੀ ਬਰੂਕ ਵੈਨ ਵੇਲਡੇਨ ਨੇ ਪੁਸ਼ਟੀ ਕੀਤੀ ਹੈ ਕਿ ਭਵਿੱਖ ਵਿੱਚ ਇਹਨਾਂ ਸ਼ਬਦਾਂ ਦੀ ਸਥਿਤੀ ਬਦਲ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਗੱਠਜੋੜ ਸਰਕਾਰ ਦੀ ਅੰਗਰੇਜ਼ੀ ਨੂੰ ਪਹਿਲ ਦੇਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਕਿਉਂਕਿ ਇਹ ਨਿਊਜ਼ੀਲੈਂਡ ਦੇ ਲੋਕਾਂ ਦੁਆਰਾ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਡਿਜ਼ਾਈਨ ਬਦਲਾਅ ਇੱਕ ਨਿਰਧਾਰਤ ਸੁਰੱਖਿਆ ਅੱਪਗ੍ਰੇਡ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ, ਜਿਸ ਨਾਲ ਪਾਸਪੋਰਟ ਧਾਰਕਾਂ ’ਤੇ ਕੋਈ ਵਾਧੂ ਖਰਚਾ ਨਹੀਂ ਪਵੇਗਾ। ਐਕਟ ਪਾਰਟੀ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।
ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਦੀ ਸਹਿਮਤੀ: ਬੁੱਧਵਾਰ ਨੂੰ ਨਿਊਜ਼ੀਲੈਂਡ ਫਸਟ ਦੇ ਨੇਤਾ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਨੇ ਸੰਸਦ ਦੇ ਪ੍ਰਸ਼ਨ ਕਾਲ ਦੌਰਾਨ ਗ੍ਰੀਨ ਪਾਰਟੀ ਦੁਆਰਾ ‘ਓਤੀਆਰੋਆ ਨਿਊਜ਼ੀਲੈਂਡ’ ( Aotearoa New Zealand) ਸ਼ਬਦ ਦੀ ਵਰਤੋਂ ’ਤੇ ਵੀ ਇਤਰਾਜ਼ ਜਤਾਇਆ। ਪੀਟਰਸ ਨੇ ਕਿਹਾ ਕਿ ‘ਓਤੀਆਰੋਆ’ ਨਾਂਅ ਦਾ ਕੋਈ ਦੇਸ਼ ਮੌਜੂਦ ਨਹੀਂ ਹੈ। ਸੰਯੁਕਤ ਰਾਸ਼ਟਰ ਦੀ ਮੈਂਬਰਸ਼ਿਪ ਸਮੇਤ ਸਾਰੇ ਦਸਤਾਵੇਜ਼ਾਂ ਵਿੱਚ ਇਸ ਦੇਸ਼ ਦਾ ਨਾਮ ਨਿਊਜ਼ੀਲੈਂਡ ਹੈ। ਅਸੀਂ ਕਿਸੇ ਨੂੰ ਵੀ ਬਿਨਾਂ ਸਲਾਹ-ਮਸ਼ਵਰੇ ਦੇ, ਨਿਊਜ਼ੀਲੈਂਡ ਦੇ ਲੋਕਾਂ ਨਾਲ ਸਲਾਹ ਕੀਤੇ ਬਿਨਾਂ ਇਸ ਦੇਸ਼ ਦਾ ਨਾਮ ਬਦਲਣ ਨਹੀਂ ਦੇਵਾਂਗੇ।’’
ਪਾਸਪੋਰਟ ਬਦਲਾਅ ਉਤੇ ‘ਤੇ ਪਾਟੀ ਮਾਓਰੀ’ ਤੇ ‘ਗ੍ਰੀਨ ਪਾਰਟੀ’ ਨੇ ਪ੍ਰਗਟਾਇਆ ਗੁੱਸਾ, ਕਿਹਾ ਕਿ ‘ਮਾਓਰੀ’ ਭਾਸ਼ਾ ਨੂੰ ਹਾਸ਼ੀਏ ’ਤੇ ਧੱਕਣ’ ਦੀ ਕੋਸ਼ਿਸ਼
ਨਿਊਜ਼ੀਲੈਂਡ ਦੇ ਪਾਸਪੋਰਟ ਦੇ ਸਰਵਰਕ ਉਤੇ ਕੀਤੇ ਜਾ ਰਹੇ ਇਸ ਬਦਲਾਅ ਨੂੰ ਲੈ ਕੇ ‘ਤੇ ਪਾਟੀ ਮਾਓਰੀ’ ਅਤੇ ‘ਗ੍ਰੀਨ ਪਾਰਟੀ’ ਨੇ ਸਖ਼ਤ ਨਿੰਦਾ ਕੀਤੀ ਹੈ, ਇਸਨੂੰ ਰਾਸ਼ਟਰੀ ਪਛਾਣ ’ਤੇ ਪੋਚਾ ਪਾਰਨ ਅਤੇ ਮਾਓਰੀ ਪਛਾਣ ਨੂੰ ਹਾਸ਼ੀਏ ’ਤੇ ਧੱਕਣ ਦੀ ਕੋਸ਼ਿਸ਼ ਦੱਸਿਆ ਹੈ। ‘ਤੇ ਪਾਟੀ ਮਾਓਰੀ’ ਦੀ ਸਹਿ-ਨੇਤਾ ਨੇ ਕਿਹਾ ਕਿ ਇਹ ਬਦਲਾਅ ‘ਤੰਗਾਤਾ ਵੇਨੂਆ’ ਮਾਓਰੀ ਲੋਕਾਂ ਦੀ ਦ੍ਰਿਸ਼ਟੀਗੋਚਰਤਾ ਨੂੰ ਘਟਾਉਂਦਾ ਹੈ। ਉਹਨਾਂ ਨੇ ਕਿਹਾ ਪਾਸਪੋਰਟ ਸਿਰਫ਼ ਇੱਕ ਯਾਤਰਾ ਦਸਤਾਵੇਜ਼ ਨਹੀਂ ਹੈ, ਇਹ ਸਾਡੀ ਕੌਮ ਵਜੋਂ ਸਾਡੀ ਪਛਾਣ ਦਾ ਪ੍ਰਤੀਬਿੰਬ ਹੈ। ਇਸ ਕਦਮ ਨਾਲ ਸਵਦੇਸ਼ੀ ਅਧਿਕਾਰਾਂ ਨੂੰ ਮਾਨਤਾ ਦੇਣ ਵਿੱਚ ਇੱਕ ਪ੍ਰਮੁੱਖ ਰਾਸ਼ਟਰ ਵਜੋਂ ਓਤੀਆਰੋਆ (ਨਿਊਜ਼ੀਲੈਂਡ) ਦੀ ਪ੍ਰਤਿਸ਼ਠਾ ਕਮਜ਼ੋਰ ਹੋਵੇਗੀ। ਉਹਨਾਂ ਨੇ ਆਇਰਲੈਂਡ ਅਤੇ ਵੇਲਜ਼ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਆਪਣੀ ਭਾਸ਼ਾ ਨੂੰ ਬਹਾਲ ਕਰਨ ਵਿੱਚ ਬਹੁਤ ਸਮਾਂ ਲੱਗਾ ਸੀ। ਇਹ ਸ਼ਬਦਾਂ ਦਾ ਮੁੜ-ਕਰਮਬੱਧ ਕਰਨਾ ਨਹੀਂ ਹੈ, ਮੁੜ-ਫਾਰਮੈਟਿੰਗ ਜਾਣਬੁੱਝ ਕੇ ‘ਮਾਨਾ’ (mana- ਮਾਣ, ਅਧਿਕਾਰ) ਨੂੰ ਕਮਜ਼ੋਰ ਕਰਨ ਅਤੇ ਸਾਨੂੰ ‘ਤੰਗਾਤਾ ਵੇਨੂਆ’ ਨੂੰ ਪਾਸੇ ਕਰਨ ਲਈ ਕੀਤੀ ਗਈ ਹੈ।
‘ਸਕਾਰਾਤਮਕ ਦ੍ਰਿਸ਼ਟੀਕੋਣ’ ਨਹੀਂ - ਗ੍ਰੀਨ ਪਾਰਟੀ
ਗ੍ਰੀਨ ਪਾਰਟੀ ਦੇ ਸੰਸਦ ਮੈਂਬਰ ਬੈਂਜਾਮਿਨ ਡੋਇਲ ਨੇ ਕਿਹਾ ਕਿ ਇਹ ਕਦਮ ਉਹ ਨਹੀਂ ਹੈ ਜਿਸ ਦੀ ਨਿਊਜ਼ੀਲੈਂਡ ਵਾਸੀਆਂ ਨੂੰ ਸਰਕਾਰ ਤੋਂ ਲੋੜ ਹੈ। ਅਸੀਂ ਦਿਨੋਂ-ਦਿਨ ਦੇਖ ਰਹੇ ਹਾਂ ਕਿ ਘੱਟ ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਅਤੇ ਸਨਮਾਨ ਨੂੰ ਖੋਹਿਆ ਜਾ ਰਿਹਾ ਹੈ, ਜਦੋਂ ਕਿ ਉਹ ਨਿਊਜ਼ੀਲੈਂਡ ਦੇ ਬਹੁਗਿਣਤੀ ਲੋਕਾਂ ਨੂੰ ਸਰਕਾਰ ਦੇ ਮੌਜੂਦਾ ਫੈਸਲਿਆਂ ਤਹਿਤ ਦੁੱਖ ਝੱਲਣ ਲਈ ਛੱਡ ਰਹੇ ਹਨ।