ਨਜਾਇਜ਼ ਕਬਜ਼ਿਆਂ ਅਤੇ ਮਸਲਿਆਂ ਦੀ ਭਰਮਾਰ ਵਾਲਾ ਸ਼ਹਿਰ ਹੈ ਜਗਰਾਉਂ : ਕਰਨਲ ਇੰਦਰਪਾਲ ਧਾਲੀਵਾਲ
ਦੀਪਕ ਜੈਨ
ਜਗਰਾਉਂ, 4 ਜੁਲਾਈ 2025 - ਜਗਰਾਉਂ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਚਰਚਾ ਕਰਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ 300 ਸਾਲ ਤੋਂ ਵੱਧ ਸਮੇਂ ਤੋਂ ਵਸਿਆ ਜਗਰਾਉਂ ਇੱਕ ਇਤਿਹਾਸਕ ਸ਼ਹਿਰ ਜਿੱਥੋਂ ਦਾ ਰੋਸ਼ਨੀ ਦਾ ਮੇਲਾ ਦੂਰ ਦੁਰਾਡੇ ਤੱਕ ਮਸ਼ਹੂਰ ਹੈ, ਅਜਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦਾ ਜੱਦੀ ਘਰ ਸਮੋਈ ਬੈਠਾ ਇਹ ਸ਼ਹਿਰ ਅੱਜ ਕੱਲ ਮਸਲਿਆਂ ਦਾ ਸ਼ਹਿਰ ਬਣਿਆ ਹੋਇਆ ਹੈ। ਉਹਨਾਂ ਅੱਗੇ ਕਿਹਾ ਕਿ ਜਿੱਥੇ ਇਸ ਸ਼ਹਿਰ ਨੂੰ ਖੂਬਸੂਰਤ ਬਣਾਉਣਾ ਚਾਹੀਦਾ ਸੀ ਉੱਥੇ ਅੱਜ ਕੱਲ ਹਰ ਪਾਸੇ ਕੂੜੇ ਦੇ ਢੇਰ ਹੀ ਮੱਥੇ ਲੱਗਦੇ ਹਨ।ਕੂੜੇ ਦਾ ਸਹੀ ਪ੍ਬੰਧ ਨਗਰ ਕੌਂਸਲ ਦੇ ਵੱਸੋਂ ਬਾਹਰ ਦੀ ਗੱਲ ਹੈ.ਤਕਰੀਬਨ 70000 ਤੋਂ ਵੱਧ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਕੂੜਾ ਪ੍ਬੰਧਨ ਨਾਮ ਦੀ ਕੋਈ ਵੀ ਵਿਵਸਥਾ ਨਹੀਂ।
ਏਸ਼ੀਆ ਦੀ ਦੂਜੀ ਸੱਭ ਤੋਂ ਵੱਡੀ ਅਨਾਜ ਮੰਡੀ ਵਿੱਚ ਝੁੱਗੀਆਂ ਵਾਲਿਆਂ ਦੇ ਨਜਾਇਜ ਕਬਜੇ, ਗੰਦਗੀ ਦੇ ਢੇਰ ਅਤੇ ਸੜਕਾ ਵਿੱਚ ਟੋਏ ਤਰਸਯੋਗ ਹਾਲਾਤ ਦਾ ਪ੍ਗਟਾਵਾ ਹੀ ਕਰਦੇ ਹਨ।
ਪਲਾਸਟਿਕ ਦੇ ਲਫਾਫੇ ਬੈਨ ਹੋਣ ਦੇ ਬਾਵਜੂਦ ਧੜੱਲੇ ਨਾਲ ਵਿਕ ਰਹੇ ਹਨ। ਕੂੜੇ ਦੇ ਢੇਰਾਂ ਨੂੰ ਰਾਤ ਬਰਾਤੇ ਅੱਗ ਲਗਾ ਕੇ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।ਸਿਹਤ ਵਿਭਾਗ ਵੀ ਇਸ ਮਾਮਲੇ ਉੱਤੇ ਅੱਖਾਂ ਮੀਚੀ ਬੈਠਾ ਹੈ।
ਬਜਾਰਾਂ ਵਿੱਚਲੀਆਂ ਸੜਕਾਂ ਗਲੀਆਂ ਨਜਾਇਜ ਕਬਜਿਆਂ ਕਰਕੇ ਭੀੜੀਆ ਹਨ ਅਤੇ ਆਵਾਜਾਈ ਵਿੱਚ ਮੁਸ਼ਕਿਲ ਦਾ ਵੱਡਾ ਕਾਰਣ ਬਣੀਆਂ ਹੋਈਆਂ ਹਨ।ਟਰੈਫਿਕ ਦੀ ਸਮੱਸਿਆ ਨੂੰ ਵੀ ਸੁਲਝਾਉਣ ਦਾ ਕੋਈ ਉਪਰਾਲਾ ਹੁੰਦਾ ਹੋਇਆ ਨਹੀਂ ਦਿਖ ਰਿਹਾ।ਬੱਸ ਸਟੈਂਡ ਦੇ ਬਾਹਰ ਲੱਗੀਆਂ ਰੇਹੜੀਆਂ, ਫੜੀਆਂ ਅਤੇ ਆਟੋ ਰਿਕਸ਼ਾ ਵਾਲੇ ਟਰੈਫਿਕ ਜਾਮ ਦਾ ਵੱਡਾ ਕਾਰਣ ਹਨ।ਆਵਾਰਾ ਪਸ਼ੂਆਂ ਕਾਰਣ ਹੋ ਰਹੇ ਹਾਦਸਿਆਂ ਵੱਲ ਕਿਸੇ ਪ੍ਸਾਸ਼ਨਿਕ ਅਧਿਕਾਰੀਆਂ ਜਾਂ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਧਿਆਨ ਹੀ ਨਹੀਂ ਜਾਂਦਾ।
ਸੱਭ ਤੋਂ ਵੱਧ ਹੈਰਾਨੀ ਦੀ ਗੱਲ ਹੈ ਕਿ ਜਿਸ ਨਗਰ ਕੌਂਸਲ ਦੇ ਜਿੰਮੇ ਸਮੂਹ ਸ਼ਹਿਰ ਦਾ ਰੱਖ ਰਖਾਉ ਹੈ ਉਹ ਆਪਣੇ ਖਿਲਾਫ ਖੁਦ ਹੀ ਧਰਨੇ ਤੇ ਬੈਠ ਗਏ। ਇਸ ਤੋਂ ਵੱਡਾ ਮਜ਼ਾਕ ਸ਼ਹਿਰ ਵਾਸੀਆਂ ਨਾਲ ਕੀ ਹੋ ਸਕਦਾ ਹੈ।
ਪੰਜਾਬ ਦੇ ਇੱਕੋ ਇੱਕ ਸਾਇੰਸ ਕਾਲਜ ਨੂੰ ਜਾਂਦੀ ਸੜਕ ਦੀ ਹਾਲਤ ਨਾ ਸਿਰਫ ਤਰਸਯੋਗ ਹੈ ਬਲਕਿ ਆਏ ਦਿਨ ਨਸ਼ੇੜੀਆਂ ਦੀਆਂ ਹੁੰਦੀਆਂ ਮੌਤਾਂ ਪੂਰੇ ਪੰਜਾਬ ਤੋਂ ਪੜ ਰਹੇ ਵਿਦਿਆਰਥੀਆਂ ਰਾਹੀ ਕੀ ਸੁਨੇਹਾ ਦੇ ਰਹੀਆਂ ਹਨ। ਇਸ ਤੋਂ ਸਾਰਾ ਪ੍ਸਾਸ਼ਨਿਕ ਢਾਂਚਾ ਜਾਣੀ ਜਾਣ ਹੈ।
ਬਰਸਾਤਾਂ ਸ਼ੁਰੂ ਹਨ ਅਤੇ ਪਾਣੀ ਦੀ ਨਿਕਾਸੀ ਵਾਲੇ ਨਾਲਿਆਂ ਅਤੇ ਛੱਪੜਾਂ ਉੱਤੇ ਨਜਾਇਜ ਕਬਜਿਆਂ ਕਾਰਣ ਵੱਡੀ ਸਮੱਸਿਆ ਆਉਂਦੀ ਹੈ, ਪਰੰਤੂ ਕਿਸੇ ਪ੍ਸਾਸ਼ਨਿਕ ਅਧਿਕਾਰੀ ਜਾਂ ਨਗਰ ਕੌਂਸਲ ਦਾ ਇਸ ਵੱਲ ਧਿਆਨ ਨਹੀਂ ਜਾਂਦਾ ਜਾਂ ਜਾਣ ਬੁੱਝ ਕੇ ਸ਼ਹਿਰ ਵਾਸੀਆਂ ਨੂੰ ਪਰੇਸ਼ਾਨ ਕਰਨ ਲਈ ਸੌੜੀ ਸਿਆਸਤ ਖੇਡੀ ਜਾ ਰਹੀ ਹੈ।ਜੇ ਜਗਰਾਉਂ ਸ਼ਹਿਰ ਨੂੰ ਨਜਾਇਜ ਕਬਜਿਆਂ ਵਾਲਾ ਸ਼ਹਿਰ ਆਖਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ।
ਜਰੂਰਤ ਹੈ ਕਿ ਸਾਰੀਆਂ ਜਿੰਮੇਵਾਰ ਧਿਰਾਂ ਸਿਰ ਜੋੜ ਕੇ ਬੈਠਣ ਅਤੇ ਸ਼ਹਿਰ ਦੇ ਮਸਲਿਆਂ ਨੂੰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੱਲ ਕਰਨ।ਸ਼ਹਿਰ ਜਗਰਾਉ ਨੂੰ ਖੂਬਸੂਰਤ ਬਣਾਉਣਾ ਹਰ ਪ੍ਸਾਸ਼ਨਿਕ ਅਧਿਕਾਰੀ, ਕੌਂਸਲਰ ਅਤੇ ਆਮ ਸ਼ਹਿਰੀ ਦਾ ਫਰਜ਼ ਹੈ।ਜੇਕਰ ਜਿੰਮੇਵਾਰ ਧਿਰਾਂ ਅਤੇ ਪ੍ਸਾਸਨਿਕ ਅਧਿਕਾਰੀ ਆਪਣਾ ਵਿਵੇਕ ਵਰਤ ਕੇ ਇੰਨਾ ਮਸਲਿਆਂ ਨੂੰ ਨਹੀਂ ਸੁਲਝਾਉਂਦੇ ਤਾਂ ਭਾਰਤੀ ਜਨਤਾ ਪਾਰਟੀ ਸਮੂਹ ਸ਼ਹਿਰ ਵਾਸੀਆਂ, ਸਮਾਜ ਸੇਵੀ ਸੰਗਠਨਾ, ਧਾਰਮਿਕ ਜੱਥੇਬੰਦੀਆਂ ਅਤੇ ਵਪਾਰਿਕ ਜੱਥੇਬੰਦੀਆਂ ਨੂੰ ਲਾਮਬੰਦ ਕਰਕੇ ਪ੍ਸਾਸ਼ਨਿਕ ਨਾਕਾਮੀਆਂ ਵਿਰੁੱਧ ਇੱਕ ਮੁਹਿੰਮ ਚਲਾਏਗੀ।