ਧੀ ਵੱਲੋਂ ਖੂਨਦਾਨ ਕਰਨ ਮੌਕੇ ਮਾਪਿਆਂ ਨੇ ਵੀ ਆਪਣਾ ਖੂਨ ਦਾਨ ਕਰਕੇ ਨਵੀਂ ਪਿਰਤ ਪਾਈ
ਅਸ਼ੋਕ ਵਰਮਾ
ਗੋਨਿਆਣਾ, 28 ਸਤੰਬਰ 2026 : ਗੋਨੇਆਣਾਨਿਵਾਸੀ ਇੱਕ ਪਰਿਵਾਰ ਵਿੱਚ ਖ਼ੂਨਦਾਨ ਪ੍ਰਤੀ ਕਾਬਿਲੇ ਤਾਰੀਫ਼ ਜਜ਼ਬਾ ਦੇਖਣ ਨੂੰ ਮਿਲਿਆ ਹੈ, ਇਸ ਪਰਿਵਾਰ ਨੇ ਆਪਣੀ ਬੇਟੀ ਨੇ ਜਿੱਥੇ ਆਪਣੀ ਉਮਰ ਦਾ 18 ਸਾਲ ਪੂਰਾ ਕਰਦਿਆਂ ਸਵੈ ਇੱਛਾ ਨਾਲ ਖ਼ੂਨਦਾਨ ਪ੍ਰਗਟਾਈ ਉੱਥੇ ਹੀ ਲੜਕੀ ਦੇ ਮਾਤਾ ਪਿਤਾ ਨੇ ਵੀ ਆਪਣੀ ਬੇਟੀ ਦੇ ਪਹਿਲੇ ਖੂਨਦਾਨ ਦੀ ਖੁਸ਼ੀ ਵਿੱਚ ਆਪ ਵੀ ਇੱਕ ਇੱਕ ਯੂਨਿਟ ਖ਼ੂਨਦਾਨ ਕੀਤਾ।
ਜਾਣਕਾਰੀ ਅਨੁਸਾਰ ਬਠਿੰਡਾ ਦੇ ਪਹਿਲੇ ਨੈਸ਼ਨਲ ਅਵਾਰਡੀ ਅਧਿਆਪਕ ਮਾਸਟਰ ਰਾਜਿੰਦਰ ਸਿੰਘ ਇੰਸਾਂ ਦੀ ਪੁੱਤਰੀ ਸਿਮਰਨਪ੍ਰੀਤ ਕੌਰ ਇੰਸਾਂ ਨੇ ਆਪਣੇ ਜਨਮ ਦਿਨ ਮੌਕੇ ਜਦੋਂ ਪਹਿਲੀ ਵਾਰ ਖ਼ੂਨਦਾਨ ਕਰਨਾ ਸੀ ਤਾਂ ਉਸਦੀ ਇੱਛਾ ਪੂਰੀ ਕਰਦਿਆਂ ਨਾ ਸਿਰਫ਼ ਆਪਣੀ ਲੜਕੀ ਦਾ ਖੂਨਦਾਨ ਕਰਵਾਇਆ ਸਗੋਂ ਪੁੱਤਰੀ ਦੇ ਪਹਿਲੇ ਖੂਨਦਾਨ ਦੀ ਖੁ਼ਸੀ ਵਿੱਚ ਮਾਸਟਰ ਰਾਜਿੰਦਰ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਲੈਕਚਰਾਰ ਬਲਜਿੰਦਰ ਕੌਰ ਮਹਿਮੀ ਨੇ ਵੀ ਆਪਣਾ ਇੱਕ ਇੱਕ ਯੂਨਿਟ ਸਵੈ ਇੱਛਾ ਨਾਲ ਖ਼ੂਨਦਾਨ ਕੀਤਾ। ਅਦੇਸ਼ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ ਪਰਿਵਾਰ ਦੇ ਤਿੰਨੇ ਮੈਂਬਰਾਂ ਦਾ ਖ਼ੂਨਦਾਨ ਕਰਵਾਇਆ ਗਿਆ।
ਇਸ ਮੌਕੇ ਮਾਸਟਰ ਰਾਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਇਹ ਕਦਮ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪ੍ਰੇਰਨਾ ਤਹਿਤ ਚੁੱਕਿਆ ਹੈ ਅਤੇ ਉਹ ਖੁਦ 84 ਵਾਰ ਖੂਨ ਦਾਨ ਕਰ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਖੂਨਦਾਨ ਦੇ ਇਲਾਵਾ ਉਨ੍ਹਾਂ ਨੇ ਮਰਨ ਉਪਰੰਤ ਅੱਖਾਂਦਾਨ ਅਤੇ ਪੂਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਪ੍ਰਣ ਵੀ ਕੀਤਾ ਹੋਇਆ ਹੈ।ਬਲਜਿੰਦਰ ਕੌਰ ਮਹਿਮੀ ਨੇ ਦੱਸਿਆ ਕਿ ਬੇਟੀ ਨੇ ਆਪਣੇ 18 ਸਾਲ ਪੂਰੇ ਕਰਦਿਆਂ ਪਹਿਲੀ ਵਾਰ ਖੂਨਦਾਨ ਕੀਤਾ ਹੈ ਜਿਸਦੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਅਜਿਹੀ ਖੁਸ਼ੀ ਨੂੰ ਅਸੀਂ ਆਪ ਵੀ ਖੂਨਦਾਨ ਕਰਕੇ ਇਨਸਾਨੀਅਤ ਦੀ ਸੇਵਾ ਵਿੱਚ ਆਪਣਾ ਹਿੱਸਾ ਪਾਇਆ ਹੈ। ਅਦੇਸ਼ ਬਲੱਡ ਬੈਂਕ ਦੇ ਟੀਮ ਮੈਂਬਰਾਂ ਨੇ ਦੱਸਿਆ ਕਿ ਸਾਡੇ ਬਲੱਡ ਬੈਂਕ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਧੀ ਦੇ ਪਹਿਲੇ ਖੂਨਦਾਨ ਤੇ ਪੂਰਾ ਪਰਿਵਾਰ ਖ਼ੂਨਦਾਨ ਕਰਨ ਲਈ ਆਇਆ ਹੋਵੇ।ਉਨ੍ਹਾਂ ਪਰਿਵਾਰ ਦੀ ਸੋਚ ਨੂੰ ਅਗਾਂਹਵਧੂ ਦੱਸਿਆ ਇਸਦੀ ਭਰਪੂਰ ਸ਼ਲਾਘਾ ਵੀ ਕੀਤੀ ਅਤੇ ਆਮ ਲੋਕਾਂ ਨੂੰ ਇਸ ਤੋਂ ਪ੍ਰੇਰਨਾ ਲੈਣ ਦੀ ਗੱਲ ਕਹੀ।
- Download Babushahi App
-
-