ਦੁਲਹਣ ਵਾਂਗ ਸਜ਼ੀ ਪੂਜਾ ਨੇ ਆਪਣੇ ਪਤੀ ਦੀ ਥਾਂ ਲਈਆਂ ਚੰਦਰੀ ਮੌਤ ਨਾਲ ਲਾਵਾਂ
ਅਸ਼ੋਕ ਵਰਮਾ
ਕੋਟਕਪੂਰਾ ,26 ਅਕਤੂਬਰ 2025:ਫਰੀਦਕੋਟ ਜਿਲ੍ਹੇ ਦੇ ਕਸਬਾ ਬਰਗਾੜੀ ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਦੌਰਾਨ ਹੋਈ ਵਿਆਹ ਦੀ ਦਹਿਲੀਜ਼ ਤੇ ਖਲੋਤੀ ਲੜਕੀ ਦੀ ਬੇਵਕਤੀ ਮੌਤ ਨੇ ਦੋ ਹੱਸਦੇ ਵੱਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਅਜਿਹੀ ਟੀਸ ਦਿੱਤੀ ਹੈ ਜੋ ਉਨ੍ਹਾਂ ਨੂੰ ਤਾ-ਉਮਰ ਰੜਕਦੀ ਰਹੇਗੀ । ਬਰਾਤ ਆਉਣ ਤੋਂ ਇੱਕ ਦਿਨ ਪਹਿਲਾਂ ਅਚਾਨਕ ਪਏ ਦੌਰੇ ਨੇ ਮਾਪਿਆਂ ਦੀ ਲਾਡਲੀ ਨੂੰ ਇੱਕ ਪਲ ਵਿੱਚ ਖੋਹ ਲਿਆ। ਦੋਵਾਂ ਪੀੜਤ ਪਰਿਵਾਰਾਂ ਦੇ ਘਰ ਸੱਥਰ ਤਾਂ ਵਿਛਿਆ ਹੀ ਬਲਕਿ ਹਾਉਕਿਆਂ ਦੀ ਝੜੀ ਲੱਗੀ ਹੋਈ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਸ ਨੂੰ ਬਰਗਾੜੀ ਦੇ ਇੱਕ ਪ੍ਰੀਵਾਰ ਨਾਲ ਵਾਪਰਿਆ ਵੱਡਾ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਜਿਸ ਦੀ ਬੱਚੀ ਨੂੰ ਆਪਣੇ ਪਤੀ ਨਾਲ ਲਾਵਾਂ ਲੈਣ ਲੈਣ ਤੋਂ ਪਹਿਲਾਂ ਚੰਦਰੀ ਮੌਤ ਨੇ ਘੇਰ ਲਿਆ।
ਬਰਗਾੜੀ ( ਫ਼ਰੀਦਕੋਟ)ਤੋਂ ਸਾਹਮਣੇ ਆਈ ਇਸ ਬਹੁਤ ਹੀ ਦੁਖਦਾਈ ਘਟਨਾ ਦਾ ਸਾਰਤੱਤ ਇੰਜ ਹੈ ਕਿ ਇੱਕ ਪਰਿਵਾਰ ਨੇ ਰੀਝਾਂ ਨਾਲ ਆਪਣੀ ਧੀ ਦੀ ਡੋਲੀ ਤੋਰਨੀ ਸੀ ਪਰ ਬਦਕਿਸਮਤੀ ਕੇ ਉਸੇ ਧੀ ਨੂੰ ਦੁਲਹਣ ਵਾਲੇ ਸੂਟ ਵਿੱਚ ਅਰਥੀ ਤੇ ਲਿਜਾਣਾ ਪਿਆ। ਜਾਣਕਾਰੀ ਮੁਤਾਬਿਕ ਬਰਗਾੜੀ ਦੀ ਰਹਿਣ ਵਾਲੀ ਪੂਜਾ ਨਾਮ ਦੀ ਲੜਕੀ ਦਾ ਰਿਸ਼ਤਾ ਨਾਲ ਦੇ ਪਿੰਡ ਰਾਊਕੇ( ਜੈਤੋ )ਦੇ ਲੜਕੇ ਨਾਲ ਹੋਇਆ ਸੀ ਜੋ ਦੁਬਈ ਰਹਿੰਦਾ ਸੀ । ਪ੍ਰੀਵਾਰਾਂ ਨੇ ਦੋਨਾਂ ਦੀ ਮੰਗਣੀ ਵੀਡੀਓ ਕਾਲ ਜਰੀਏ ਕੀਤੀ ਸੀ ਅਤੇ ਅਜੇ ਤੱਕ ਲੜਕੇ ਲੜਕੀ ਦੀ ਆਪਸੀ ਮੁਲਾਕਾਤ ਵੀ ਨਹੀਂ ਹੋਈ ਸੀ । ਵਿਆਹ ਦੀ ਤਰੀਕ ਤੋਂ ਕੁੱਝ ਦਿਨ ਪਹਿਲਾਂ ਹੀ ਲੜਕਾ ਦੁਬਈ ਤੋਂ ਵਾਪਿਸ ਆਇਆ ਸੀ। ਦੋਵਾਂ ਪਰਿਵਾਰਾਂ ਨੇ ਚਾਵਾਂ ਨਾਲ ਵਿਆਹ ਦਾ ਦਿਨ ਬੰਨ੍ਹਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।
ਪਤਾ ਲੱਗਿਆ ਹੈ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕੀ ਦੇ ਪ੍ਰੀਵਾਰ ਵਾਲਿਆਂ ਨੇ ਜਾਗੋ ਕੱਢੀ ਸੀ ਤਾਂ ਇਸ ਦੌਰਾਨ ਪੂਜਾ ਖੁਸ਼ੀ ਵਿੱਚ ਖੂਬ ਨੱਚੀ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਮਸਤੀ ਕੀਤੀ। ਇਸੇ ਦੌਰਾਨ ਰਾਤ ਦੇ 2 ਵਜੇ ਦੇ ਕਰੀਬ ਲੜਕੀ ਦੇ ਨੱਕ ਚੋਂ ਖੂਨ ਵਗਣ ਲੱਗ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਜਿੱਥੇ ਡਾਕਟਰ ਨੇ ਪੂਜਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਇਸ ਘਟਨਾ ਤੋਂ ਬਾਅਦ ਪੁਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਇਸ ਮੌਕੇ ਡੂਘੇ ਸਦਮੇ ਵਿੱਚ ਚੱਲ ਰਹੇ ਮ੍ਰਿਤਕ ਲੜਕੀ ਦੇ ਪਿਤਾ ਅਤੇ ਲਾੜੇ ਦੇ ਭਰਾ ਨੇ ਦੱਸਿਆ ਕਿ ਉਹ ਤਾਂ ਬਰਾਤ ਦੀ ਉਡੀਕ ਵਿੱਚ ਸਨ ਪਰ ਹੋਣੀ ਨੇ ਉਨ੍ਹਾਂ ਨਾਲ ਹੱਦੋਂ ਵੱਧ ਅਜਿਹੀ ਮੰਦਭਾਗੀ ਖੇਡ੍ਹ ਖੇਡੀ ਹੈ ਜਿਸ ਨੂੰ ਉਹ ਤਾਉਮਰ ਨਹੀਂ ਭੁੱਲ ਸਕਣਗੇ।