ਦਿੱਲੀ, ਚੰਡੀਗੜ੍ਹ ਅਤੇ ਖੰਨਾ ਵਿੱਚ ਜ਼ਬਰ ਦੀ ਨਿਖੇਧੀ
ਸੂਬਾ ਅਤੇ ਕੇਂਦਰ ਸਰਕਾਰ ਲੋਕ ਵਿਰੋਧੀ: ਮੋਰਚਾ
26 ਜੁਲਾਈ ਲਈ ਤਿਆਰੀਆਂ ਤੇਜ਼
ਦਲਜੀਤ ਕੌਰ
ਸੰਗਰੂਰ, 21 ਜੁਲਾਈ, 2026: ਭਾਰਤ ਅੰਦਰ ਨੀਟ ਵਰਗੀ ਅਹਿਮ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਖਿਲਾਫ ,ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰਦੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ ਮੰਤਰ ਚੌਂਕ ਵਿੱਚ ਸ਼ਾਂਤਮਈ ਤਰੀਕੇ ਨਾਲ ਭੁੱਖ ਹੜਤਾਲ ਉੱਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਜ਼ਬਰੀ ਚੁੱਕਣ, ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਅੰਦਰ ਇੱਕ ਵਿਸ਼ੇਸ਼ ਵਿਦਿਆਰਥੀ ਨੂੰ ਪਾਬੰਦੀ ਦੇ ਬਾਵਜੂਦ ਖੁੱਲ ਦੇਣ ਦੇ ਰੋਸ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਵਰਗ ਉੱਤੇ ਜ਼ੁਲਮ ਢਾਹੁਣ ਅਤੇ ਪੰਜਾਬ ਦੇ ਪੰਚਾਇਤ ਮੰਤਰੀ ਤਰੁਣ ਪ੍ਰੀਤ ਸੌਂਦ ਦੀ ਕੋਠੀ ਦਾ ਮੁੜ ਘਿਰਾਓ ਕਰਨ ਜਾ ਰਹੇ ਨਰੇਗਾ ਮੁਲਾਜ਼ਮਾਂ ਦੇ ਘਰਾਂ ਅੰਦਰ ਕੀਤੀ ਛਾਪੇਮਾਰੀ ਅਤੇ ਖੰਨਾ ਸ਼ਹਿਰ ਵਿੱਚ ਉਹਨਾਂ ਉੱਤੇ ਹੋਏ ਲਾਠੀਚਾਰਜ ਦੀ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ।
ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ, ਹਰਜਿੰਦਰ ਝੁਨੀਰ ਅਤੇ ਲਖਬੀਰ ਸਿੰਘ ਸਿਰੀਏ ਵਾਲਾ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਦੇਸ਼ ਅੰਦਰ ਦਹਿਸ਼ਤ ਦਾ ਮਾਹੌਲ ਸਿਰਜਣ ਦੀ ਹੋੜ ਵਿੱਚ ਹਨ, ਪ੍ਰੰਤੂ ਦੇਸ਼ ਦੇ ਸੰਘਰਸ਼ੀ ਲੋਕ ਇਸਨੂੰ ਕਦਾਚਿੱਤ ਸਹਿਣ ਨਹੀਂ ਕਰਨਗੇ। ਉਹਨਾਂ ਐਲਾਨ ਕੀਤਾ ਕਿ ਉਹ ਸਮੂਹ ਬੇਰੁਜ਼ਗਾਰਾਂ (ਖਾਸ ਸਿੱਖਿਆ ਸਿਹਤ ਵਿਭਾਗ ਵਿੱਚ ਭਰਤੀ) ਦੀਆਂ ਮੰਗਾਂ ਨੂੰ ਲੈਕੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਸਥਾਨਕ ਕੋਠੀ ਦਾ ਘਿਰਾਓ ਕਰਨਗੇ। ਇਸ ਸੰਬਧੀ ਸਮੁੱਚੇ ਪੰਜਾਬ ਅੰਦਰ ਤਿਆਰੀਆਂ ਦਾ ਸਿਲਸਿਲਾ ਤੇਜ਼ ਕੀਤਾ ਹੋਇਆ ਹੈ।ਉਹਨਾਂ ਦੱਸਿਆ ਕਿ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਅੱਗੇ ਚੱਲ ਰਿਹਾ ਪੱਕਾ ਮੋਰਚਾ 209 ਦਿਨ ਪੂਰੇ ਕਰ ਚੁੱਕਾ ਹੈ। ਉਹਨਾਂ ਦੱਸਿਆ ਕਿ ਰੁਜ਼ਗਾਰ ਮੰਗਦੇ ਅਤੇ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਪ੍ਰਦਰਸ਼ਨਕਾਰੀਆਂ ਉੱਤੇ ਦਰਜ ਕੀਤੇ ਝੂਠੇ ਪਰਚੇ ਰੱਦ ਕਰਵਾਉਣਾ ਵੀ ਮੋਰਚੇ ਦੀ ਅਹਿਮ ਮੰਗ ਹੈ।
ਉਹਨਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਜਾਰੀ ਲੈਕਚਰਾਰ ਦੀਆਂ 1013 ਅਸਾਮੀਆਂ ਦੇ ਸਾਰੇ ਵਿਸ਼ਿਆਂ ਵਿੱਚ ਰਾਖਵੀਆਂ ਸ੍ਰੇਣੀਆਂ ਦੀਆਂ ਅਸਾਮੀਆਂ ਜਾਰੀ ਕੀਤੀਆਂ ਜਾਣ, ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਛੋਟ ਦੇ ਕੇ ਅਤੇ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕਰਕੇ ਇਸ਼ਤਿਹਾਰ ਜਾਰੀ ਕੀਤਾ ਜਾਵੇ, ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ, ਸਰੀਰਿਕ ਸਿੱਖਿਆ ਦੇ ਮਾਸਟਰ ਅਤੇ ਲੈਕਚਰਾਰ ਕੇਡਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਜਾਰੀ ਕੀਤੀਆਂ ਜਾਣ ਅਤੇ ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ।
ਉਹਨਾਂ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਜ਼ਿਲਿਆ ਵਿੱਚ 26 ਜੁਲਾਈ ਦੇ ਘਿਰਾਓ ਲਈ ਸਰਗਰਮੀਆਂ ਤੇਜ਼ ਹਨ ਜਿਸ ਤਹਿਤ ਮਾਨਸਾ ਅਤੇ ਬੁਢਲਾਡਾ ਇਲਾਕੇ ਅੰਦਰ ਮੀਟਿੰਗਾਂ ਹੋ ਚੁੱਕੀਆਂ ਹਨ।
- Download Babushahi App
-
-