ਤਪੋਬਣ ਢੱਕੀ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ
- ਇਜਰਾਇਲ ਤੇ ਇਰਾਨ ਸੰਸਾਰ ਦੇ ਭਲੇ ਲਈ ਤੁਰੰਤ ਜੰਗਬੰਦੀ ਕਰਨ:: ਸੰਤ ਢੱਕੀ ਸਾਹਿਬ ਵਾਲੇ
ਰਵਿੰਦਰ ਸਿੰਘ ਢਿੱਲੋਂ
ਖੰਨਾ, 26 ਜੂਨ 2025 - ਕੁਦਰਤ ਦੀ ਗੋਦ ਵਿੱਚ ਵਸੇ ਅੱਤ ਰਮਣੀਕ ਅਸਥਾਨ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਮੱਸਿਆ ਦੇ ਦਿਹਾੜੇ ਤੇ ਸੰਤ ਬਾਬਾ ਦਰਸ਼ਨ ਸਿੰਘ ਜੀ ਦੀ ਦੇਖ ਰੇਖ ਹੇਠ ਗੁਰਮਤਿ ਸਮਾਗਮ ਕਰਵਾਇਆ ਗਿਆ । ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਤਪੋਬਣ ਦੇ ਹਜੂਰੀ ਜੱਥੇ ਨੇ ਸ਼ਬਦ ਕੀਰਤਨ ਤੇ ਕਵਿਤਾਵਾਂ ਰਾਹੀਂ ਗੁਰੂ ਘਰ ਦਾ ਜਸ ਗਾਇਨ ਕੀਤਾ। ਗਿਆਨੀ ਦਿਲਪ੍ਰੀਤ ਸਿੰਘ ਯੂਰਪ ਵਾਲਿਆਂ ਨੇ ਵੀ ਗੁਰਬਾਣੀ ਕਥਾ ਰਾਹੀਂ ਹਾਜਰੀ ਭਰੀ। ਇਸ ਮੌਕੇ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਗੁਰਬਾਣੀ ਅਤੇ ਨਾਮ ਦੀ ਮਹਿਮਾ ਦਾ ਵਿਖਿਆਨ ਕਰਦਿਆਂ ਦੱਸਿਆ ਕਿ ਗੁਰਬਾਣੀ ਅਤੇ ਨਾਮ ਵਿੱਚ ਉਹ ਸ਼ਕਤੀ ਜਿਹੜੀ ਕਿਸੇ ਹੋਰ ਜੰਤਰ-ਮੰਤਰ ਵਿੱਚ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਲਮਾਂ ਨੇ ਅਕਿਹ ਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਪਰ ਉਹ ਆਪਣੇ ਧਰਮ ਵਿੱਚ ਅਡੋਲ ਰਹੇ ਜਾਲਮਾ ਵੱਲੋਂ ਦਿੱਤੇ ਗਏ ਤਸੀਹੇ ਪਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਖਿੜੇ ਮੱਥੇ ਪ੍ਰਵਾਨ ਕੀਤੇ, ਉਨਾ ਕਿਹਾ ਕਿ ਇਹ ਸਭ ਗੁਰਬਾਣੀ ਦੀ ਨਾਮ ਦੀ ਸ਼ਕਤੀ ਸੀ ਜਿਸਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਡੋਲ ਰੱਖਿਆ। ਮਹਾਂਪੁਰਖਾਂ ਨੇ ਇਜਰਾਇਲ ਤੇ ਇਰਾਨ ਦੇਸ਼ਾਂ ਵਿੱਚ ਜੋ ਜੰਗ ਚੱਲ ਰਹੀ ਹੈ ਬੋਲਦਿਆਂ ਕਿਹਾ ਕਿ ਅਸੀਂ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾ ਦੇਸ਼ਾਂ ਦੇ ਹਾਕਮਾਂ ਨੂੰ ਸੁਮੱਤ ਬਖਸ਼ੇ ਤੇ ਜੰਗਬੰਦੀ ਹੋ ਜਾਵੇ।
ਉਨ੍ਹਾਂ ਕਿਹਾ ਕਿ ਇਹਨਾ ਜੰਗਾਂ ਦੇ ਨਾਲ ਜਿੱਥੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਉਥੇ ਹੀ ਬੇਜ਼ੁਬਾਨ ਪਸ਼ੂ ਪੰਛੀ,ਜੀਵ ਜੰਤੂ ਬਨਾਸਪਤੀ ਵੀ ਇਹਨਾ ਜੰਗਾਂ ਦੇ ਭੇਟ ਚੜ੍ਹ ਰਹੇ ਹਨ ਤੇ ਸਾਡੇ ਪੌਣ ਪਾਣੀ ਧਰਤੀ ਤੇ ਭਿਆਨਕ ਅਸਰ ਹੋ ਰਿਹਾ ਹੈ ਇਸ ਕਰਕੇ ਜੰਗ ਦੀ ਗੱਲ ਕਰਨੀ ਵੀ ਮਾੜੀ ਹੈ ਜੰਗ ਯੁੱਧ ਕਿਸੇ ਵੀ ਮਸਲੇ ਦਾ ਹੱਲ ਨਹੀ ਹਨ ਸਮੂਹ ਦੇਸ਼ਾਂ ਨੂੰ ਮਿਲ ਬੈਠਕੇ ਗੱਲਬਾਤ ਰਾਹੀਂ ਜੰਗਬੰਦੀ ਕਰ ਦੇਣੀ ਚਾਹੀਦੀ ਹੈ। ਭਾਰੀ ਬਰਸਾਤ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਸੰਗਤਾਂ ਨੇ ਮੱਸਿਆ ਦੇ ਦਿਹਾੜੇ ਤੇ ਹਾਜ਼ਰੀਆਂ ਭਰੀਆਂ। ਇਸ ਮੌਕੇ ਤਪੋੋਬਣ ਦੇ ਸਮੂਹ ਸੇਵਾਦਾਰਾਂ ਤੋਂ ਇਲਾਵਾ ਬਲਜਿੰਦਰ ਸਿੰਘ ਮਹੇਰਨਾ, ਆਤਮਾ ਸਿੰਘ ਮਕਸੂਦੜਾ, ਸਾਧੂ ਸਿੰਘ ਅਜਨੌਦ, ਮਸਤਾਨ ਸਿੰਘ ਪੂਰਬਾ, ਮਲਕੀਤ ਸਿੰਘ ਬੱਲਮਗੜ੍ਹ, ਪਿਆਰਾ ਸਿੰਘ ਮਕਸੂਦੜਾ, ਤੇਜਪਾਲ ਸਿੰਘ ਸਹੌਲੀ, ਦਵਿੰਦਰ ਸਿੰਘ ਰੁੜਕਾ, ਗੁਰਬਚਨ ਸਿੰਘ ਸੰਗਰੂਰ ਆਦਿਕ ਸੇਵਾਦਾਰਾਂ ਨੇ ਬਾਖੂਬੀ ਸੇਵਾਵਾਂ ਨਿਭਾਈਆਂ। ਸਟੇਜ ਸਕੱਤਰ ਦੀ ਸੇਵਾ ਭਾਈ ਜੀਤ ਸਿੰਘ ਮਕਸੂਦੜਾ ਵੱਲੋਂ ਨਿਭਾਈ ਗਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।