ਡੇਰਾ ਸਿਰਸਾ ਪੈਰੋਕਾਰਾਂ ਨੇ ਲੋਕਾਂ ਦੇ ਸਹਿਯੋਗ ਨਾਲ ਪਾਈ ਨਹਿਰ ਦੇ ਸ਼ੂਕਦੇ ਪਾਣੀ ਨੂੰ ਨੱਥ
- ਪੰਚਾਇਤਾਂ ਵੱਲੋਂ ਡੇਰਾ ਸੱਚਾ ਸੌਦਾ ਦਾ ਧੰਨਵਾਦ
ਅਸ਼ੋਕ ਵਰਮਾ
ਸੰਗਰੂਰ, 20ਜੂਨ2025: ਪਿੰਡ ਨੀਲੋਵਾਲ ਵੱਲ ਜਾ ਰਹੀ ਨਹਿਰ ਦੇ ਸੰਗਰੂਰ ਜਿਲ੍ਹੇ ਦੇ ਸੁਨਾਮ ਇਲਾਕੇ ’ਚ ਸਥਿਤ ਪਿੰਡ ਖੜਿਆਲ ਦੇ ਖੇਤਾਂ ਵਿੱਚ ਟੁੱਟਣ ਕਾਰਨ ਬੇਲਗਾਮ ਹੋਏ ਪਾਣੀ ਨੂੰ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂਆਂ ਨੇ ਪਿੰਡ , ਇਲਾਕਾ ਵਾਸੀਆਂ ਅਤੇ ਪ੍ਰਸ਼ਾਸ਼ਨ ਦੇ ਸਹਿਯੋਗ ਨੂੰ ਨੱਥ ਪਾਉਣ ’ਚ ਸਫਲਤਾ ਹਾਸਲ ਕਰ ਲਈ ਹੈ। ਇਸ ਨਹਿਰ ਵਿੱਚ ਵੀਰਵਾਰ ਨੂੰ ਸਵੇਰ ਵਕਤ ਪਾੜ ਪਿਆ ਸੀ ਜਿਸ ਦੇ ਸਿੱਟੇ ਵਜੋਂ ਇੱਕ ਹਜ਼ਾਰ ਏਕੜ ਰਕਬੇ ਵਿੱਚ ਫਸਲਾਂ, ਸਬਜ਼ੀਆਂ ਅਤੇ ਹਰਾ ਚਾਰਾ ਜਲਮਗਨ ਹੋ ਗਿਆ ਜਿਸ ਨੇ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਮਾਰੀ ਹੈ। ਪਿੰਡ ਖਡਿਆਲ ਅਤੇ ਚੱਠਾ ਨਨਹੇੜਾ ਦੇ ਖੇਤ ਤਾਂ ਇੱਕ ਤਰਾਂ ਨਾਲ ਸਮੁੰਦਰ ਹੀ ਬਣ ਗਏ ਹਨ ਜਿਸ ਕਰਕੇ ਭਾਰੀ ਤਬਾਹੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਦੋਂ ਨਹਿਰ ਟੁੱਟੀ ਤਾਂ ਪਿੰਡ ਵਾਸੀਆਂ ਨੇ ਪਾੜ ਪੂਰਨ ਦਾ ਕੰਮ ਸ਼ੁਰੂ ਕੀਤਾ ਸੀ ਪਰ ਮੈਨਪਾਵਰ ਦੀ ਕਮੀ ਕਾਰਨ ਭਾਰੀ ਔਕੜਾਂ ਆ ਰਹੀਆਂ ਸਨ।
ਜਦੋਂ ਸਥਿਤੀ ਹੱਥੋਂ ਤਿਲਕਦੀ ਨਜ਼ਰ ਆਈ ਤਾਂ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਪਤਵੰਤਿਆਂ ਨੇ ਡੇਰਾ ਸੱਚਾ ਸੌਦਾ ਦੇ ਆਗੂਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ ਜਿਸ ਤੇ ਭਰਵਾਂ ਹੁੰਗਾਰਾ ਭਰਦਿਆਂ 85 ਮੈਂਬਰ ਬਲਦੇਵ ਕ੍ਰਿਸ਼ਨ ਇੰਸਾਂ, 85 ਮੈਂਬਰ ਰਣਜੀਤ ਸਿੰਘ ਇੰਸਾਂ, 85 ਮੈਂਬਰ ਸਹਿਦੇਵ ਇੰਸਾਂ, 85 ਮੈਂਬਰ ਭਗਵਾਨ ਇੰਸਾਂ ਅਤੇ 85 ਮੈਂਬਰ ਬਲਜੀਤ ਸਿੰਘ ਇੰਸਾਂ ਦੀ ਅਗਵਾਈ ਹੇਠ ਡੇਰਾ ਸਿਰਸਾ ਵੱਲੋਂ ਸਮਾਜ ਸੇਵਾ ਲਈ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵੱਡੀ ਗਿਣਤੀ ਵਲੰਟੀਅਰ ਮੌਕੇ ਤੇ ਪੁੱਜੇ ਅਤੇ ਪਾੜ ਪੂਰਨ ’ਚ ਹੱਥ ਵਟਾਉਣ ਦੇ ਕਾਰਜ ਸ਼ੁਰੂ ਕਰ ਦਿੱਤੇ। ਜਾਣਕਾਰੀ ਅਨੁਸਾਰ ਇਹ ਕੰਮ ਵੀਰਵਾਰ ਸ਼ਾਮ ਨੂੰ 7 ਵਜੇ ਸ਼ੁਰੂ ਹੋਇਆ ਜੋ ਕਿ ਅੱਧੀ ਰਾਤ ਤੱਕ ਚੱਲਦਾ ਰਿਹਾ। ਇਸ ਤੋਂ ਬਾਅਦ ਅੱਜ ਸਵੇਰੇ ਫਿਰ ਤੋਂ ਪਾੜ ਪੂਰਨ ਦਾ ਕੰਮ ਸ਼ੁਰੂ ਕੀਤਾ ਗਿਆ ਪ੍ਰੰਤੂ ਇੱਕ ਵਾਰ ਫਿਰ ਤੋਂ ਕਰੀਬ 50 ਫੁੱਟ ਹੋਰ ਪਾੜ ਪੈਣ ਕਾਰਨ ਦਿੱਕਤਾਂ ਵਧ ਗਈਆਂ।
ਸਥਿਤੀ ਇਹ ਬਣ ਗਈ ਕਿ ਮਿੱਟੀ ਖੁਰਨ ਕਾਰਨ ਪਾੜ ਦਾ ਦਾਇਰਾ 15 ਫੁੱਟ ਹੋਰ ਵਧ ਗਿਆ ਜਿਸ ਨੇ ਇਸ ਕੰਮ ’ਚ ਲੱਗੇ ਵਲੰਟੀਅਰਾਂ ਅਤੇ ਪਿੰਡ ਵਾਸੀਆਂ ਲਈ ਨਵਾਂ ਸੰਕਟ ਪੈਦਾ ਕਰ ਦਿੱਤਾ। ਇਸ ਦੇ ਬਾਵਜੂਦ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ, ਪ੍ਰਸ਼ਾਸਨ ਵੱਲੋਂ ਭੇਜੇ ਮਨਰੇਗਾ ਵਰਕਰਾਂ ਅਤੇ ਨਹਿਰੀ ਵਿਭਾਗ ਦੇ ਕਾਮਿਆਂ ਨੇ ਹਿੰਮਤ ਨਹੀਂ ਹਾਰੀ ਅਤੇ ਜੱਦੋ ਜਹਿਦ ਜਾਰੀ ਰੱਖੀ । ਮਿੱਟੀ ਭਰਨ ਵਾਲੇ ਥੈਲਿਆਂ ਦੀ ਤੋਟ ਆਉਣ ਕਾਰਨ ਦੋ ਘੰਟੇ ਕੰਮ ਬੰਦ ਕਰਨਾ ਪਿਆ ਜੋ ਕਾਫੀ ਸਮੇਂ ਬਾਅਦ ਜਦੋਂ ਖਾਲੀ ਥੈਲੇ ਪੁੱਜਣ ਮਗਰੋਂ ਸ਼ੁਰੂ ਹੋਇਆ ਅਤੇ ਅੱਜ ਦੁਪਹਿਰ 3 ਵਜੇ ਤੱਕ ਪਾਣੀ ਦੇ ਵਹਾਅ ਨੂੰ ਮਿੱਟੀ ਦੇ ਥੈਲਿਆਂ ਨਾਲ ਇੱਕ ਵਾਰ ਠੱਲ੍ਹਣ ’ਚ ਸਫਲਤਾ ਹਾਸਲ ਕਰ ਲਈ। ਪਾਣੀ ਨੂੰ ਰੋਕਣ ਕਾਰਨ ਕਿਸਾਨਾਂ ਪਿੰਡ ਵਾਸੀਆਂ ਅਤੇ ਖਾਸ ਤੌਰ ਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਾਹ ਵਿੱਚ ਸਾਹ ਆਇਆ। ਇਸ ਮੌਕੇ ਪੰਚਾਇਤਾਂ ਅਤੇ ਕਿਸਾਨਾਂ ਨੇ ਨੁਕਸਾਨ ਦੇ ਮੁਆਵਜੇ ਦੀ ਮੰਗ ਕੀਤੀ ਹੈ।
ਜਾਨ ਤਲੀ ਤੇ ਰੱਖਕੇ ਨਿੱਤਰੇ ਡੇਰਾ ਪੇਮੀ
ਪਿੰਡ ਖੜਿਆਲ ਦੇ ਸਰਪੰਚ ਕੈਪਟਨ ਲਾਭ ਸਿੰਘ ਅਤੇ ਪਿੰਡ ਚੱਠਾ ਨਨਹੇੜਾ ਦੇ ਸਰਪੰਚ ਕੁਲਵੰਤ ਕੌਰ ਦੇ ਪਤੀ ਬਰਿਜ ਲਾਲ ਦਾ ਕਹਿਣਾ ਸੀ ਕਿ ਡੇਰਾ ਪੇਮੀਆਂ ਨੇ ਨਹਿਰ ’ਚ ਦਾਖਲ ਹੋਣ ਮੌਕੇ ਜਾਨ ਤਲੀ ਤੇ ਰੱਖਕੇ ਬਿਨਾਂ ਕਿਸੇ ਸੁਆਰਥ ਦੇ ਜੋ ਕਾਰਜ ਨੇਪਰੇ ਚਾੜ੍ਹਿਆ ਹੈ ਉਸ ਦੀ ਜਿੰਨੀਂ ਵੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਜਦੋਂ ਕੋਈ ਕਿਸੇ ਦੀ ਗੱਲ ਨਹਂਂ ਸੁਣਦਾ ਪਰ ਡੇਰਾ ਸ਼ਰਧਾਲੂਆਂ ਨੇ ਇੱਕ ਅਵਾਜ਼ ਤੇ ਨਹਿਰ ਦਾ ਪਾੜ ਪੂਰਨ ’ਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਇਸ ਸਹਿਯੋਗ ਪ੍ਰਤੀ ਡੇਰਾ ਸੱਚਾ ਸੌਦਾ ਅਤੇ ਡੇਰਾ ਪੈਰੋਕਾਰਾਂ ਦਾ ਦਿਲੋਂ ਧੰਨਵਾਦ ਵੀ ਕੀਤਾ ਹੈ।
ਪੰਜ ਸੌ ਸੇਵਾਦਾਰਾਂ ਨੇ ਨਿਭਾਈ ਸੇਵਾ
ਡੇਰਾ ਸਿਰਸਾ ਦੀ ਪ੍ਰਬੰਧਕੀ ਕਮੇਟੀ ਦੇ 85 ਮੈਂਬਰ ਬਲਦੇਵ ਕ੍ਰਿਸ਼ਨ ਇੰਸਾਂ ਅਤੇ 85 ਮੈਂਬਰ ਰਣਜੀਤ ਸਿੰਘ ਇੰਸਾਂ ਦਾ ਕਹਿਣਾ ਸੀ ਕਿ ਡੇਰਾ ਸ਼ਰਧਾਲੂਆਂ ਨੇ ਕਿਸੇ ਤੇ ਕੋਈ ਅਹਿਸਾਨ ਨਹੀਂ ਕੀਤਾ ਬਲਕਿ ਆਪਣਾ ਇਨਸਾਨੀ ਫਰਜ਼ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਥੈਲਿਆਂ ਕਾਰਨ ਕੰਮ ’ਚ ਵਿਘਨ ਪਿਆ ਸੀ ਪਰ ਹੁਣ ਲਗਾਤਾਰ ਪਾੜ ਪੂਰਿਆ ਜਾ ਰਿਹਾ ਹੈ ਜਿਸ ਦੇ ਜਲਦੀ ਮੁਕੰਮਲ ਹੁਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਕਰੀਬ 5 ਸੌ ਵਲੰਟੀਅਰਾਂ ਨੇ ਇਸ ਕੰਮ ’ਚ ਯੋਗਦਾਨ ਪਾਇਆ ਹੈ।