ਠੇਕਾ ਮੁਲਾਜ਼ਮਾਂ ਵੱਲੋੰ ਮਹਿਕਮੇ 'ਚ ਮਰਜਰ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਧਰਨਾ ਦੂਜੇ ਦਿਨ ਜਾਰੀ
ਅਸ਼ੋਕ ਵਰਮਾ
ਬਠਿੰਡਾ , 10 ਜੂਨ 2026: ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਸੱਦੇ ਤੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਵੱਲੋਂ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਨੂੰ ਲੈਕੇ ਪਰਿਵਾਰਾਂ ਸਮੇਤ ਸ਼ੁਰੂ ਕੀਤਾ ਗਿਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਹੈ। ਤਾਲਮੇਲ ਕਮੇਟੀ ਦੇ ਸੂਬਾਈ ਆਗੂਆਂ ਜਗਸੀਰ ਸਿੰਘ ਭੰਗੂ,ਲਛਮਣ ਸਿੰਘ ਰਾਮਪੁਰਾ ,ਬਾਦਲ ਸਿੰਘ ਭੁੱਲਰ,ਬਲਜਿੰਦਰ ਸਿੰਘ ਮਾਨ ਅਤੇ ਹਰਦੀਪ ਸਿੰਘ ਤੱਗੜ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਦੀ ਮੈਨੇਜਮੈਂਟ ਵਿਭਾਗ ਦੇ ਆਊਟਸੋਰਸਡ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਪੱਕਾ ਕਰਨ ਅਤੇ ਗੁਜ਼ਾਰੇਯੋਗ ਤਨਖ਼ਾਹ ਨਿਸਚਿਤ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ।
ਆਗੂਆਂ ਨੇ ਕਿਹਾ ਕਿ ਵਿਭਾਗ ਵਿੱਚ ਪੱਕਾ ਕਰਨ ਅਤੇ ਤਨਖ਼ਾਹ ਵਾਧੇ ਦੀ ਮੰਗ ਨੂੰ ਲੈਕੇ ਵਿਭਾਗ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋਂ 28 ਮਈ 2026 ਨੂੰ ਮੁੱਖ ਦਫਤਰ ਪਟਿਆਲਾ ਅੱਗੇ ਲਗਾਤਾਰ ਧਰਨਾ ਦੇਣ ਦੇ ਸੰਘਰਸ਼ ਸੱਦੇ ਦੇ ਦਬਾਅ ਸਦਕਾ ਬਿਜਲੀ ਮੰਤਰੀ ਦੀ ਅਗਵਾਈ ਵਿੱਚ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵੱਲੋਂ 24 ਮਈ ਨੂੰ ਖੰਨਾ ਵਿਖੇ ਤਾਲਮੇਲ ਕਮੇਟੀ ਦੇ ਆਗੂਆਂ ਨਾਲ਼ ਕੀਤੀ ਪੈਨਲ ਮੀਟਿੰਗ ਵਿੱਚ ਚੋਣ ਜਾਬਤੇ ਉਪਰੰਤ ਵਿਭਾਗ ਦੇ ਆਊਟਸੋਰਸ਼ਡ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਅਤੇ 15 ਜੂਨ ਤੱਕ ਵਿਭਾਗ ਵਿੱਚ ਮਰਜ਼ ਕਰਕੇ ਨਿਯੁਕਤੀ ਪੱਤਰ ਦੇਣ ਦੀ ਸਹਿਮਤੀ ਬਣੀ ਸੀ ।
ਉਹਨਾਂ ਕਿਹਾ ਕਿ ਹੁਣ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਮੀਟਿੰਗ ਵਿੱਚ ਬਣੀਆਂ ਸਹਿਮਤੀਆਂ ਤੋਂ ਭੱਜ ਰਹੀ ਹੈ ਜਿਸਦੇ ਵਿਰੋਧ ਵਜੋਂ ਉਹਨਾਂ ਨੂੰ ਸੜਕਾਂ ਤੇ ਉਤਰਨਾ ਪਿਆ ਹੈ। ਅੱਜ ਦੇ ਧਰਨੇ ਵਿੱਚ ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਸਿਮਰਜੀਤ ਸਿੰਘ ਦੀ ਅਗਵਾਈ ਵੱਡੀ ਗਿਣਤੀ ਵਿੱਚ ਕਿਸਾਨ ਕਾਰਕੁੰਨ ਵੀ ਸ਼ਾਮਿਲ ਹੋਏ,ਆਗੂਆਂ ਨੇ ਕਿਹਾ ਕਿ ਜਦ ਤੱਕ ਪਾਵਰ ਕਾਰਪੋਰੇਸ਼ਨ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਤਦ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ ।
- Download Babushahi App
-
-