ਠੂਠਿਆਂ ਵਾਲੀ ਦੀ ਜ਼ਮੀਨ ਬਚਾਉਣ ਲਈ MLA ਵਿਜੇ ਸਿੰਗਲਾ ਦੇ ਘਰ ਅੱਗੇ ਰੋਸ ਧਰਨਾ
ਅਸ਼ੋਕ ਵਰਮਾ
ਮਾਨਸਾ, 26 ਜੂਨ 2025 : ਅਰਬਨ ਅਸਟੇਟ ਵਾਸਤੇ ਪਿੰਡ ਠੂਠਿਆਂਵਾਲੀ ਦੇ ਕਿਸਾਨਾਂ ਦੀ ਜਬਰੀ ਰੋਕੀ ਜਾ ਰਹੀ 212 ਏਕੜ ਜਮੀਨ ਬਚਾਉਂਣ ਲਈ ਅੱਜ ਜਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਹਲਕਾ ਮਾਨਸਾ ਦੇ ਵਿਧਾਇਕ ਵਿਜੈ ਸਿੰਗਲਾ ਦੇ ਘਰ ਅੱਗੇ ਧਰਨਾ ਦੇ ਕੇ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਵਿਧਾਇਕ ਇੱਕ ਨੁਮਾਇੰਦੇ ਨੂੰ ਜਮੀਨਾਂ ਜਬਰੀ ਨਾ ਰੋਕਣ ਸੰਬੰਧੀ ਮੰਗ ਪੱਤਰ ਵੀ ਦਿੱਤਾ ਅਤੇ ਵਿਧਾਇਕ ਤੋਂ ਮੰਗ ਕੀਤੀ ਕਿ ਉਹ ਖੁਦ ਦਾਖਲ ਦੇ ਕੇ ਪੰਜਾਬ ਸਰਕਾਰ ਨੂੰ ਜਬਰੀ ਜਮੀਨਾਂ ਐਕਵਾਇਰ ਕਰਨ ਤੋਂ ਰੋਕੇ ਤਾਂ ਜੋ ਕਿਸਾਨਾਂ ਦਾ ਉਜਾੜਾ ਨਾ ਹੋਵੇ। ਇਸ ਮੌਕੇ ਜਮੀਨ ਬਚਾਓ ਸੰਘਰਸ਼ ਕਮੇਟੀ ਦੇ 11 ਮੈਂਬਰਾਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਹਕੂਮਤ ਅਖੌਤੀ ਵਿਕਾਸ ਦੇ ਨਾਅਰੇ ਹੇਠ ਕਿਸਾਨਾਂ ਦੀਆਂ ਉਪਜਾਊ ਜਮੀਨਾਂ ਖੋਹ ਰਹੀ ਹੈ, ਜਿਸ ਨਾਲ ਕਿਸਾਨ ਵਰਗ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਬੁਲਾਰਿਆਂ ਨੇ ਕਿਹਾ ਕਿ ਪਿੰਡ ਠੂਠਿਆਂਵਾਲੀ ਦੇ ਕਿਸਾਨ ਜੋ ਥੋੜੀਆਂ ਜਮੀਨਾਂ ਦੇ ਮਾਲਕ ਹਨ ਉਹਨਾਂ ਦੀ ਮਰਜੀ ਦੇ ਉਲਟ ਫੈਸਲਾ ਕਰਕੇ ਜਮੀਨਾਂ ਖੋਹੀਆਂ ਜਾ ਰਹੀਆਂ ਹਨ।
ਬੁਲਾਰਿਆਂ ਨੇ ਦੱਸਿਆ ਕਿ ਹੁਣ ਤੱਕ ਰੇਲਵੇ ਲਾਈਨਾਂ, ਭਾਰਤ ਮਾਲਾ ਸੜਕ ਜਾਂ ਹੋਰ ਮਕਸਦਾਂ ਲਈ ਕਈ ਹਜ਼ਾਰ ਏਕੜ ਜਮੀਨ ਕਿਸਾਨ ਦੇ ਹੱਥਾਂ ਚੋਂ ਖੋਹ ਚੁੱਕੀ ਹੈ ਤੇ ਹੁਣ ਨਵੀਆਂ ਕਲੌਨੀਆਂ, ਨਵੇਂ ਸ਼ਹਿਰ ਵਸਾਉਂਣ ਦੇ ਨਾ ਹੇਠ ਨਿੱਤ ਦਿਨ ਕਿਸਾਨਾਂ ਕੋਲੋ ਜਮੀਨਾਂ ਜਬਰੀ ਖੋਹਣ ਦੇ ਹੁਕਮ ਜਾਰੀ ਹੋ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ 70# ਕਿਸਾਨ ਪਹਿਲਾ ਹੀ 2 ਤੋਂ ਲੈ ਕੇ 5 ਏਕੜ ਤੱਕ ਦੇ ਮਾਲਕ ਹਨ ਘੱਟ ਜਮੀਨਾਂ ਹੋਣ ਅਤੇ ਹੋਰ ਕਾਰਨਾਂ ਕਰਕੇ ਕਿਸਾਨ ਵੱਡੇ ਕਰਜੇ ਦੇ ਸੰਕਟ ਵਿੱਚ ਫਸੇ ਹੋਏ ਹਨ। ਪੰਜਾਬ ਸਰਕਾਰ ਕਿਸਾਨਾਂ ਦੀ ਆਰਥਿਕ ਪੱਖ ਤੋਂ ਬਾਹ ਫੜਨ ਦੀ ਬਜਾਏ ਸਗੋਂ ਜਿਹੜੇ ਚਾਰ ਖੁੱਡ ਕਿਸਾਨਾਂ ਕੋਲ ਜਮੀਨਾਂ ਹਨ ਉਹ ਵੀ ਖੋਹਣ ਲਈ ਤਰਲੋ ਮੱਛੀ ਹੋ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾਵੇਗਾ। ਜਬਰੀ ਜਮੀਨਾਂ ਰੋਕਣ ਦੇ ਖਿਲਾਫ ਲੋਕ ਲਹਿਰ ਖੜੀ ਕੀਤੀ ਜਾਵੇਗੀ ਅਤੇ ਸਰਕਾਰ ਦੇ ਇਹਨਾਂ ਕਿਸਾਨ ਵਿਰੋਧੀ ਫੈਸਲਿਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜਮੀਨ ਬਚਾਓ ਸੰਘਰਸ਼ ਕਮੇਟੀ ਦੇ 11 ਮੈਂਬਰਾਂ ਤੋਂ ਇਲਾਵਾ ਰਾਮ ਸਿੰਘ ਭੈਣੀ ਬਾਘਾ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜ ਗਿੱਲ, ਕੁਲਵੰਤ ਸਿੰਘ ਕਿਸ਼ਨਗੜ੍ਹ, ਕ੍ਰਿਸ਼ਨ ਚੌਹਾਨ, ਭਜਨ ਸਿੰਘ ਘੁੰਮਣ, ਜਗਦੇਵ ਸਿੰਘ ਭੈਣੀ ਬਾਘਾ, ਨਿਰਮਲ ਸਿੰਘ ਝੰਡੂਕੇ, ਸੁੱਚਾ ਸਿੰਘ, ਅਮਰੀਕ ਸਿੰਘ ਫਫੜੇ ਨੇ ਵੀ ਸੰਬੋਧਨ ਕੀਤਾ।