← ਪਿਛੇ ਪਰਤੋ
ਟੋਟਾ ਚੌਲਾਂ ਦੇ ਮਾਮਲੇ ਵਿੱਚ ਐਸਡੀਐਮ ਨੇ ਡੀਐਫਐਸਸੀ ਨੂੰ ਪੱਤਰ ਜਾਰੀ ਕਰ ਦੋ ਦਿਨਾਂ 'ਚ ਮੰਗੀ ਰਿਪੋਰਟ
ਦੀਪਕ ਜੈਨ
ਜਗਰਾਉਂ/19 ਜੁਲਾਈ 2025 - ਬੀਤੇ ਕੁਝ ਮਹੀਨਿਆਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਅਤੇ ਚਰਚਾ ਦਾ ਵਿਸ਼ਾ ਬਣੇ ਹੋਏ ਐਫਸੀਆਈ ਅੰਦਰ ਲੱਗੇ ਸੈਲਰ ਮਾਲਕਾਂ ਦੇ 50% ਤੱਕ ਟੋਟਾ ਚੋਲਾ ਦੇ ਮਾਮਲੇ ਦੀ ਠੰਡੀ ਪਈ ਜਾਪਦੀ ਅੱਗ ਵਿੱਚੋਂ ਹਾਲੇ ਵੀ ਪੂਰਾ ਸੇਕਾ ਮਾਰ ਰਿਹਾ ਹੈ। ਟੋਟਾ ਚੌਲਾਂ ਦਾ ਮਾਮਲਾ ਚਰਚਾ ਵਿੱਚ ਆਉਣ ਤੋਂ ਬਾਅਦ ਐਸਡੀਐਮ ਜਗਰਾਉਂ ਕਰਨਦੀਪ ਸਿੰਘ ਵੱਲੋਂ ਆਪਣੇ ਹੱਥ ਵਿੱਚ ਲੈਂਦੇ ਹੋਏ (ਡੀਐਫਐਸਸੀ) ਜ਼ਿਲਾ ਫੂਡ ਸਪਲਾਈ ਕੰਟਰੋਲਰ ਨੂੰ ਆਦੇਸ਼ ਦਿੰਦੇ ਹੋਏ ਇੱਕ ਪੱਤਰ ਜਾਰੀ ਕਰ ਇਸ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਮੰਗੀ ਗਈ ਸੀ ਜਿਸ ਨੂੰ ਡੀਐਫਐਸਸੀ ਵੱਲੋਂ ਅਣ ਦੇਖਿਆ ਕਰਦੇ ਹੋਏ ਮਹੀਨੇ ਦਾ ਸਮਾਂ ਬੀਤ ਜਾਣ ਬਾਅਦ ਵੀ ਰਿਪੋਰਟ ਐਸਡੀਐਮ ਦਫਤਰ ਵਿੱਚ ਨਹੀਂ ਭੇਜੀ ਗਈ। ਹੁਣ ਫਿਰ ਤੋਂ ਐਸਡੀਐਮ ਵੱਲੋਂ ਇੱਕ ਨਵਾਂ ਪੱਤਰ ਨੰਬਰ 1399 ਜਾਰੀ ਕਰ ਦੀ ਡੀਐਫਐਸਸੀ ਤੋਂ ਜਾਂਚ ਦੀ ਰਿਪੋਰਟ ਦੋ ਦਿਨਾਂ ਵਿੱਚ ਪੇਸ਼ ਕਰਨ ਲਈ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਐਸਡੀਐਮ ਜਗਰਾਉਂ ਵੱਲੋਂ ਇੱਕ ਹੋਰ ਪੱਤਰ ਨੰਬਰ 1400 ਜੋ ਕਿ ਪੱਤਰ ਨੰਬਰ 1399 ਹੀ ਉਤਾਰਾ ਹੈ, ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਵੀ ਸੂਚਨਾ ਹਿੱਤ ਭੇਜਿਆ ਗਿਆ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਈ ਮਹੀਨਿਆਂ ਤੋਂ ਪੱਤਰ-ਪੱਤਰ ਅਤੇ ਜਾਂਚ ਦੀਆਂ ਖੇਡਾਂ ਖੇਡਦਾ ਹੋਇਆ ਟੋਟਾ ਚੌਲਾਂ ਦੇ ਮਾਮਲੇ ਵਿੱਚ ਕਦੋਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ।
Total Responses : 2243