ਝੋਨੇ ਦੀ ਫਸਲ ਉਪਰ ਮਧਰੇਪਣ ਦੇ ਵਿਸ਼ਾਣੂ ਰੋਗ ਤੋਂ ਬਚਾਅ ਲਈ ਖੇਤੀਬਾੜੀ ਵਿਭਾਗ ਵੱਲੋਂ ਚੌਕਸੀ ਟੀਮਾਂ ਦਾ ਗਠਨ
ਦੀਦਾਰ ਗੁਰਨਾ
- ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਸਰਹਿੰਦ ਤੇ ਖੇੜਾ ਬਲਾਕ ਦੇ ਕਈ ਪਿੰਡਾਂ ਦਾ ਦੌਰਾ, ਕਿਸਾਨਾਂ ਨੂੰ ਕੀਤਾ ਜਾਗਰੂਕ
ਫ਼ਤਹਿਗੜ੍ਹ ਸਾਹਿਬ, 18 ਜੁਲਾਈ 2025 - ਮੁੱਖ ਖੇਤੀਬਾੜੀ ਅਫਸਰ ਡਾ: ਗੁਰਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਿਛਲੇ ਸਾਲਾਂ ਦੌਰਾਨ ਝੋਨੇ ਦੀ ਫਸਲ ਉਪਰ ਮਧਰੇਪਣ ਦੇ ਵਿਸ਼ਾਣੂ ਰੋਗ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਦੱਸਿਆ ਕਿ ਇਸ ਸਾਲ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਪਿੰਡਾਂ ਦੇ ਦੌਰੇ ਕਰਕੇ ਕਿਸਾਨਾਂ ਨੂੰ ਫਸਲਾਂ ਦੇ ਮਧਰੇਪਨ ਦੇ ਵਿਸ਼ਾਣੂ ਰੋਗ ਤੋਂ ਬਚਾਅ ਬਾਰੇ ਜਾਣਕਾਰੀ ਪ੍ਰਦਾਨ ਕਰ ਰਹੀਆਂ ਹਨ ਤਾਂ ਕਿ ਅਜਿਹੇ ਮਾਮਲਿਆਂ ਦੀ ਸੂਰਤ ਵਿੱਚ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਕੀਤੀ ਜਾਂਚ ਪੜਤਾਲ ਦੌਰਾਨ ਅਜਿਹੇ ਕੁਝ ਮਾਮਲੇ ਸਾਹਮਣੇ ਆਏ ਹਨ ਅਤੇ ਕੁਝ ਖੇਤਾਂ ਵਿੱਚ ਫਸਲ ਉਪਰ ਮਧਰੇਪਣ ਦਾ ਵਿਸ਼ਾਣੂ ਰੋਗ ਵੇਖਣ ਵਿੱਚ ਆਇਆ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਅਫਸਰ ਡਾ: ਗੁਰਪਾਲ ਸਿੰਘ, ਖੇਤੀਬਾੜੀ ਵਿਕਾਸ ਅਫਸਰ ਖੇੜਾ ਡਾ: ਇਕਬਾਲਪ੍ਰੀਤ ਸਿੰਘ ਅਤੇ ਖੇਤੀਬਾੜੀ ਸਹਾਇਕ ਰਾਜਵੀਰ ਸਿੰਘ ਦੀ ਟੀਮ ਵੱਲੋਂ ਸਰਹਿੰਦ ਬਲਾਕ ਦੇ ਪਿੰਡ ਸਿੱਧੂਵਾਲ, ਆਦਮਪੁਰ, ਜਲਵੇੜ੍ਹੀ ਗਹਿਲਾਂ, ਲਟੋਰ, ਬਰਕਰਤਪੁਰ, ਰਿਊਣਾ ਨੀਵਾਂ, ਰਿਊਣਾ ਭੋਲਾ, ਜਲਵੇੜ੍ਹਾ, ਮਾਧੋਪੁਰ, ਬੀਬੀਪੁਰ ਅਤੇ ਖੇੜਾ ਬਲਾਕ ਦੇ ਪਿੰਡ ਮਾਨੂੰਪੁਰ, ਰਾਮਪੁਰ, ਅਨਾਇਤਪੁਰ, ਈਸਰਹੇਲ, ਪਮੌਰ, ਸੱਦੋਮਾਜਰਾ, ਝਾਮਪੁਰ ਅਤੇ ਬਲਾੜੀ ਕਲਾਂ ਦਾ ਦੌਰਾ ਕੀਤਾ ਗਿਆ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸਰਹਿੰਦ ਬਲਾਕ ਦੇ ਕੁਝ ਕਿਸਾਨਾਂ ਦੇ ਖੇਤਾਂ ਵਿੱਚ ਫਸਲ ਤੇ ਮਧਰੇਪਨ ਦੇ ਵਿਸ਼ਾਣੂ ਰੋਗ ਹੋਣ ਅਤੇ ਫਸਲ ਦਾ ਰੰਗ ਪੀਲਾ ਹੋਣ ਦੇ ਲੱਛਣ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਥਿਤੀ ਨੂੰ ਵੇਖਦੇ ਹੋਏ ਵਿਭਾਗੀ ਟੀਮ ਵੱਲੋਂ ਫਸਲ ਦਾ ਨਮੂਨਾ ਲੈ ਕੇ ਜਾਂਚ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਭੇਜਿਆ ਗਿਆ ਹੈ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤੀ ਮਾਹਰਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਲਾਕ ਪੱਧਰ 'ਤੇ ਟੀਮਾਂ ਦਾ ਗਠਨ ਕਰਕੇ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਰੋਗ ਸਬੰਧੀ ਕਿਸਾਨਾਂ ਨੂੰ ਸਮੇਂ ਸਿਰ ਜਾਗਰੂਕ ਕਰਕੇ ਇਸ ਬਿਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕੇ।
ਮੁੱਖ ਖੇਤੀਬਾੜੀ ਅਫਸਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਖੇਤ ਵਿੱਚ ਫਸਲ ਉਪਰ ਮਧਰੇਪਣ ਦਾ ਵਿਸ਼ਾਣੂ ਰੋਗ ਦੇ ਹਮਲੇ ਬਾਰੇ ਪਤਾ ਚੱਲਦਾ ਹੈ ਤਾਂ ਮਾਮਲਾ ਤੁਰੰਤ ਵਿਭਾਗੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਕਿ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।