ਜ਼ਿਲ੍ਹਾ ਗਾਈਡੈਂਸ ਕੌਂਸਲਰ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਦਾ ਕੀਤਾ ਦੌਰਾ
ਵਿਦਿਆਰਥੀਆਂ ਨੂੰ ਕਰੀਅਰ ਮਾਰਗਦਰਸ਼ਨ, ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਕੀਤਾ ਪ੍ਰੇਰਿਤ
ਰੋਹਿਤ ਗੁਪਤਾ
ਦੀਨਾਨਗਰ , 28 ਜੁਲਾਈ ਜ਼ਿਲ੍ਹਾ ਗਾਈਡੈਂਸ ਕੌਂਸਲਰ ਸ੍ਰੀ ਮੁਕੇਸ਼ ਵਰਮਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਦੀਨਾ ਨਗਰ ਅਤੇ ਮੈਰੀਟੋਰੀਅਸ ਸਕੂਲ, ਗੁਰਦਾਸਪੁਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ।
ਦੌਰੇ ਦੌਰਾਨ ਵਰਮਾ ਨੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦਿਆਂ ਉਨ੍ਹਾਂ ਨੂੰ ਵੱਖ-ਵੱਖ ਕਿੱਤਾਮੁਖੀ ਕੋਰਸਾਂ, ਉੱਚ ਸਿੱਖਿਆ ਦੇ ਮੌਕਿਆਂ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਯੋਗਤਾ ਅਤੇ ਰੁਚੀ ਅਨੁਸਾਰ ਕਰੀਅਰ ਦੀ ਚੋਣ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਹੀ ਮਾਰਗਦਰਸ਼ਨ, ਨਿਰੰਤਰ ਮਿਹਨਤ ਅਤੇ ਸਕਾਰਾਤਮਕ ਸੋਚ ਹੀ ਸਫਲਤਾ ਦੀ ਕੁੰਜੀ ਹੈ।
ਉਨ੍ਹਾਂ ਪੰਜਾਬ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਆਪਣੇ ਆਲੇ-ਦੁਆਲੇ ਨਸ਼ਿਆਂ ਦੀ ਲਤ ਨਾਲ ਪੀੜਤ ਵਿਅਕਤੀਆਂ ਨੂੰ ਇਲਾਜ ਅਤੇ ਕਾਊਂਸਲਿੰਗ ਰਾਹੀਂ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਜਾਗਰੂਕਤਾ ਅਤੇ ਭਾਗੀਦਾਰੀ ਹੀ ਨਸ਼ਾ-ਮੁਕਤ ਪੰਜਾਬ ਦੀ ਮਜ਼ਬੂਤ ਨੀਂਹ ਸਾਬਤ ਹੋ ਸਕਦੀ ਹੈ।
ਇਸ ਮੌਕੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖਿਆ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲਾਂ ਵਿੱਚ ਵਿਦਿਅਕ, ਸੱਭਿਆਚਾਰਕ ਅਤੇ ਪ੍ਰੇਰਣਾਦਾਇਕ ਗਤੀਵਿਧੀਆਂ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।
ਦੌਰੇ ਦੌਰਾਨ ਜ਼ਿਲ੍ਹਾ ਗਾਈਡੈਂਸ ਕੌਂਸਲਰ ਨੇ ਦੋਵੇਂ ਸਕੂਲਾਂ ਵਿੱਚ ਸਥਾਪਿਤ ਗਾਈਡੈਂਸ ਕਾਰਨਰਾਂ ਦਾ ਨਿਰੀਖਣ ਕੀਤਾ ਅਤੇ ਕਰੀਅਰ ਸਬੰਧੀ ਉਪਲਬਧ ਸਮੱਗਰੀ, ਵਿਦਿਆਰਥੀਆਂ ਲਈ ਪ੍ਰਦਰਸ਼ਿਤ ਜਾਣਕਾਰੀ ਅਤੇ ਸਕੂਲਾਂ ਵੱਲੋਂ ਕਰਵਾਈਆਂ ਗਈਆਂ ਗਤੀਵਿਧੀਆਂ ਦੀਆਂ ਰਿਪੋਰਟਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਦੀਨਾ ਨਗਰ ਦੇ ਪ੍ਰਿੰਸੀਪਲ-ਕਮ-ਬਲਾਕ ਨੋਡਲ ਅਫ਼ਸਰ ਜਸਕਰਨ ਸਿੰਘ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦਾ ਸਹੀ ਕਰੀਅਰ ਮਾਰਗਦਰਸ਼ਨ ਅਤੇ ਚੰਗੇ ਨੈਤਿਕ ਮੁੱਲਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ।
ਬਲਾਕ ਗਾਈਡੈਂਸ ਕੌਂਸਲਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਵਿਦਿਆਰਥੀ ਵਿੱਚ ਵਿਲੱਖਣ ਪ੍ਰਤਿਭਾ ਮੌਜੂਦ ਹੁੰਦੀ ਹੈ ਅਤੇ ਸਹੀ ਸਮੇਂ 'ਤੇ ਸਹੀ ਮਾਰਗਦਰਸ਼ਨ ਮਿਲਣ ਨਾਲ ਉਹ ਆਪਣੀ ਮੰਜ਼ਿਲ ਆਸਾਨੀ ਨਾਲ ਹਾਸਲ ਕਰ ਸਕਦਾ ਹੈ।
- Download Babushahi App
-
-