ਚੰਡੀਗੜ੍ਹ 'ਚ ਕੂੜਾ ਸੁੱਟਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ₹500 ਤੋਂ ₹25,000 ਤੱਕ ਦੇ ਜੁਰਮਾਨੇ
ਉਪਭੋਗਤਾ ਫੀਸਾਂ ਨਿਰਧਾਰਤ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 21 ਸਤੰਬਰ, 2026 : ਚੰਡੀਗੜ੍ਹ ਵਿੱਚ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਨਗਰ ਨਿਗਮ ਵੱਲੋਂ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ। ਨਿਗਮ ਨੇ 'ਸਾਲਿਡ ਵੇਸਟ ਮੈਨੇਜਮੈਂਟ 2026' ਲਈ ਇੱਕ ਨਵਾਂ ਪ੍ਰਸਤਾਵ ਤਿਆਰ ਕੀਤਾ ਹੈ, ਜਿਸ ਨੂੰ 22 ਸਤੰਬਰ ਨੂੰ ਹੋਣ ਵਾਲੀ ਹਾਊਸ ਦੀ ਮੀਟਿੰਗ ਵਿੱਚ ਮਨਜ਼ੂਰੀ ਲਈ ਪੇਸ਼ ਕੀਤਾ ਜਾਵੇਗਾ।
ਨਵੇਂ ਪ੍ਰਸਤਾਵ ਅਨੁਸਾਰ ਜਨਤਕ ਥਾਵਾਂ 'ਤੇ ਕੂੜਾ ਸੁੱਟਣ 'ਤੇ ₹500 ਦਾ ਜੁਰਮਾਨਾ ਲਗਾਇਆ ਜਾਵੇਗਾ, ਜਦਕਿ ਖੁੱਲ੍ਹੇ ਵਿੱਚ ਕੂੜਾ ਸੁੱਟਣ ਜਾਂ ਘਰੇਲੂ/ਦੁਕਾਨ ਦਾ ਕੂੜਾ ਜਨਤਕ ਡਸਟਬਿਨ ਵਿੱਚ ਪਾਉਣ 'ਤੇ ₹15,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਕੂੜੇ ਨੂੰ ਖੁੱਲ੍ਹੇ ਵਿੱਚ ਸਾੜਨ ਦੀ ਉਲੰਘਣਾ 'ਤੇ ₹10,000 ਤੋਂ ₹25,000 ਤੱਕ ਦਾ ਭਾਰੀ ਜੁਰਮਾਨਾ ਨਿਰਧਾਰਤ ਕੀਤਾ ਗਿਆ ਹੈ। ਘਰਾਂ, ਹੋਟਲਾਂ, ਦਫਤਰਾਂ ਅਤੇ ਦੁਕਾਨਾਂ ਤੋਂ ਕੂੜਾ ਚੁੱਕਣ ਲਈ ਮਹੀਨਾਵਾਰ ਉਪਭੋਗਤਾ ਫੀਸ ਵੀ ਤੈਅ ਕੀਤੀ ਗਈ ਹੈ।
ਨਿਯਮਾਂ ਮੁਤਾਬਕ 1 ਜਨਵਰੀ ਤੋਂ ਇਹ ਉਪਭੋਗਤਾ ਫੀਸਾਂ ਅਤੇ ਜੁਰਮਾਨੇ ਦੀਆਂ ਦਰਾਂ ਹਰ ਸਾਲ ਆਪਣੇ ਆਪ 5% ਵਧ ਜਾਣਗੀਆਂ। ਜੇਕਰ ਬਿੱਲ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਉਪਭੋਗਤਾ ਫੀਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਤਾਂ 10% ਦੇਰੀ ਨਾਲ ਭੁਗਤਾਨ ਸਰਚਾਰਜ ਵੀ ਲੱਗੇਗਾ, ਜਿਸ ਦੀ ਵਸੂਲੀ ਪਾਣੀ ਦੇ ਬਿੱਲ ਜਾਂ ਪ੍ਰਾਪਰਟੀ ਟੈਕਸ ਦੇ ਨਾਲ ਕੀਤੀ ਜਾ ਸਕਦੀ ਹੈ।
- Download Babushahi App
-
-