ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਕਿਰਨ ਨਾਲੇ ਅਤੇ ਆਲੇਚੱਕ ਡਰੇਨ ਦੀ ਸਫ਼ਾਈ ਸ਼ੁਰੂ ਹੋਈ
ਬਰਸਾਤੀ ਸੀਜ਼ਨ ਤੋਂ ਪਹਿਲਾਂ ਮੁਕੰਮਲ ਕੀਤੀ ਜਾਵੇਗੀ ਕਿਰਨ ਨਾਲੇ ਅਤੇ ਆਲੇਚੱਕ ਡਰੇਨ ਦੀ ਸਫ਼ਾਈ - ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 25 ਮਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਕਿਰਨ ਨਾਲੇ (ਜਿਸ ਨੂੰ ਸੱਕੀ ਨਾਲਾ ਵੀ ਕਿਹਾ ਜਾਂਦਾ ਹੈ) ਅਤੇ ਆਲੇਚੱਕ ਡਰੇਨ ਦੀ ਸਫ਼ਾਈ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਮੁੱਖ ਮੰਤਰੀ ਪੰਜਾਬ ਅਤੇ ਜਲ ਸਰੋਤ ਮੰਤਰੀ ਨਾਲ ਮੁਲਾਕਾਤ ਕਰਕੇ ਕਿਰਨ ਨਾਲੇ ਦੀ ਸਫ਼ਾਈ ਲਈ 55 ਲੱਖ ਰੁਪਏ ਅਤੇ ਆਲੇਚੱਕ ਡਰੇਨ 20 ਲੱਖ ਰੁਪਏ ਮਨਜ਼ੂਰ ਕਰਵਾ ਲਏ ਹਨ।
ਅੱਜ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਕਿਰਨ ਨਾਲੇ ਅਤੇ ਆਲੇਚੱਕ ਡਰੇਨ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਦੌਰਾਨ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਕਿਰਨ ਨਾਲੇ ਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਲੰਬਾਈ 68 ਕਿੱਲੋਮੀਟਰ ਪੈਂਦੀ ਹੈ ਜੋ ਜ਼ਿਲ੍ਹੇ ਦੇ 40 ਦੇ ਕਰੀਬ ਪਿੰਡਾਂ ਜਿਨ੍ਹਾਂ ਵਿੱਚ ਕਮਾਲਪੁਰ ਅਫ਼ਗ਼ਾਨਾਂ, ਬਲੱਗਣ, ਮੁਕੰਦਪੁਰ, ਹਰਦੋਛੰਨੀ, ਸੱਦਾ-ਸੇਖਾ, ਉੱਚਾ ਧਕਾਲਾ, ਸਿੰਘੋਵਾਲ ਆਦਿ ਦੇ ਬਰਸਾਤੀ ਪਾਣੀ ਦੀ ਨਿਕਾਸੀ ਕਰਕੇ ਅਜਨਾਲੇ ਦੇ ਲਾਗੇ ਦਰਿਆ ਰਾਵੀ ਵਿੱਚ ਮਿਲਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਸੀਜ਼ਨ ਦੌਰਾਨ ਇਸ ਨਾਲੇ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ਅਤੇ ਸਾਲ 2023 ਦੌਰਾਨ ਪਏ ਭਾਰੀ ਮੀਂਹ ਉਪਰੰਤ ਇਨ੍ਹਾਂ ਇਲਾਕਿਆਂ ਵਿੱਚ ਪਾਣੀ 2-3 ਫੁੱਟ ਤੱਕ ਭਰ ਗਿਆ ਸੀ, ਜਿਸ ਕਾਰਨ ਝੋਨੇ ਦੀ ਫ਼ਸਲ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਸੀ। ਸ੍ਰੀ ਬਹਿਲ ਨੇ ਕਿਹਾ ਕਿ ਕਿਰਨ ਨਾਲੇ ਦੀ ਬਹੁਤ ਲੰਮੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਨਾਲੇ ਵਿੱਚ ਬਹੁਤ ਜੰਗਲ-ਬੂਟੀ ਇਕੱਠੀ ਹੋ ਗਈ ਸੀ, ਜਿਸ ਕਾਰਨ ਡਰੇਨ ਵਿੱਚੋਂ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੋ ਪਾ ਰਹੀ ਸੀ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਕਿਰਨ ਨਾਲੇ ਅਤੇ ਆਲੇਚੱਕ ਡਰੇਨ ਦੀ ਸਫ਼ਾਈ ਦਾ ਮੁੱਦਾ ਸਰਕਾਰ ਕੋਲ ਚੁੱਕਿਆ ਸੀ ਅਤੇ ਉਨ੍ਹਾਂ ਦੀ ਲਗਾਤਾਰ ਪੈਰਵੀ ਸਦਕਾ ਪੰਜਾਬ ਸਰਕਾਰ ਵੱਲੋਂ ਸਾਲ 2025-26 ਦੇ ਮਾਨਸੂਨ ਤੋਂ ਪਹਿਲਾਂ ਇਸ ਨਾਲੇ ਨੂੰ ਸਾਫ਼ ਕਰਵਾਉਣ ਲਈ 55 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਪਿੰਡ ਕਮਾਲਪੁਰ ਦੇ ਨਜ਼ਦੀਕ ਕਿਰਨ ਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਜੋ ਬਰਸਾਤੀ ਸੀਜ਼ਨ ਸ਼ੁਰੂ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਗੇ ਦੱਸਿਆ ਕਿ ਇਸੇ ਤਰਾਂ ਗੁਰਦਾਸਪੁਰ ਸ਼ਹਿਰ ਦੇ ਨਜ਼ਦੀਕ ਨਿਕਲਦੀ ਆਲੇਚੱਕ ਡਰੇਨ ਜਿਸ ਦੀ ਕੁੱਲ ਲੰਬਾਈ ਲਗਭਗ 14 ਕਿੱਲੋਮੀਟਰ ਹੈ ਅਤੇ ਇਹ ਡਰੇਨ ਪਿੰਡ ਆਲੇਚੱਕ, ਭੁਕਰਾ, ਸਾਧੂਚੱਕ, ਦਿਉਲ, ਮੀਰਪੁਰ, ਅੱਬਲਖੈਰ, ਮੁਸਤਾਬਾਦ ਸੈਦਾਂ ਸਮੇਤ ਲਗਭਗ 15 ਪਿੰਡਾਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਕਰਦੀ ਹੈ ਅਤੇ ਮਾਨਸੂਨ ਦੇ ਦਿਨਾਂ ਦੌਰਾਨ ਇਨ੍ਹਾਂ ਪਿੰਡਾਂ ਦੀਆਂ ਫ਼ਸਲਾਂ ਨੂੰ ਬਾਰਸ਼ ਦੀ ਮਾਰ ਤੋਂ ਬਚਾਉਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਡਰੇਨ ਦੀ ਵੀ ਸਫ਼ਾਈ ਨਹੀਂ ਸੀ ਹੋਈ ਜਿਸ ਕਾਰਨ ਪਾਣੀ ਦੀ ਨਿਕਾਸੀ ਵਿੱਚ ਮੁਸ਼ਕਲ ਆ ਰਹੀ ਸੀ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਲੇਚੱਕ ਡਰੇਨ ਦੀ ਸਫ਼ਾਈ ਲਈ 20 ਲੱਖ ਰੁਪਏ ਜਾਰੀ ਕੀਤੇ ਗਏ ਹਨ, ਜਿਸ ਦੀ ਸਫ਼ਾਈ ਅੱਜ ਮੀਰਪੁਰ ਦੇ ਨਜ਼ਦੀਕ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਸੀਜ਼ਨ ਤੋਂ ਪਹਿਲਾਂ ਆਲੇਚੱਕ ਡਰੇਨ ਦੀ ਸਫ਼ਾਈ ਮੁਕੰਮਲ ਕਰ ਲਈ ਜਾਵੇਗੀ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਕਿਰਨ ਨਾਲੇ ਅਤੇ ਆਲੇਚੱਕ ਡਰੇਨ ਦੀ ਸਫ਼ਾਈ ਹੋਣ ਨਾਲ ਹੁਣ ਬਰਸਾਤਾਂ ਦੀ ਸੀਜ਼ਨ ਦੌਰਾਨ ਹੜ੍ਹਾਂ ਵਰਗੀ ਸਥਿਤੀ ਪੈਦਾ ਨਹੀਂ ਹੋਵੇਗੀ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਨਹੀਂ ਹੋਵੇਗਾ। ਕਿਰਨ ਨਾਲੇ ਅਤੇ ਆਲੇਚੱਕ ਡਰੇਨ ਦੀ ਸਫ਼ਾਈ ਲਈ ਵਿਸ਼ੇਸ਼ ਗਰਾਂਟ ਜਾਰੀ ਕਰਨ ਲਈ ਉਨ੍ਹਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਓਧਰ ਇਲਾਕੇ ਦੇ ਲੋਕਾਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ ਨੇ ਕਿਹਾ ਕਿ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਉਨ੍ਹਾਂ ਦੀ ਇਸ ਸਮੱਸਿਆ ਨੂੰ ਸਮਝ ਕੇ ਹੱਲ ਕਰਵਾਇਆ ਹੈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਉਹ ਪਿਛਲੀਆਂ ਸਰਕਾਰਾਂ ਮੌਕੇ ਵੀ ਲੀਡਰਾਂ ਅੱਗੇ ਇਨ੍ਹਾਂ ਨਾਲਿਆਂ ਨੂੰ ਸਾਫ਼ ਕਰਨ ਦੀ ਮੰਗ ਕਰਦੇ ਸਨ ਪਰ ਕੋਈ ਵੀ ਇਸ ਵੱਲ ਧਿਆਨ ਨਹੀਂ ਸੀ ਦਿੰਦਾ ਅਤੇ ਬਰਸਾਤਾਂ ਦੌਰਾਨ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਸੀ। ਬਲਾਕ ਪ੍ਰਧਾਨ ਅਤੇ ਸਰਪੰਚ ਬਲਜੀਤ ਸਿੰਘ ਹਰਦੋਛੰਨੀ, ਸਰਪੰਚ ਬਲਜੀਤ ਸਿੰਘ ਬੋਪਾਰਾਏ, ਰੌਸ਼ਨ ਲਾਲ, ਨਿਸ਼ਾਨ ਸਿੰਘ ਬਲੱਗਣ ਅਤੇ ਸਰਪੰਚ ਪ੍ਰੀਤਮ ਸਿੰਘ ਬਲੱਗਣ, ਨਰਿੰਦਰ ਨੇ ਕਿਹਾ ਕਿ ਚੇਅਰਮੈਨ ਰਮਨ ਬਹਿਲ ਨੇ ਇਸ ਨੂੰ ਆਪਣੀ ਸਮੱਸਿਆ ਸਮਝ ਕੇ ਹੱਲ ਕਰਵਾਇਆ ਹੈ ਅਤੇ ਹੁਣ ਬਰਸਾਤੀ ਸੀਜ਼ਨ ਦੌਰਾਨ ਉਨ੍ਹਾਂ ਦੇ ਇਲਾਕੇ ਵਿੱਚ ਹੜ੍ਹ ਦਾ ਖ਼ਤਰਾ ਨਹੀਂ ਬਣੇਗਾ। ਇਲਾਕੇ ਦੇ ਲੋਕਾਂ ਨੇ ਵੀ ਇਨ੍ਹਾਂ ਦੋਵਾਂ ਨਾਲਿਆਂ ਦੀ ਸਫ਼ਾਈ ਲਈ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਪੰਜਾਬ ਸਰਕਾਰ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਹੈ।