ਗੁਲਾਬ ਚੰਦ ਕਟਾਰੀਆ ਵਲੋਂ ਸੰਕਲਪ ਰਾਹੀਂ ਪੰਜਾਬ ਤੋਂ ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ 18 ਨੌਜਵਾਨਾਂ ਦਾ ਸਨਮਾਨ
- ਗਵਰਨਰ ਨੇ ਨੌਜਵਾਨਾਂ ਨੂੰ ਦੱਸਿਆ ਪੰਜਾਬ ਦਾ ਮਾਣ
- ਭਾਰਤ ਵਿਕਾਸ ਚੈਰੀਟੇਬਲ ਟਰੱਸਟ ਵਿਖੇ ਡਾਇਲਸੈਸ ਸੈਂਟਰ ਦਾ ਨੀਂਹ ਪੱਥਰ ਰੱਖਿਆ ਅਤੇ ਕਾਇਆ ਕਲਪ ਕੇਂਦਰ ਦਾ ਕੀਤਾ ਉਦਘਾਟਨ
ਸੁਖਮਿੰਦਰ ਭੰਗੂ
ਲੁਧਿਆਣਾ, 6 ਜੁਲਾਈ 2025 - ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਦੇ ਹਾਲ ਵਿੱਚ ਕਰਵਾਏ ਗਏ ‘ਸੰਕਲਪ ਸਨਮਾਨਿਤ ਸਮਾਗਮ’ ਦੌਰਾਨ ਸੰਕਲਪ ਰਾਹੀਂ ਸਾਲ 2024-25 ਦੀ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ) ਦੀ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕਰਦਿਆਂ ਇਨ੍ਹਾਂ ਨੌਜਵਾਨਾਂ ਨੂੰ ਪੰਜਾਬ ਦਾ ਗੌਰਵ ਅਤੇ ਮਾਣ ਦੱਸਿਆ।
ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਵਿਖੇ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਸੰਕਲਪ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਲ 2024-25 ਵਿੱਚ 1009 ਨੌਜਵਾਨਾਂ ਨੇ ਸੰਘ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਜਿਨ੍ਹਾਂ ਵਿੱਚੋਂ 721 ਸੰਕਲਪ ਦੇ ਹਨ । ਉਨ੍ਹਾਂ ਕਿਹਾ ਕਿ ਇਹ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ 721 ਨੌਜਵਾਨਾਂ ਵਿੱਚੋਂ 18 ਪੰਜਾਬ ਤੋਂ ਹਨ। ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਪੰਜਾਬ ਦਾ ਗੌਰਵ ਅਤੇ ਮਾਣ ਹੋ ਅਤੇ ਤੁਹਾਨੂੰ ਪੂਰੀ ਲਗਨ, ਮੇਹਨਤ ਅਤੇ ਸਮਰਪਨ ਭਾਵਨਾ ਨਾਲ ਦੇਸ਼ ਅਤੇ ਸੂਬਿਆਂ ਦੀ ਸੇਵਾ ਦਾ ਪ੍ਰਣ ਕਰਨਾ ਚਾਹੀਦਾ ਹੈ।
ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਿਹਾ ਦੇਸ਼ ਨੂੰ ਚਲਾਉਣ ਲਈ ਸਭ ਤੋਂ ਮਹੱਤਵਪੂਰਨ ਭੂਮਿਕਾਵਾਂ ਵਿੱਚ ਸੰਘ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਨ ਵਾਲਿਆਂ ਦਾ ਵੀ ਅਹਿਮ ਰੋਲ ਹੈ ਜੋ ਸਰਕਾਰਾਂ ਦੇ ਪ੍ਰੋਗਰਾਮਾਂ, ਨੀਤੀਆਂ, ਭਲਾਈ ਸਕੀਮਾਂ ਅਤੇ ਲੋਕ ਹਿੱਤ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਜਨਤਾ ਦੇ ਮਾਮਲੇ ਸਰਕਾਰ ਤੱਕ ਪਹੁੰਚਾਉਣ ਲਈ ਸਿਵਲ ਸੇਵਾਵਾਂ ਵਾਲੇ ਅਧਿਕਾਰੀ ਮਜ਼ਬੂਤ ਕੜੀ ਹੁੰਦੇ ਹਨ । ਉਨ੍ਹਾਂ ਨੇ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਸੇਵਾ ਭਾਵਨਾ ਨਾਲ ਕੰਮ ਕਰਕੇ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਸ ਤੋਂ ਪਹਿਲਾਂ ਭਾਰਤ ਵਿਕਾਸ ਚੈਰੀਟੇਬਲ ਟਰੱਸਟ ਵਿਖੇ ਡਾਇਲਸੈਸ ਸੈਂਟਰ ਦਾ ਨੀਂਹ ਪੱਥਰ ਰੱਖਿਆ ਅਤੇ ਕਾਇਆ ਕਲਪ ਕੇਂਦਰ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਡਾਇਲਸਿਸ ਇਕ ਮਹਿੰਗਾ ਤਰੀਕਾ ਹੈ ਜਿਸਨੂੰ ਕਰਵਾਉਣ ਲਈ ਹਰ ਵਿਅਕਤੀ ਸਮਰੱਥ ਨਹੀਂ ਹੈ। ਉਨ੍ਹਾਂ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਵੱਡਾ ਭਲਾਈ ਕਾਰਜ ਹੈ ਕਿ ਸੰਸਥਾ ਵੱਲੋਂ ਇਹ ਇਲਾਜ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਨੇ ਆਯੁਰਵੈਦ ਦੇ ਪੰਚ ਕਰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਵੀ ਬਹੁਤ ਅਸਰਦਾਰ ਅਤੇ ਕਾਰਗਰ ਇਲਾਜ ਪ੍ਰਕਿਰਿਆ ਹੈ ਅਤੇ ਸਰੀਰ ਦਾ ਸੋਧਨ ਕਰਨ ਲਈ ਪੰਚ ਕਰਮ ਪ੍ਰਕਿਰਿਆ ਬਹੁਤ ਵਧੀਆ ਹੈ।
ਦੇਸ਼ ਦੇ ਸ਼ਾਨਾਮੱਤੇ ਇਤਿਹਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਦੇਸ਼ ਲਈ ਲਾਸਾਨੀ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾ ਕਿਹਾ ਕਿ ਸਾਰਿਆਂ ਖਾਸਕਰ ਨੌਜਵਾਨਾਂ ਨੂੰ ਪੰਜਾਬ ਦੇ ਗੌਰਵਮਈ ਇਤਿਹਾਸ ਅਤੇ ਅਮੀਰ ਵਿਰਸੇ ਤੋਂ ਜਾਣੂ ਹੋਣਾ ਚਾਹੀਦਾ ਹੈ।
ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਡੀ.ਆਈ.ਜੀ ਨਿਲਾਂਬਰੀ ਜਗਦਲੇ, ਸੰਕਲਪ ਦੇ ਸਰਪ੍ਰਸਤ ਸੰਤੋਸ਼ ਤਨੇਜਾ, ਚੇਅਰਮੈਨ ਨਰਿੰਦਰ ਮਿੱਤਲ, ਪ੍ਰਧਾਨ ਦਵਿੰਦਰ ਗੁਪਤਾ, ਟਰੱਸਟ ਦੇ ਚੇਅਰਮੈਨ ਪੰਕਜ ਜਿੰਦਲ, ਸਕੱਤਰ ਰਾਜੇਸ਼ ਨੌਰੀਆ, ਵਿੱਤ ਸਕੱਤਰ ਸੁਨੀਤਾ ਜੇਤਲੀ, ਏਵਨ ਸਾਈਕਲ ਦੇ ਚੇਅਰਮੈਨ ਓਂਕਾਰ ਸਿੰਘ ਪਾਹਵਾ, ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਅਤੇ ਹੋਰ ਹਾਜ਼ਰ ਸਨ।
———-
ਸੰਘ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨ :
ਜ਼ਿਕਰਯੋਗ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਸੰਕਲਪ ਰਾਹੀਂ ਕੋਚਿੰਗ ਲੈ ਕੇ ਸਾਲ 2024-25 ਦੀ ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕੀਤੀ ਉਨ੍ਹਾਂ ਵਿੱਚ ਮੁਦੀਲਾ ਬਾਂਸਲ ਰੈਂਕ 44 ਲੁਧਿਆਣਾ, ਆਸਥਾ ਸਿੰਘ ਰੈਂਕ 61 ਜ਼ੀਰਕਪੁਰ, ਰਿਆ ਕੁਮਾਰ ਸੇਠੀ ਰੈਂਕ 89 ਮੋਹਾਲੀ, ਦਮਨ ਪ੍ਰੀਤ ਅਰੋੜਾ ਰੈਂਕ 103 ਮੋਹਾਲੀ, ਰਮਨਦੀਪ ਸਿੰਘ ਰੈਂਕ 152 ਪਟਿਆਲਾ, ਸਿਧਕ ਸਿੰਘ (ਰੈਂਕ 157) ਪਟਿਆਲਾ, ਆਰੂਸ਼ੀ ਸ਼ਰਮਾ (ਰੈਂਕ 184) ਜਲੰਧਰ, ਜਸਕਰਨ ਸਿੰਘ (ਰੈਂਕ 240) ਖੰਨਾ, ਗੁਰਕੰਵਲ ਸਿੰਘ (ਰੈਂਕ 353) ਜਲੰਧਰ, ਰੋਮਾ ਬਰਨਾ (ਰੈਂਕ 520) ਪਠਾਨਕੋਟ, ਕਸ਼ਿਸ਼ ਗੁਪਤਾ (ਰੈਂਕ 587) ਮਾਨਸਾ, ਗੁਰਸਿਮਰਤ ਸਿੰਘ (ਰੈਂਕ 598) ਪਟਿਆਲਾ, ਭਵਿਤ ਜੈਨ (ਰੈਂਕ 674) ਸੰਗਰੂਰ , ਰਾਏ ਬਰਿੰਦਰ ਸਿੰਘ (ਰੈਂਕ 780) ਪਟਿਆਲਾ, ਸਰਬਰਾਜ ਸਿੰਘ (ਰੈਂਕ 874) ਹੁਸ਼ਿਆਰਪੁਰ, ਅੰਮ੍ਰਿਤਪਾਲ ਸਿੰਘ (ਰੈਂਕ 877) ਅੰਮ੍ਰਿਤਸਰ, ਲਾਰਸਨ ਸਿੰਗਲਾ (ਰੈਂਕ 936) ਪਟਿਆਲਾ, ਸੰਦੀਪ ਸਿੰਘ (ਰੈਂਕ 981) ਹੁਸ਼ਿਆਰਪੁਰ ਸ਼ਾਮਲ ਹਨ।