ਗੁਰੂ ਸਾਹਿਬਾਨ ਦੀ ਕ੍ਰਿਪਾ ਨਾਲ ਇਲਾਕੇ ਨੂੰ ਵੱਡੇ - ਵੱਡੇ ਪ੍ਰੋਜੈਕਟ ਦੇ ਕੇ ਵਾਅਦੇ ਪੂਰੇ ਕੀਤੇ- ਹਰਜੋਤ ਬੈਂਸ
ਪ੍ਰਮੋਦ ਭਾਰਤੀ
ਨੰਗਲ 07 ਅਕਤੂਬਰ,2025
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਗੁਰੂ ਸਹਿਬਾਨ ਦੀ ਅਪਾਰ ਕ੍ਰਿਪਾ ਨਾਲ ਇਲਾਕੇ ਨੂੰ ਵੱਡੇ ਵੱਡੇ ਪ੍ਰੋਜੈਕਟ ਦੇਣ ਦੇ ਸਮਰੱਥ ਹੋਏ ਹਾਂ। ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਵਿਕਾਸ ਦੀ ਨਵੀ ਲਹਿਰ ਚਲਾ ਦਿੱਤੀ ਹੈ। ਪੰਜਾਬ ਸਰਕਾਰ ਇਸ ਹਲਕੇ ਨੂੰ ਵੱਡੀਆ ਵੱਡੀਆ ਸੋਗਾਤਾਂ ਦੇ ਕੇ ਇਲਾਕੇ ਦਾ ਦਹਾਕਿਆਂ ਤੋ ਰੁਕਿਆ ਹੋਇਆ ਵਿਕਾਸ ਲੀਹ ਤੇ ਲੈ ਆਈ ਹੈ।
ਅੱਜ 11.23 ਕਰੋੜ ਦੀ ਲਾਗਤ ਨਾਲ ਪਲਾਸੀ- ਬੇਲਾਰਾਮਗੜ੍ਹ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਨਾਲ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਇਲਾਕੇ ਵਿੱਚ ਦਹਾਕਿਆਂ ਤੋ ਵਿਕਾਸ ਦੀ ਰਫਤਾਰ ਨੂੰ ਖੜੋਤ ਆਈ ਹੋਈ ਸੀ। ਜਦੋ ਚੋਣਾਂ ਵਿੱਚ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਤਾ ਇੱਥੋ ਦੇ ਹਾਲਾਤ ਦੇਖ ਕੇ ਮਹਿਸੂਸ ਹੋਇਆ ਕਿ ਇਸ ਇਲਾਕੇ ਵਿੱਚ ਅਜ਼ਾਦੀ ਤੋ ਬਾਅਦ ਕੋਈ ਕੰਮ ਨਹੀ ਹੋਇਆ ਹੈ। ਸਰਕਾਰਾ ਦਾ ਕੰਮ ਸੰਤਾਂ ਮਹਾਪੁਰਸ਼ਾ ਨੇ ਕੀਤਾ ਅਤੇ ਉਨ੍ਹਾਂ ਨੇ ਹੀ ਪੁਲ ਬਣਾਏ, ਜਦੋ ਕਿ ਹੜ੍ਹਾਂ ਦੌਰਾਨ ਸਤਲੁਜ ਅਤੇ ਸਵਾਂ ਨਦੀ ਦਾ ਉਫਾਨ ਆਉਣ ਨਾਲ ਇਹ ਇਲਾਕੇ ਬਿਲਕੁਲ ਵੱਖ ਹੋ ਜਾਂਦੇ ਸੀ। ਯੋਜਨਾਬੱਧ ਤਰੀਕੇ ਨਾਲ ਵਿਕਾਸ ਕਾਰਜਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਤੋ ਪਹਿਲਾ ਭੱਲੜੀ ਅਤੇ ਕਲਿੱਤਰਾਂ ਵਿੱਚ 35.48 ਕਰੋੜ ਤੇ 20.77 ਕਰੋੜ ਦੀ ਲਾਗਤ ਨਾਲ ਪੁਲ ਬਣਾਉਣ ਦਾ ਕੰਮ ਸੁਰੂ ਕਰਵਾਇਆ ਹੈ। ਇਨ੍ਹਾਂ ਸਾਰੇ ਪੁਲਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ 18 ਫੁੱਟ ਚੋੜੀਆਂ 11 ਕਿਲੋਮੀਟਰ ਸੜਕਾ ਤੇ 13 ਕਰੋੜ ਰੁਪਏ ਖਰਚੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਪਲਾਸੀ- ਬੇਲਾਰਾਮਗੜ੍ਹ, 179.16 ਮੀਟਰ ਲੰਬਾ ਅਤੇ 10 ਮੀਟਰ ਚੌੜਾ ਤੇ 11.23 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ, ਇਹ ਇਲਾਕੇ ਦੇ ਵਿਕਾਸ ਦੀ ਨਵੀਂ ਦਿਸ਼ਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਗਲੇ 10 ਤੋਂ 15 ਦਿਨਾਂ ਦੇ ਅੰਦਰ 2 ਕਰੋੜ ਰੁਪਏ ਦੇ ਹੋਰ ਕੰਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਸ. ਬੈਂਸ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਨੂੰ ਵਰਲਡ ਕਲਾਸ ਹੈਰੀਟੇਜ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ, ਜਿੱਥੇ ਦਰਬਾਰ ਸਾਹਿਬ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਲਾਈਵ ਲਈ ਬਰਾਡਕਾਸਟ ਸਿਸਟਮ ਲਗਾਇਆ ਜਾਵੇਗਾ।
ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਨਵੰਬਰ ਮਹੀਨੇ ਵਿੱਚ 350 ਸਾਲਾ ਸ਼ਤਾਬਦੀ ਸਮਾਰੋਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਨੂੰ ਸਮਰਪਿਤ ਵਿਸ਼ਾਲ ਪੱਧਰ ‘ਤੇ ਮਨਾਇਆ ਜਾਵੇਗਾ। ਇਸ ਸਮੇਂ ਦੌਰਾਨ ਸਰਬ ਧਰਮ ਸੰਮੇਲਨ ਤੇ ਰੂਹਾਨੀ ਪ੍ਰੋਗਰਾਮ ਵੀ ਕਰਵਾਏ ਜਾਣਗੇ।
ਕੈਬਨਿਟ ਮੰਤਰੀ ਨੇ ਸਾਰੇ ਸਰਪੰਚਾਂ, ਯੂਥ ਕਲੱਬਾਂ ਤੇ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਇਸ ਸ਼ਤਾਬਦੀ ਸਮਾਰੋਹ ਨੂੰ ਇਤਿਹਾਸਕ ਬਣਾਉਣ ਲਈ ਆਪਣਾ ਪੂਰਾ ਸਹਿਯੋਗ ਦੇਣ। ਉਨ੍ਹਾਂ ਨੇ ਕਿਹਾ ਕਿ ਅਗਲੇ ਭਾਗ ‘ਚ ਪਿੰਡਾਂ ਲਈ 50 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਵਿੱਚ ਸੜਕਾਂ, ਸਕੂਲਾਂ, ਗੁਰਦੁਆਰਿਆਂ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਸੁਧਾਰ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ “ਸਾਨੂੰ ਮਾਨ ਹੈ ਕਿ ਸਾਡੇ ਇਲਾਕੇ ਦਾ ਹਰ ਪ੍ਰੋਜੈਕਟ ਗੁਰੂ ਸਾਹਿਬ ਦੀ ਕਿਰਪਾ ਨਾਲ ਲੋਕਾਂ ਦੀ ਸੇਵਾ ਲਈ ਹੈ ਤੇ ਇਹੀ ਸਾਡਾ ਧਰਮ ਤੇ ਫਰਜ਼ ਹੈ।”
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ 5 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰਕੇ ਭਾਈ ਜੈਤਾ ਜੀ ਯਾਦਗਾਰ ਲੋਕ ਅਰਪਣ ਕਰ ਚੁੱਕੇ ਹਨ ਅਤੇ ਵਿਰਾਸਤ ਮਾਰਗ ਦਾ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਇਹ ਇਲਾਕਾ ਧਾਰਮਿਕ ਸੈਰ ਸਪਾਟਾ ਹੱਬ ਵੱਜੋ ਵਿਕਸਤ ਹੋਵੇਗਾ ਅਤੇ ਲੋਕਾਂ ਦੀ ਆਰਥਿਕਤਾ ਮਜਬੂਤ ਹੋਵੇਗੀ। ਇਸ ਮੌਕੇ ਇਲਾਕੇ ਦੀਆਂ ਪੰਚਾਇਤਾ ਵੱਲੋਂ ਸੰਤ ਬਾਬਾ ਗੋਪਾਲਾ ਨੰਦ ਜੀ ਮਹਾਰਾਜ ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾਂ ਪ੍ਰਧਾਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਪੱਮੂ ਢਿੱਲੋਂ ਸਰਪੰਚ, ਅਮਰਜੀਤ ਸਿੰਘ, ਕਰਤਾਰ ਸਿੰਘ, ਗੁਰਨਾਮ ਸਿੰਘ, ਸੇਵਾ ਸਿੰਘ , ਬਚਿੱਤਰ ਸਿੰਘ, ਮਾਸਟਰ ਰਣਜੀਤ ਸਿੰਘ ਭੱਲੜੀ, ਮੇਜਰ ਸਿੰਘ ਭੱਲੜੀ, ਸ਼ਿਵ ਸਰਪੰਚ ਮਜਾਰੀ, ਅਮਿਤ ਵਰਮਾ ਮਜਾਰੀ, ਸੀਤੂ ਭੱਲੜੀ, ਰਾਮਪਾਲ ਸਰਪੰਚ ਬੇਲਾ ਧਿਆਨੀ,ਹਰਪਾਲ ਸਿੰਘ ਸਰਪੰਚ, ਹੁਸ਼ਿਆਰ ਸਿੰਘ ਟਰੱਕ ਯੂਨੀਅਨ ਮੈਂਬਰ, ਗੁਰਜੰਟ ਸਿੰਘ ਕਿਸਾਨ ਵਿੰਗ, ਰਘਬੀਰ ਸਿੰਘ ਸਰਪੰਚ, ਸੁਰੇਸ਼ ਸਰਪੰਚ, ਦਰਸ਼ਨ ਸਿੰਘ ਸਰਪੰਚ ਤੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਤੇ ਪਤਵੰਤੇ ਹਾਜ਼ਰ ਸਨ।