ਪੰਜਾਬੀ ਦੇ ਉੱਘੇ ਲੇਖਕ, ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ, ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦਾ ਅਮਰੀਕਾ ਵਿਖੇ ਹੋਇਆ ਸਨਮਾਨ
ਫਗਵਾੜਾ , 20 ਜਨਵਰੀ 2026 : ਹੈਵਰਡ ਵਿਖੇ ਪੰਜਾਬੀ ਲੇਖਕ ਅਤੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਦੇ ਪ੍ਰਧਾਨ, ਪੰਜਾਬ ਚੇਤਨਾ ਮੰਚ ਦੇ ਸੰਗਠਨ ਸਕੱਤਰ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਦਾ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆਂ ਵੱਲੋਂ ਪ੍ਰਧਾਨ ਕੁਲਵਿੰਦਰ ਦੀ ਅਗਵਾਈ ਵਿੱਚ ਰੂਬਰੂ ਅਤੇ ਸਨਮਾਨ ਕੀਤਾ ਗਿਆ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸੰਦਲੀ ਪੈੜਾਂ ਦੇ ਡਾਇਰੈਕਟਰ ਬਲਜੀਤ ਸਿੰਘ ਨਾਲ ਵੀ ਸਾਹਿਤਕ ਇਕੱਠ ਵਿੱਚ ਗੱਲਬਾਤ ਕੀਤੀ ਗਈ।
ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ, ਪੰਜਾਬ ਤੇ ਦੇਸ਼ ਦੀ ਅਜੋਕੀ ਸਥਿਤੀ , ਪੰਜਾਬੀ ਲੇਖਕ ਦੇ ਸਨਮੁੱਖ ਆ ਰਹੀਆਂ ਸਮੱਸਿਆਵਾਂ ਪ੍ਰਤੀ ਬੇਵਾਕੀ ਨਾਲ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਇਸ ਸਮੇਂ ਸਿਆਸੀ ਖਿਲਾਅ ਵਿੱਚ ਹੈ ਅਤੇ ਪੰਜਾਬ ਨੂੰ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਲੋਕਾਂ ਵੱਲੋਂ ਬੇਗ਼ਾਨਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਪੰਜਾਬ ਦੇ ਬੁੱਧੀਜੀਵੀਆਂ ਨੂੰ ਪੰਜਾਬ ਦੀ ਬੋਲੀ, ਸੱਭਿਆਚਾਰ ਦੀ ਰਾਖੀ ਅਤੇ ਪੰਜਾਬ ਨਾਲ ਹੋ ਰਹੇ ਵਰਤਾਅ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਦਾ ਸੱਦਾ ਦਿੱਤਾ।
ਕਵੀ ਹਰਜਿੰਦਰ ਕੰਗ, ਪ੍ਰਧਾਨ ਕੁਲਵਿੰਦਰ, ਪੰਜਾਬੀ ਬੋਲੀ ਨੂੰ ਪ੍ਰਣਾਈ ਸਖ਼ਸ਼ੀਅਤ ਆਸ਼ਾ ਸ਼ਰਮਾ, ਸੁਰਿੰਦਰ ਧੰਨੋਆ , ਸੁਖਵਿੰਦਰ ਕੰਬੋਜ਼, ਜਗਜੀਤ ਨੋਸ਼ਿਹਰਵੀ ਨੇ ਕਹਾਣੀਕਾਰ ਪ੍ਰਿੰ: ਗੁਰਮੀਤ ਸਿੰਘ ਪਲਾਹੀ ਦੀ ਸਾਹਿਤਕ ਦੇਣ, ਉਹਨਾਂ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੂੰ ਉਹਨਾਂ ਵੱਲੋਂ ਸਾਹਿਤ ਅਤੇ ਸਮਾਜ ਨੂੰ ਦਿੱਤੇ ਉੱਘੇ ਯੋਗਦਾਨ ਲਈ ਸਨਮਾਨ ਪੱਤਰ, ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਕੁਲਵਿੰਦਰ, ਸੁਖਵਿੰਦਰ ਕੰਬੋਜ਼, ਕਵਿਤਰੀ ਸੁਰਜੀਤ ਸਾਖੀ, ਕਵੀ ਅਮਰ ਸਿੰਘ, ਕਵਿਤਰੀ ਅਮਰਜੀਤ ਪੰਨੂ ਨੇ ਕੀਤੀ।
ਇਸ ਸਮੇਂ ਕਰਵਾਏ ਕਵੀ ਦਰਬਾਰ ਵਿੱਚ ਕਵੀ ਦਰਬਾਰ ਵਿੱਚ ਕੁਲਵਿੰਦਰ , ਸੁਰਜੀਤ ਸਖੀ, ਸੁਖਵਿੰਦਰ ਕੰਬੋਜ਼, ਅਮਰ ਸਿੰਘ ਸੂਫ਼ੀ ਕਵੀ, ਅਮਰਜੀਤ ਪਾਲੀ, ਪੰਕਜ ਅੰਸਲ, ਅਵਤਾਰ ਗਧਾਰਾ, ਤਾਰਾ ਸਾਗਰ, ਲਾਜ ਨੀਲਮ ਸੈਣੀ, ਜਗਜੀਤ ਨੌਸ਼ਿਹਰਵੀ ਨੇ ਹਿੱਸਾ ਲਿਆ। ਕਵੀਆਂ ਦੇ ਬੋਲ “ਤੈਨੂੰ ਹੈ ਜਾਪਦਾ ਮੈਂ ਸੁੰਨ ਖੰਡਰ ’ਚ ਹਾਂ”, “ਸੂਰਜ ਨੂੰ ਕੋਲ ਰੱਖ, ਇਹਨਾਂ ਤਾਰਿਆਂ ਦਾ ਹਿਸਾਬ ਦੇ”, “ਖਾਲਸ ਤਾਂ ਬਾਬਾ ਨਾਨਕ ਸੀ”, “ਘਰ ਦੀ ਚੁੱਪ ਤੋਂ ਡਰ ਜਾਵਾਂ”, “ਕਵਿਤਾ ਦੇ ਘਰ ਚ ਹਾਂ”, “ਏ.ਆਈ. ਨੇ ਕੀਲਿਆਂ ਮਾਹੀ”, “ਦਿਲ ਵਿੱਚ ਤਾਰਿਆਂ ਸਾਹਵੇਂ ਮੰਜੀ ਢਾਹੀਏ”, “ਪਿੱਪਲ ਦੀ ਛਾਂ ਵਰਗਾ ਸੀ ਮੇਰਾ ਪੁੱਤ, ਡਾਲਰਾਂ ਨੇ ਪੁੱਤ ਮੋਹ ਲਿਆ” ਜਿਹੇ ਕਵੀਆਂ ਦੇ ਬੋਲਾਂ ਨੇ ਮਹਿਫ਼ਲ ਵਿੱਚ ਵੱਖਰਾ ਹੀ ਰੰਗ ਭਰ ਦਿੱਤਾ। ਪ੍ਰਸਿੱਧ ਨਾਟਕਕਾਰ ਸੁਰਿੰਦਰ ਸਿੰਘ ਧੰਨੋਆ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਸੰਚਾਲ ਦੀ ਭੂਮਿਕਾ ਜਗਜੀਤ ਨੋਸ਼ਿਹਰਵੀ ਨੇ ਬਾਖ਼ੂਬੀ ਨਿਭਾਈ। ਸਾਹਿਤਕ ਮਹਿਫ਼ਲ ਵਿੱਚ ਪ੍ਰਸਿੱਧ ਗਾਇਕ ਸੁਖਦੇਵ ਸਾਹਿਲ ਨੇ ਪ੍ਰਸਿੱਧ ਕਵੀਆਂ ਦੇ ਕਲਾਮ ਪੇਸ਼ ਕਰਕੇ ਮਹਿਫ਼ਲ ਹੀ ਲੁੱਟ ਲਈ। ਭੁਪਿੰਦਰ ਸਿੰਘ ਸੱਲ, ਰਜਿੰਦਰ ਸਿੰਘ ਸੱਲ, ਸਤਵਿੰਦਰ ਸਿੰਘ ਸੱਲ ਪਲਾਹੀ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਪੰਜਾਬੀ ਪ੍ਰੇਮੀ ਹਾਜ਼ਰ ਸਨ।