ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਬਲਤੇਜ ਸਿੰਘ ਢਿੱਲੋਂ ਸੈਨੇਟਰ ਨਿਯੁਕਤ
- ਮੈਂ ਸਾਰੇ ਕੈਨੇਡੀਅਨਾਂ ਦੇ ਹਿੱਤਾਂ ਅਤੇ ਆਵਾਜ਼ ਦੀ ਨੁਮਾਇੰਦਗੀ ਕਰਾਂਗਾ- ਬਲਤੇਜ ਸਿੰਘ ਢਿੱਲੋਂ
ਹਰਦਮ ਮਾਨ
ਸਰੀ, 10 ਫਰਵਰੀ 2025-ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (RCMP) ਵਿੱਚ ਸੇਵਾ ਨਿਭਾਉਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਅਧਿਕਾਰੀ ਬਲਤੇਜ ਸਿੰਘ ਢਿੱਲੋਂ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਵੱਲੋਂ ਬ੍ਰਿਟਿਸ਼ ਕੋਲੰਬੀਆ ਲਈ ਇੱਕ ਸੁਤੰਤਰ ਸੈਨੇਟਰ ਵਜੋਂ ਸੈਨੇਟ ਵਿੱਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਦਾ ਐਲਾਨ ਬੀਤੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤਾ ਗਿਆ। ਉਨ੍ਹਾਂ ਦੇ ਨਾਲ ਕਿਊਬਿਕ ਲਈ ਮਾਰਟੀਨ ਹੇਬਰਟ ਅਤੇ ਸਸਕੈਚਵਨ ਲਈ ਟੌਡ ਲੇਵਿਸ ਨੂੰ ਵੀ ਸੈਨੇਟਰ ਨਿਯੁਕਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ. ਢਿੱਲੋਂ, ਸ੍ਰੀਮਤੀ ਹੇਬਰਟ ਅਤੇ ਸ੍ਰੀ ਲੁਈਸ ਨੂੰ ਸੰਸਦ ਦੇ ਨਵੇਂ ਸੁਤੰਤਰ ਸੈਨੇਟਰ ਵਜੋਂ ਨਿਯੁਕਤੀ 'ਤੇ ਵਧਾਈ ਦਿੰਦਿਆਂ ਕਿਹਾ ਹੈ “ਉਨ੍ਹਾਂ ਦੇ ਵਿਸ਼ਾਲ ਤਜ਼ਰਬੇ ਦਾ ਸੈਨੇਟ ਲਈ ਬਹੁਤ ਵੱਡਾ ਲਾਭ ਹੋਵੇਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਆਪਣੇ ਭਾਈਚਾਰਿਆਂ ਲਈ ਮਜ਼ਬੂਤ ਆਵਾਜ਼ ਬਣਦੇ ਰਹਿਣਗੇ।"
ਜ਼ਿਕਰਯੋਗ ਹੈ ਕਿ ਬਲਤੇਜ ਸਿੰਘ ਢਿੱਲੋਂ ਇੱਕ ਸੇਵਾ ਮੁਕਤ ਕੈਰੀਅਰ ਪੁਲਿਸ ਅਧਿਕਾਰੀ, ਇੱਕ ਕਮਿਊਨਿਟੀ ਲੀਡਰ ਅਤੇ ਵਿਭਿੰਨਤਾ ਅਤੇ ਸਮਾਵੇਸ਼ ਲਈ ਜੀਵਨ ਭਰ ਵਕੀਲ ਸਨ। 1991 ਵਿੱਚ ਉਸ ਨੇ ਦਸਤਾਰ ਪਹਿਨਣ ਵਾਲੇ ਪਹਿਲੇ RCMP ਅਧਿਕਾਰੀ ਵਜੋਂ "ਇਤਿਹਾਸ ਰਚਿਆ"। ਉਸ ਨੇ RCMP ਨਾਲ 30 ਸਾਲਾਂ ਦਾ ਸਫਲ ਕਰੀਅਰ ਬਣਾਇਆ, ਕਈ ਉੱਚ-ਪ੍ਰੋਫਾਈਲ ਜਾਂਚਾਂ ਵਿੱਚ ਮੁੱਖ ਭੂਮਿਕਾ ਨਿਭਾਈ। 2019 ਤੋਂ ਉਸ ਨੇ ਬ੍ਰਿਟਿਸ਼ ਕੋਲੰਬੀਆ ਦੀ ਗੈਂਗ-ਵਿਰੋਧੀ ਏਜੰਸੀ ਨਾਲ ਕੰਮ ਕੀਤਾ ਹੈ ਅਤੇ ਇੱਕ ਆਗੂ ਵਜੋਂ ਆਪਣੇ ਭਾਈਚਾਰੇ ਵਿੱਚ ਸਰਗਰਮ ਰਿਹਾ ਹੈ।
ਉਨ੍ਹਾਂ ਨੇ ਪਿਛਲੇ ਸਾਲ ਸੱਤਾਧਾਰੀ ਬੀਸੀ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਉਮੀਦਵਾਰ ਵਜੋਂ ਬ੍ਰਿਟਿਸ਼ ਕੋਲੰਬੀਆ ਵਿੱਚ ਸੂਬਾਈ ਚੋਣ ਲੜੀ ਸੀ ਪਰ ਹਾਰ ਗਏ ਸਨ। ਆਪਣੇ ਲੰਬੇ ਕਰੀਅਰ ਦੌਰਾਨ ਸ. ਢਿੱਲੋਂ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਸੇਵਾ ਨਿਭਾਈ ਅਤੇ 1985 ਵਿੱਚ ਖਾਲਿਸਤਾਨ ਪੱਖੀ ਅੱਤਵਾਦੀਆਂ ਦੁਆਰਾ ਏਅਰ ਇੰਡੀਆ ਦੀ ਉਡਾਣ 182, ਕਨਿਸ਼ਕ 'ਤੇ ਬੰਬ ਧਮਾਕੇ ਸਮੇਤ ਮਹੱਤਵਪੂਰਨ ਜਾਂਚਾਂ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਫੇਸਬੁੱਕ 'ਤੇ ਇੱਕ ਬਿਆਨ ਵਿੱਚ ਸ. ਢਿੱਲੋਂ ਨੇ ਕਿਹਾ, “ਸੈਨੇਟਰ ਵਜੋਂ ਨਿਯੁਕਤ ਹੋਣ ‘ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਹ ਸ਼ਾਨਦਾਰ ਸਨਮਾਨ ਲਈ ਮੈਂ ਬੇਹੱਦ ਸ਼ੁਕਰਗੁਜ਼ਾਰ ਹਾਂ ਅਤੇ ਵੱਕਾਰੀ ਭੂਮਿਕਾ ਵਿਚ ਆਪਣੇ ਦੇਸ਼ ਦੀ ਸੇਵਾ ਕਰਨ ਲਈ ਪ੍ਰਦਾਨ ਕੀਤੇ ਇਸ ਮੌਕੇ ਲਈ ਬਹੁਤ ਧੰਨਵਾਦੀ ਹਾਂ”। "ਇੱਕ ਸੈਨੇਟਰ ਹੋਣ ਦੇ ਨਾਤੇ, ਮੈਂ ਸਾਰੇ ਕੈਨੇਡੀਅਨਾਂ ਦੇ ਹਿੱਤਾਂ ਅਤੇ ਆਵਾਜ਼ ਦੀ ਨੁਮਾਇੰਦਗੀ ਕਰਨ ਲਈ ਸਮਰਪਿਤ ਹਾਂ। ਇਕੱਠੇ ਮਿਲ ਕੇ ਅਸੀਂ ਇੱਕ ਹੋਰ ਸਮਾਵੇਸ਼ੀ, ਖੁਸ਼ਹਾਲ ਅਤੇ ਬਰਾਬਰੀ ਵਾਲਾ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਇਨ੍ਹਾਂ ਅਨਿਸ਼ਚਿਤ ਸਮਿਆਂ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਰਾਸ਼ਟਰ ਵਜੋਂ ਇੱਕਜੁੱਟ ਹੋਈਏ”।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com
Click to Follow Babushahi Facebook page →