ਕਾਹਨੂੰਵਾਨ ਬਲਾਕ ਦੇ ਸਕੂਲਾਂ ਦਾ ਜ਼ਿਲ੍ਹਾ ਗਾਈਡੈਂਸ ਕੌਂਸਲਰ ਵੱਲੋਂ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ, 21 ਜੁਲਾਈ
ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਵੱਲੋਂ ਅੱਜ ਕਾਹਨੂੰਵਾਨ ਬਲਾਕ-1 ਅਤੇ ਬਲਾਕ-2 ਦੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਗਾਈਡੈਂਸ ਕੌਂਸਲਰ ਜਸਵਿੰਦਰ ਸਿੰਘ (ਸਟੇਟ ਐਵਾਰਡੀ) ਵੀ ਮੌਜੂਦ ਸਨ।
ਦੌਰੇ ਦੌਰਾਨ ਮੁਕੇਸ਼ ਵਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕਾਹਨੂੰਵਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਾਹਨੂੰਵਾਨ, ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟ ਧੰਦਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੈਣੇਕੋਟ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਸਕੂਲਾਂ ਵਿੱਚ ਚੱਲ ਰਹੀਆਂ ਅਕਾਦਮਿਕ ਅਤੇ ਗਾਈਡੈਂਸ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਸਕੂਲ ਮੁਖੀਆਂ, ਗਾਈਡੈਂਸ ਕੌਂਸਲਰਾਂ ਅਤੇ ਅਧਿਆਪਕਾਂ ਨਾਲ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ।
ਉਨ੍ਹਾਂ ਨੇ ਸਕੂਲ ਮੁਖੀਆਂ ਅਤੇ ਗਾਈਡੈਂਸ ਕੌਂਸਲਰਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਜਾਰੀ ਗਤੀਵਿਧੀ ਕੈਲੰਡਰ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ, ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਅਤੇ ਸਾਰੀਆਂ ਗਤੀਵਿਧੀਆਂ ਦਾ ਵਿਵਸਥਿਤ ਰਿਕਾਰਡ ਤਿਆਰ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਗਾਈਡੈਂਸ ਗਤੀਵਿਧੀਆਂ ਦੇ ਰਜਿਸਟਰ ਨੂੰ ਨਿਯਮਤ ਰੂਪ ਵਿੱਚ ਅਪਡੇਟ ਕਰਨ ਅਤੇ ਸਕੂਲਾਂ ਵਿੱਚ ਸਥਾਪਿਤ ਗਾਈਡੈਂਸ ਕਾਰਨਰ ਨੂੰ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਲਾਭਦਾਇਕ ਬਣਾਉਣ 'ਤੇ ਵੀ ਜ਼ੋਰ ਦਿੱਤਾ ਗਿਆ।
ਇਸ ਮੌਕੇ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਤੋਂ ਦੂਰ ਰਹਿਣ, ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਸਿਹਤਮੰਦ, ਅਨੁਸ਼ਾਸਿਤ ਤੇ ਉਦੇਸ਼ਪੂਰਨ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਗਿਆ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਨੌਵੀਂ ਜਮਾਤ ਤੋਂ ਹੀ ਆਪਣੇ ਕਰੀਅਰ ਦੀ ਯੋਜਨਾ ਬਣਾਉਣ, ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ, ਕਿੱਤਾਮੁਖੀ ਕੋਰਸਾਂ ਅਤੇ ਰੁਜ਼ਗਾਰਮੁਖੀ ਮੌਕਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਲਗਾਤਾਰ ਮਿਹਨਤ ਰਾਹੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਸੰਕਲਪ ਲੈਣ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕੀਤੀ ਗਈ ਯੋਜਨਾਬੱਧ ਤਿਆਰੀ ਹੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਬਿਹਤਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀ ਹੈ।
ਇਸ ਮੌਕੇ ਇੰਚਾਰਜ ਰਵਿੰਦਰ ਕੌਰ, ਅਮਨਦੀਪ ਕੌਰ, ਵੀਨਾ ਕੁਮਾਰੀ, ਰਜਿੰਦਰ ਕੁਮਾਰ, ਬਲਾਕ ਗਾਈਡੈਂਸ ਕੌਂਸਲਰ ਕਾਹਨੂੰਵਾਨ-2 ਗੁਰਪ੍ਰੀਤ ਸਿੰਘ, ਵਿਕਾਸ ਕੁਮਾਰ, ਇੰਚਾਰਜ ਗੁਰਪ੍ਰੀਤ ਸਿੰਘ ਅਤੇ ਹੋਰ ਅਧਿਆਪਕ ਹਾਜ਼ਰ ਸਨ।
- Download Babushahi App
-
-