ਕਈ ਹਾਦਸਿਆਂ ਤੋਂ ਬਾਅਦ ਜਾਗਿਆ PWD ਵਿਭਾਗ; ਖ਼ਬਰਾਂ ਛਪਣ ਤੋਂ ਬਾਅਦ ਪੁਲ ’ਤੇ ਲੱਗੀ ਸੁਰੱਖਿਆ ਰੇਲਿੰਗ
ਜਗਰਾਉਂ(ਦੀਪਕ ਜੈਨ)
ਝਾਂਸੀ ਰਾਣੀ ਚੌਂਕ ਨੇੜੇ ਸਥਿਤ ਰੇਲਵੇ ਪੁਲ ਦੀ ਸੁਰੱਖਿਆ ਰੇਲਿੰਗ ਦਾ ਮਾਮਲਾ ਪਿਛਲੇ ਕਈ ਮਹੀਨਿਆਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਕਰੀਬ ਚਾਰ ਮਹੀਨੇ ਪਹਿਲਾਂ ਹਟਾਈ ਗਈ ਰੇਲਿੰਗ ਨਾ ਲੱਗਣ ਕਾਰਨ ਪੁਲ ਤੋਂ ਲੰਘਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਸਨ। ਇਸ ਮਾਮਲੇ ਸਬੰਧੀ ਅਖ਼ਬਾਰਾਂ ਵਿੱਚ ਲਗਾਤਾਰ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਆਖ਼ਰਕਾਰ ਪੀ.ਡਬਲਯੂ.ਡੀ. ਵਿਭਾਗ ਹਰਕਤ ਵਿੱਚ ਆਇਆ ਅਤੇ ਅੱਜ ਪੁਲ ’ਤੇ ਸੁਰੱਖਿਆ ਰੇਲਿੰਗ ਲਗਾਉਣ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ।
ਰੇਲਿੰਗ ਲਗਾਉਣ ਦਾ ਕੰਮ ਪੁਲਿਸ ਦੀ ਸਹਾਇਤਾ ਅਤੇ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਦੌਰਾਨ ਕੁਝ ਦੁਕਾਨਦਾਰਾਂ ਵੱਲੋਂ ਰੇਲਿੰਗ ਲਗਾਉਣ ਨੂੰ ਲੈ ਕੇ ਵਿਰੋਧ ਵੀ ਕੀਤਾ ਗਿਆ, ਪਰ ਪੁਲ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਵਿਭਾਗ ਵੱਲੋਂ ਕੰਮ ਜਾਰੀ ਰੱਖਿਆ ਗਿਆ।ਜਗਰਾਓਂ ਦੀਆਂ ਸਮਾਜ ਸੇਵੀ ਸੰਸਤਾਵਾਂ ਵਲੋਂ ਵੀ ਰੇਲਿੰਗ ਨੂੰ ਲੈਕੇ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਜ਼ਿਕਰਯੋਗ ਹੈ ਕਿ ਰੇਲਿੰਗ ਨਾ ਹੋਣ ਕਾਰਨ ਪੁਲ ’ਤੇ ਕਈ ਹਾਦਸੇ ਵਾਪਰਨ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿਣ ਕਾਰਨ ਲੋਕਾਂ ਵਿੱਚ ਪ੍ਰਸ਼ਾਸਨ ਪ੍ਰਤੀ ਰੋਸ ਵਧ ਰਿਹਾ ਸੀ। ਇਸ ਗੰਭੀਰ ਮਾਮਲੇ ਨੂੰ ਪੰਜਾਬ ਦੇ ਪੀ.ਡਬਲਯੂ.ਡੀ. ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਮੰਤਰੀ ਵੱਲੋਂ ਪ੍ਰਸ਼ਾਸਨ ਨੂੰ ਰੇਲਿੰਗ ਤੁਰੰਤ ਲਗਾਉਣ ਦੇ ਸਖ਼ਤ ਹੁਕਮ ਦਿੱਤੇ ਗਏ।
ਮੰਤਰੀ ਦੇ ਹੁਕਮਾਂ ਤੋਂ ਬਾਅਦ ਪੀ.ਡਬਲਯੂ.ਡੀ. ਵਿਭਾਗ ਵੱਲੋਂ ਪੁਲਿਸ ਸਹਾਇਤਾ ਲਈ ਪ੍ਰਸ਼ਾਸਨ ਨੂੰ ਪੱਤਰ ਭੇਜਿਆ ਗਿਆ। ਕਰੀਬ ਇੱਕ ਹਫ਼ਤੇ ਬਾਅਦ ਪੁਲਿਸ ਦੀ ਸਹਾਇਤਾ ਮਿਲਣ ਉਪਰੰਤ ਅੱਜ ਰੇਲਿੰਗ ਲਗਾਉਣ ਦਾ ਕੰਮ ਪੂਰਾ ਕਰ ਦਿੱਤਾ ਗਿਆ। ਰੇਲਿੰਗ ਲੱਗਣ ਨਾਲ ਹੁਣ ਪੁਲ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਵੱਲੋਂ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਤਾਂ ਹਾਦਸਿਆਂ ਦਾ ਖ਼ਤਰਾ ਇੰਨੇ ਲੰਬੇ ਸਮੇਂ ਤੱਕ ਨਾ ਬਣਿਆ ਰਹਿੰਦਾ।
- Download Babushahi App
-
-