ਆਜ਼ਾਦੀ ਘੁਲਾਟੀਆਂ ਦੀ ਯਾਦਗਾਰ ਵਜੋਂ ਵਿਸ਼ੇਸ਼ ਸਨਮਾਨ ਦਿਵਾਰ ਤਿਆਰ ਕੀਤੀ
ਮਹਾਨ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ : ਡਾ. ਹਰਜਿੰਦਰ ਸਿੰਘ ਬੇਦੀ
ਰੋਹਿਤ ਗੁਪਤਾ
ਗੁਰਦਾਸਪੁਰ 14 ਸਤੰਬਰ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿੱਚ ਆਜ਼ਾਦੀ ਘੁਲਾਟੀਆਂ ਦੀ ਯਾਦਗਾਰ ਵਜੋਂ ਵਿਸ਼ੇਸ਼ ਸਨਮਾਨ ਦਿਵਾਰ ਉਨ੍ਹਾਂ ਦੀਆ ਫੋਟੋਆਂ ਲਗਵਾ ਕੇ ਤਿਆਰ ਕਰਵਾਈ ਗਈ । ਦਿਵਾਰ ਦਾ ਉਦਘਾਟਨ ਆਜ਼ਾਦੀ ਘੁਲਾਟੀਆਂ ਨੂੰ ਕੋਟਿੰਨ ਕੋਟਿੰਨ ਪ੍ਰਣਾਮ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ.ਹਰਜਿੰਦਰ ਸਿੰਘ ਬੇਦੀ,ਆਈਏਐਸ ਜੀ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਪ੍ਰਧਾਨ ਬਖਤਾਵਰ ਸਿੰਘ ਦੀ ਹਾਜ਼ਰੀ ਵਿੱਚ ਆਪਣੇ ਕਰ-ਕਮਲਾਂ ਨਾਲ ਕੀਤਾ ।ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਸੀਂ ਸਾਰੇ ਮਹਾਨ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਬਦੌਲਤ ਹੀ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ।ਉਨ੍ਹਾਂ ਦੱਸਿਆ ਕਿ ਆਜ਼ਾਦੀ ਘੁਲਾਟੀਆਂ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦੇ ਪੁਰਖਿਆਂ ਦੀ ਯਾਦ ਵਿੱਚ ਯਾਦਗਾਰ ਬਣਾਈ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਸ ਤੋਂ ਚੰਗਾ ਸੁਨੇਹਾ ਲੈ ਸਕਣ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਸ਼ੇਸ਼ ਯਾਦਗਾਰ ਦਿਵਾਰ ਦੇ ਰੂਪ ਵਿੱਚ ਬਨਾਉਣ,ਆਜ਼ਾਦੀ ਘੁਲਾਟੀਆਂ ਦੀਆਂ ਫੋਟੋਆਂ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਲਈ ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਊਸਲਰ,ਜਗਤ ਪੰਜਾਬੀ ਸਭਾ ਕਨੇਡਾ ਪੰਜਾਬ ਇਕਾਈ ਦੇ ਪ੍ਰਧਾਨ ਮੁਕੇਸ਼ ਵਰਮਾ,ਮੀਤ ਪ੍ਰਧਾਨ ਸਰਵਣ ਸਿੰਘ ਧੰਦਲ,ਸਰਬਜੀਤ ਸਿੰਘ ਡਿਗਰਾ,ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੁਰਦਾਸਪੁਰ ਦੇ ਪ੍ਰਧਾਨ ਤਰਸੇਮ ਸਿੰਘ ਧੰਦਲ,ਮੈਂਬਰ ਰਾਜਵਿੰਦਰ ਸਿੰਘ ਢਿੱਲੋਂ,ਜਸਮੀਤ ਸਿੰਘ ਅਤੇ ਆਜ਼ਾਦੀ ਘੁਲਾਟੀਆਂ ਦੇ ਪ੍ਰਧਾਨ ਬਖਤਾਵਰ ਸਿੰਘ ਦੀ ਡਿਊਟੀ ਲਗਾਈ ਸੀ ।ਉਨ੍ਹਾਂ ਅੱਗੇ ਦੱਸਿਆ ਕਿ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ਼ ਕੰਮ ਕਰਦਿਆਂ ਇਸ ਯਾਦਗਾਰ ਨੂੰ ਬਣਾਇਆ ਹੈ । ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਉਣ ਵਾਲੇ ਨਾਗਰਿਕਾਂ ਨੂੰ ਉਨ੍ਹਾਂ ਸੁਨੇਹਾ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਤੁਸੀਂ ਕਿਸੇ ਵੀ ਕੰਮ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਉਂਦੇ ਹੋ ਤਾਂ ਆਪਣੇ ਪੁਰਖਿਆਂ ਆਜ਼ਾਦੀ ਘੁਲਾਟੀਆਂ ਨੂੰ ਪ੍ਰਣਾਮ ਕਰਕੇ ਜ਼ਰੂਰ ਜਾਣਾ ।ਉਨ੍ਹਾਂ ਕਿਹਾ ਕਿ ਹਰ ਭਾਰਤੀ ਨਾਗਰਿਕ ਨੂੰ ਇਹ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਕਿ ਜਿਸ ਆਜ਼ਾਦੀ ਦਾ ਉਹ ਆਨੰਦ ਮਾਣ ਰਿਹਾ ਹੈ ,ਉਸ ਨੂੰ ਦਿਵਾਉਣ ਲਈ ਆਜ਼ਾਦੀ ਘੁਲਾਟੀਆਂ ਨੂੰ ਕਿੰਨੀ ਲੰਬੀ ਲੜਾਈ ਲੜਨੀ ਪਈ।ਉਨ੍ਹਾਂ ਦੱਸਿਆ ਕਿ ਸਮਰਪਣ ਸੁਸਾਇਟੀ ਅਤੇ ਆਜ਼ਾਦੀ ਘੁਲਾਟੀਆਂ ਦੇ ਪ੍ਰਧਾਨ ਇਸ ਦਿਵਾਰ ਦੇ ਸਨਮਾਨ ਲਈ ਇਸ ਦੀ ਨਿਰੰਤਰਤ ਸਾਂਭ ਸੰਭਾਲ ਕਰਨਗੇ ।ਇਸ ਮੌਕੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਅੰਤ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ.ਹਰਜਿੰਦਰ ਸਿੰਘ ਬੇਦੀ ਜੀ ਅਤੇ ਦਿਵਾਰ ਦਾ ਨਿਰਮਾਣ ਕਰਵਾਉਣ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ ।