ਆਈ.ਈ.ਟੀ. ਭੱਦਲ ਰੋਪੜ ਵਿਖੇ “ਈ-ਲਰਨਿੰਗ ਐਪਲੀਕੇਸ਼ਨਜ਼” ਵਿਸ਼ੇ ’ਤੇ ਲੈਕਚਰ ਦਾ ਆਯੋਜਨ
ਮਨਪ੍ਰੀਤ ਸਿੰਘ
ਰੂਪਨਗਰ 20 ਜਨਵਰੀ
ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਰੋਪੜ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਅਤੇ ਇੰਸਟੀਟਿਊਸ਼ਨ ਇਨੋਵੇਸ਼ਨ ਕੌਂਸਿਲ ਵੱਲੋਂ ਕੈਰੀਅਰ ਗਾਈਡੈਂਸ ਵਿਭਾਗ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ “ਈ-ਲਰਨਿੰਗ ਐਪਲੀਕੇਸ਼ਨਜ਼” ਵਿਸ਼ੇ ’ਤੇ ਇੱਕ ਮਾਹਿਰ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਅਕਾਦਮਿਕ ਸਮਾਗਮ ਵਿੱਚ ਡਾ. ਕਨਵ ਖੇੜਾ, ਪ੍ਰੋਫੈਸਰ - ਡਿਪਾਰਟਮੈਂਟ ਆਫ ਫਾਰਮੇਸੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਚਰਨਜੀਤ ਕੌਰ, ਸਹਾਇਕ ਪ੍ਰੋਫੈਸਰ ਵੱਲੋਂ ਸਵਾਗਤੀ ਭਾਸ਼ਣ ਨਾਲ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਮੁੱਖ ਵਕਤਾ, ਫੈਕਲਟੀ ਅਤੇ ਸਟਾਫ ਮੈਂਬਰਾਂ ਨੂੰ ਜੀ ਆਇਆ ਆਖਿਆ। ਆਪਣੇ ਸੰਬੋਧਨ ਦੌਰਾਨ ਮੁੱਖ ਵਕਤਾ ਡਾ. ਕਨਵ ਖੇੜਾ ਨੇ ਡਿਜੀਟਲ ਸਿੱਖਿਆ ਦੇ ਮੌਜੂਦਾ ਰੁਝਾਨਾਂ, ਈ-ਲਰਨਿੰਗ ਪਲੇਟਫਾਰਮਾਂ, ਵਰਚੁਅਲ ਕਲਾਸਰੂਮਾਂ, ਆਨਲਾਈਨ ਅਸੈਸਮੈਂਟ ਟੂਲਜ਼ ਅਤੇ ਵਿਦਿਆਰਥੀ-ਕੇਂਦਰਿਤ ਸਿੱਖਣ ਪ੍ਰਕਿਰਿਆ ’ਤੇ ਵਿਸਥਾਰਪੂਰਵਕ ਰੋਸ਼ਨੀ ਪਾਈ। ਉਨ੍ਹਾਂ ਨੇ ਦੱਸਿਆ ਕਿ ਆਧੁਨਿਕ ਟੈਕਨਾਲੋਜੀ ਦੇ ਸਹੀ ਉਪਯੋਗ ਨਾਲ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਦਿਲਚਸਪ ਬਣਾਇਆ ਜਾ ਸਕਦਾ ਹੈ। ਇਸ ਮੌਕੇ ਕੈਂਪਸ ਦੇ ਰਜਿਸਟਰਾਰ-ਕਮ-ਡਾਇਰੈਕਟਰ ਡਾ. ਐਸ. ਐਸ. ਬਿੰਦਰਾ ਨੇ ਕਿਹਾ ਕਿ ਡਿਜੀਟਲ ਯੁੱਗ ਵਿੱਚ ਈ-ਲਰਨਿੰਗ ਸਿਰਫ਼ ਇੱਕ ਵਿਕਲਪ ਨਹੀਂ ਰਹੀ, ਸਗੋਂ ਇਹ ਸਿੱਖਿਆ ਪ੍ਰਣਾਲੀ ਦਾ ਅਟੁੱਟ ਹਿੱਸਾ ਬਣ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਹਿਰ ਲੈਕਚਰ ਫੈਕਲਟੀ ਵਿੱਚ ਨਵੀਂ ਸੋਚ, ਨਵੀਨਤਾ ਅਤੇ ਟੈਕਨਾਲੋਜੀ ਪ੍ਰਤੀ ਰੁਚੀ ਪੈਦਾ ਕਰਦੇ ਹਨ ਅਤੇ ਉਨ੍ਹਾਂ ਦੀਆਂ ਡਿਜੀਟਲ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ, ਜਿਸ ਨਾਲ ਉਹ ਗਲੋਬਲ ਪੱਧਰ ’ਤੇ ਮੁਕਾਬਲੇਯੋਗ ਬਣ ਸਕਦੇ ਹਨ। ਡਾ. ਗੁਰਪ੍ਰੀਤ ਸਿੰਘ, ਗਰੁੱਪ ਡਾਇਰੈਕਟਰ – ਅਕਾਦਮਿਕ ਨੇ ਕਿਹਾ ਕਿ ਇਸ ਮਾਹਿਰ ਲੈਕਚਰ ਦੇ ਆਯੋਜਨ ਦਾ ਮੁੱਖ ਮਕਸਦ ਫੈਕਲਟੀ ਮੈਂਬਰਾਂ ਨੂੰ ਈ-ਲਰਨਿੰਗ ਨਾਲ ਸੰਬੰਧਿਤ ਨਵੇਂ ਪੱਖਾਂ ਨਾਲ ਜਾਣੂੰ ਕਰਵਾਉਣਾ ਅਤੇ ਉਨ੍ਹਾਂ ਦੀਆਂ ਜਿਗਿਆਸਾਵਾਂ ਦਾ ਸਮਾਧਾਨ ਕਰਨਾ ਸੀ। ਪ੍ਰੋਗਰਾਮ ਦੇ ਅੰਤ ਵਿੱਚ ਇੰਨਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਕੁਆਰਡੀਨੇਟਰ ਭਵਨਪ੍ਰੀਤ ਕੌਰ ਨੇ ਮੁੱਖ ਵਕਤਾ, ਫੈਕਲਟੀ ਅਤੇ ਸਟਾਫ ਦਾ ਧੰਨਵਾਦ ਕੀਤਾ। ਸੰਸਥਾ ਵੱਲੋਂ ਮੁੱਖ ਵਕਤਾ ਡਾ. ਕਨਵ ਖੇੜਾ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕੁੱਲ ਮਿਲਾ ਕੇ ਇਹ ਮਾਹਿਰ ਲੈਕਚਰ ਬਹੁਤ ਹੀ ਸਿੱਖਣਯੋਗ, ਜਾਣਕਾਰੀਪੂਰਨ ਅਤੇ ਪ੍ਰੇਰਣਾਦਾਇਕ ਸਾਬਤ ਹੋਇਆ।