ਅੰਮ੍ਰਿਤਸਰ-ਅਬੂ ਧਾਬੀ ਸਿੱਧੀ ਉਡਾਣ 29 ਅਕਤੂਬਰ ਤੋਂ; ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਯੂਏਈ ਕਨੈਕਟੀਵਿਟੀ ਦਾ ਸਵਾਗਤ
ਸਤੰਬਰ 14, 2026: ਪੰਜਾਬ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਰਾਹਤ ਭਰੀ ਖ਼ਬਰ ਹੈ। ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਅੰਮ੍ਰਿਤਸਰ ਤੋਂ ਆਬੂ ਧਾਬੀ ਲਈ ਸਿੱਧੀ ਉਡਾਣ 29 ਅਕਤੂਬਰ 2026 ਤੋਂ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਬਾਰੇ ਸਾਂਝੇ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਇੰਡੀਆ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈੱਸ ਦੀ ਵੈੱਬਸਾਈਟ ਅਨੁਸਾਰ ਇਹ ਨਵੀਂ ਸੇਵਾ ਹਫ਼ਤੇ ਵਿੱਚ ਤਿੰਨ ਦਿਨ ਚੱਲੇਗੀ ਅਤੇ ਪੰਜਾਬ ਤੇ ਆਬੂ ਧਾਬੀ ਵਿਚਕਾਰ ਲੋੜੀਂਦੀ ਸਿੱਧੀ ਕਨੈਕਟੀਵਿਟੀ ਪ੍ਰਦਾਨ ਕਰੇਗੀ।
ਉਨ੍ਹਾਂ ਦੱਸਿਆ ਕਿ ਇਹ ਉਡਾਣ ਅੰਮ੍ਰਿਤਸਰ ਤੋਂ ਹਰ ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਰਾਤ 8:40 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ ਰਾਤ 11:50 ਵਜੇ ਆਬੂ ਧਾਬੀ ਪਹੁੰਚੇਗੀ। ਕੁੱਲ ਯਾਤਰਾ ਸਮਾਂ 4 ਘੰਟੇ 40 ਮਿੰਟ ਹੋਵੇਗਾ। ਵਾਪਸੀ ਉਡਾਣ ਆਬੂ ਧਾਬੀ ਤੋਂ ਹਰ ਸ਼ੁੱਕਰਵਾਰ, ਐਤਵਾਰ ਅਤੇ ਸੋਮਵਾਰ ਰਾਤ 12:55 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 6:15 ਵਜੇ ਅੰਮ੍ਰਿਤਸਰ ਪਹੁੰਚੇਗੀ। ਯਾਤਰਾ ਸਮਾਂ 3 ਘੰਟੇ 50 ਮਿੰਟ ਹੋਵੇਗਾ।
ਗੁਮਟਾਲਾ ਨੇ ਕਿਹਾ ਕਿ ਇਹ ਨਵੀਂ ਉਡਾਣ ਪੰਜਾਬ ਦੇ ਯਾਤਰੀਆਂ, ਖ਼ਾਸ ਕਰਕੇ ਆਬੂ ਧਾਬੀ ਆਉਣ-ਜਾਣ ਵਾਲੇ ਕਾਮਿਆਂ, ਪਰਿਵਾਰਾਂ ਅਤੇ ਕਾਰੋਬਾਰੀ ਯਾਤਰੀਆਂ ਲਈ ਸੁਆਗਤਯੋਗ ਖ਼ਬਰ ਹੈ। ਉਨ੍ਹਾਂ ਕਿਹਾ, “ਲੰਮੇ ਸਮੇਂ ਤੋਂ ਆਬੂ ਧਾਬੀ ਜਾਣ ਵਾਲੇ ਕਈ ਯਾਤਰੀਆਂ ਨੂੰ ਜਾਂ ਤਾਂ ਦਿੱਲੀ ਤੋਂ ਉਡਾਣ ਲੈਣੀ ਪੈਂਦੀ ਸੀ ਜਾਂ ਅੰਮ੍ਰਿਤਸਰ ਤੋਂ ਦੁਬਈ ਜਾਂ ਸ਼ਾਰਜਾਹ ਜਾ ਕੇ ਅੱਗੇ ਸੜਕ ਰਾਹੀਂ ਜਾਣਾ ਪੈਂਦਾ ਸੀ। ਅੰਮ੍ਰਿਤਸਰ - ਆਬੂ ਧਾਬੀ ਸਿੱਧੀ ਉਡਾਣ ਯਾਤਰੀਆਂ ਦਾ ਸਮਾਂ ਬਚਾਏਗੀ, ਯਾਤਰਾ ਦਾ ਖ਼ਰਚ ਅਤੇ ਖੱਜਲ-ਖੁਆਰੀ ਘਟਾਏਗੀ ਅਤੇ ਪੰਜਾਬ ਦੇ ਆਪਣੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਏਈ ਲਈ ਇੱਕ ਹੋਰ ਮਹੱਤਵਪੂਰਨ ਵਿਕਲਪ ਦੇਵੇਗੀ।”
ਕਾਮਰਾ ਨੇ ਕਿਹਾ ਕਿ ਇਸ ਉਡਾਣ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ ਦੁਬਈ, ਸ਼ਾਰਜਾਹ ਅਤੇ ਆਬੂ ਧਾਬੀ ਲਈ ਹਫ਼ਤੇ ਵਿੱਚ ਇੱਕ ਪਾਸੇ ਦੀਆਂ 31 ਉਡਾਣਾਂ ਹੋ ਜਾਣਗੀਆਂ। ਉਨ੍ਹਾਂ ਉਮੀਦ ਜਤਾਈ ਕਿ ਏਅਰ ਇੰਡੀਆ ਐਕਸਪ੍ਰੈੱਸ ਅਤੇ ਹੋਰ ਭਾਰਤੀ ਏਅਰਲਾਈਨਾਂ ਅੰਮ੍ਰਿਤਸਰ ਤੋਂ ਮਸਕਟ, ਕੁਵੈਤ ਅਤੇ ਖਾੜੀ ਮੁਲਕਾਂ ਦੇ ਹੋਰ ਸ਼ਹਿਰਾਂ ਲਈ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਬਾਰੇ ਵਿਚਾਰ ਕਰਨਗੀਆਂ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਅਤੇ ਕੰਮ ਕਰਦੇ ਹਨ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਭਾਰਤ ਸਰਕਾਰ ਨੂੰ ਆਪਣੀ ਅਪੀਲ ਦੁਹਰਾਉਂਦਿਆਂ ਕਿਹਾ ਕਿ ਭਵਿੱਖ ਵਿੱਚ ਯੂਏਈ ਨਾਲ ਹਵਾਈ ਸੇਵਾ ਸਮਝੌਤਿਆਂ ਬਾਰੇ ਗੱਲਬਾਤ ਦੌਰਾਨ ਅੰਮ੍ਰਿਤਸਰ ਨੂੰ ਯੂਏਈ ਦੀਆਂ ਏਅਰਲਾਈਨਾਂ ਲਈ ਪੌਇੰਟ ਆਫ ਕਾਲ ਵਜੋਂ ਸ਼ਾਮਲ ਕੀਤਾ ਜਾਵੇ, ਤਾਂ ਜੋ ਉਹ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰ ਸਕਣ। ਇਸ ਦੇ ਨਾਲ ਹੀ ਕਾਮਰਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਲਈ ਸਮਰਪਿਤ ਅਤੇ ਕਿਫ਼ਾਇਤੀ ਬੱਸ ਸੇਵਾਵਾਂ ਸ਼ੁਰੂ ਕੀਤੀਆਂ ਜਾਣ, ਤਾਂ ਜੋ ਯਾਤਰੀਆਂ ਨੂੰ ਹਵਾਈ ਅੱਡੇ ਤੱਕ ਪਹੁੰਚਣ ਵਿੱਚ ਸਹੂਲਤ ਮਿਲੇ। ਉਨ੍ਹਾਂ ਸਵਾਲ ਕੀਤਾ, “ਜੇ ਰਾਜ ਸਰਕਾਰ ਪੰਜਾਬ ਦੇ ਸ਼ਹਿਰਾਂ ਤੋਂ ਦਿੱਲੀ ਏਅਰਪੋਰਟ ਲਈ ਬੱਸਾਂ ਚਲਾ ਸਕਦੀ ਹੈ, ਤਾਂ ਅੰਮ੍ਰਿਤਸਰ ਹਵਾਈ ਅੱਡੇ ਨੂੰ ਇਸੇ ਸੇਵਾ ਤੋਂ ਕਿਉਂ ਵਾਂਝਾ ਰੱਖਿਆ ਜਾ ਰਿਹਾ ਹੈ?”
- Download Babushahi App
-
-