ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਬੁਰਜ ਸੇਮਾ ਸਕੂਲ ਸਬੰਧੀ ਧਰਨਾ 15 ਦਿਨ ਲਈ ਮੁਲਤਵੀ
ਅਸ਼ੋਕ ਵਰਮਾ
ਮੌੜ ਮੰਡੀ, 27 ਅਗਸਤ 2026 : ਪਿੰਡ ਬੁਰਜ ਸੇਮਾ ਦੇ ਸਕੂਲ ਨਾਲ ਸੰਬੰਧਿਤ ਮੰਗਾਂ ਸਬੰਧੀ ਅੱਜ ਜਿਲ੍ਹਾ ਸਿੱਖਿਆ ਅਫਸਰ ਅਤੇ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪਿੰਡ ਬੁਰਜ ਸੇਮਾ ਅਤੇ ਬੰਗੇਰ੍ਹ ਮੁਹੱਬਤ ਵਾਸੀਆਂ ਨੇ ਸਕੂਲ ਅੱਗੇ ਚੱਲ ਰਹੇ ਤਿੰਨ ਦਿਨਾਂ ਤੋਂ ਧਰਨੇ ਨੂੰ 15 ਦਿਨਾਂ ਲਈ ਮੁਲਤਵੀ ਕਰ ਦਿੱਤਾ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਬੁਰਜ ਸੇਮਾ ਦੇ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਵੱਲੋਂ ਆਏ ਜਿਲਾ ਅਧਿਕਾਰੀਆਂ ਜ਼ਿਲਾ ਸਿੱਖਿਆ ਅਫਸਰ, ਬਲਾਕ ਨੋਡਲ ਅਫਸਰ ਦਵਿੰਦਰ ਕੁਮਾਰ, ਪ੍ਰਿੰਸੀਪਲ ਅੰਮ੍ਰਿਤਪਾਲ ਸਿੰਘ ਭੱਟੀ, ਅਤੇ ਮਹਿੰਦਰ ਪਾਲ ਨਾਲ ਮੀਟਿੰਗ ਦੌਰਾਨ ਹੋਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰੈਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਦੋ ਕੰਪਿਊਟਰ ਅਧਿਆਪਕ ਡੈਪੂਟੇਸ਼ਨ ਤੇ ਭੇਜ ਦਿੱਤੇ ਗਏ ਹਨ।
ਉਹਨਾਂ ਦੱਸਿਆ ਕਿ ਦੋ ਹੋਰ ਵਿਸ਼ਿਆਂ ਨਾਲ ਸਬੰਧਤ ਅਧਿਆਪਕ ਇੱਕ ਹਫਤੇ ਦੇ ਅੰਦਰ ਭੇਜ ਦਿੱਤੇ ਜਾਣਗੇ, ਚੱਲ ਰਹੇ ਅਪਗਰੇਡ ਸਰਕਾਰੀ ਹਾਈ ਸਕੂਲ ਨੂੰ ਫੰਕਸਨਲ ਕਰਨ ਲਈ ਪੜਤਾਲ ਦੌਰਾਨ ਪਾਈਆਂ ਕੁਝ ਝੂਠੀਆਂ ਖਾਮੀਆਂ ਨੂੰ ਅੱਜ ਦੀ ਪੜਤਾਲ ਦੌਰਾਨ ਪੂਰਾ ਕਰਕੇ ਤੇ ਰਹਿਣੀਆਂ ਖਾਮੀਆਂ ਨੂੰ ਕੁਝ ਦਿਨ ਚ ਪੂਰਾ ਕਰਨ ਤੋਂ ਬਾਅਦ ਫਾਈਲ ਸਕੂਲ ਨੂੰ ਫੰਕਸ਼ਨਲ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫਤਰ ਵਿੱਚ ਸਿਫਾਰਸ਼ ਕਰਕੇ ਭੇਜ ਦਿੱਤੀ ਜਾਵੇਗੀ ਅਤੇ ਸਕੂਲ ਨੂੰ ਡੀਡੀਓ ਨੱਤ ਨਾਲੋਂ ਤੋੜ ਕੇ ਡੀਡੀਓ ਜੋਧਪੁਰ ਨਾਲ ਜੋੜਿਆ ਜਾਵੇਗਾ। ਇਹਨਾਂ ਮੰਗਾਂ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇੱਕ ਵਾਰ ਧਰਨਾ 15 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਇਹਨਾਂ ਮੰਗਾਂ ਤੇ ਟਾਲ ਮਟੋਲ ਕੀਤੀ ਤਾਂ ਦੁਬਾਰਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਆਗੂ ਜਗਦੇਵ ਸਿੰਘ ਜੋਗੇਵਾਲਾ, ਗੁਰਜੀਤ ਸਿੰਘ ਬੰਗੇਰ੍ਹ ਹਰਪ੍ਰੀਤ ਸਿੰਘ ਚੱਠੇਵਾਲਾ, ਭਿੰਦਰ ਸਿੰਘ ਭਾਈ ਬਖਤੌਰ,ਅਵਤਾਰ ਸਿੰਘ,ਬੂਟਾ ਸਿੰਘ, ਗੁਰਜੰਟ ਸਿੰਘ, ਨੈਬ ਸਿੰਘ, ਨਾਜਰ ਸਿੰਘ, ਰਾਮ ਸਿੰਘ,ਅਵਤਾਰ ਸਿੰਘ, ਗੁਰਸਾਹਿਬ ਸਿੰਘ, ਬਲਜੀਤ ਸਿੰਘ, ਸੁਖਪਾਲ ਸਿੰਘ, ਸੁਖਮੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਦੋਵੇਂ ਪਿੰਡਾਂ ਦੇ ਕਿਸਾਨ ਮਜ਼ਦੂਰ ਅਤੇ ਔਰਤਾਂ ਸ਼ਾਮਿਲ ਸਨ। ਕਿਸਾਨ ਆਗੂਆਂ ਨੇ ਸਮੂਹ ਕਿਰਤੀ ਲੋਕਾਂ ਨੂੰ 30 ਅਗਸਤ ਤੋਂ ਡੀਸੀ ਦਫਤਰਾਂ ਅੱਗੇ ਭਾਰਤ ਅਮਰੀਕਾ ਸਮਝੌਤਾ ਵਾਰਤਾ ਰੱਦ ਕਰਾਉਣ, ਲੈਂਡ ਪੋਲਿੰਗ ਦੀ ਨੀਤੀ ਲਿਆਉਣ ਦੇ ਫੈਸਲੇ ਨੂੰ ਰੱਦ ਕਰਾਉਣ ਸਮੇਤ ਹੋਰ ਮੰਗਾਂ ਲਈ ਲਾਏ ਜਾ ਰਹੇ ਮੋਰਚੇ ਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।
- Download Babushahi App
-
-