ਜ਼ਿਲ੍ਹਾ ਹਸਪਤਾਲ ਵਿੱਚ ਦੂਰਬੀਨ ਨਾਲ ਰੋਗ ਗ੍ਰਸਤ ਬੱਚੇਦਾਨੀ ਦਾ ਕੀਤਾ ਸਫਲ ਅਪ੍ਰੇਸ਼ਨ :- ਡਾ ਓਮਕਾਰਵੀਰ ਸਿੰਘ
ਗੁਰਪ੍ਰੀਤ ਸਿੰਘ ਜਖਵਾਲੀ
ਫਤਿਹਗੜ੍ਹ ਸਾਹਿਬ:-22 ਸਤੰਬਰ
( ) ਜ਼ਿਲਾ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ ਜਸਪ੍ਰੀਤ ਸਿੰਘ ਬੇਦੀ ਦੀ ਯੋਗ ਅਗਵਾਈ ਹੇਠ ਲੈਪਰੋਸਕੋਪਿਕ ਸਰਜਨ ਡਾ ਓਮਕਾਰਵੀਰ ਸਿੰਘ ਅਤੇ ਔਰਤ ਰੋਗਾਂ ਦੇ ਮਾਹਰ ਡਾ ਨੀਰੂ ਸਿਆਲ ਵੱਲੋਂ ਬੱਚੇਦਾਨੀ ਦੇ ਗੰਭੀਰ ਰੋਗਾਂ ਤੋਂ ਪੀੜਿਤ ਔਰਤ ਦੀ ਲੈਪਰੋਸਕੋਪਿਕ ਹਿਸਟਰੈਕਟਮੀ ਕਰਕੇ ਉਸਦੀ ਰੋਗ ਗ੍ਰਸਤ ਬੱਚੇਦਾਨੀ ਨੂੰ ਸਫਲਤਾ ਪੂਰਵਕ ਕੱਢਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੈਪਰੋਸਕੋਪਿਕ ਸਰਜਨ ਡਾ ਓਮਕਾਰਵੀਰ ਸਿੰਘ ਨੇ ਦੱਸਿਆ ਕਿ ਇੱਕ ਔਰਤ ਜੋ ਬੱਚੇਦਾਨੀ ਦੇ ਗੰਭੀਰ ਰੋਗਾਂ ਤੇ ਦਰਦਾਂ ਤੋਂ ਪੀੜਿਤ ਸੀ ਹਸਪਤਾਲ ਵਿੱਚ ਦਾਖਲ ਹੋਈ, ਜਿਸ ਦੇ ਤੁਰੰਤ ਲੈਬਾਰਟਰੀ , ਅਲਟਰਾਸਾਊਂਡ ਤੇ ਹੋਰ ਲੋੜੀਦੇ ਡਾਇਗਨੋਸਟਿਕ ਟੈਸਟ ਕਰਕੇ ਦੂਰਬੀਨ ਨਾਲ ਰੋਗ ਗ੍ਰਸਤ ਬੱਚੇਦਾਨੀ ਕੱਢੀ ਗਈ। ਉਹਨਾਂ ਦੱਸਿਆ ਕਿ ਅਪ੍ਰੇਸ਼ਨ ਕਾਫੀ ਗੁੰਝਲਦਾਰ ਸੀ ਪਰ ਹਸਪਤਾਲ ਵਿੱਚ ਤਜਰਬੇਕਾਰ ਤੇ ਮਿਹਨਤੀ ਸਟਾਫ, ਵਧੀਆ ਸਿਹਤ ਸਹੂਲਤਾਂ ਅਤੇ ਸਰਜਨ ਸਮੇਤ ਐਡਵਾਂਸਡ ਲੈਪਰੋਸੋਪਿਕ ਸਹੂਲਤ ਉਪਲੱਬਧ ਹੋਣ ਕਾਰਨ ਇਹ ਅਪ੍ਰੇਸ਼ਨ ਸੰਭਵ ਹੋ ਸਕਿਆ। ਉਹਨਾਂ ਦੱਸਿਆ ਕਿ ਹੁਣ ਮਰੀਜ਼ ਠੀਕ ਮਹਿਸੂਸ ਕਰ ਰਿਹਾ ਹੈ। ਡਾ ਓਮਕਾਰਵੀਰ ਨੇ ਦੱਸਿਆ ਕਿ ਰਵਾਇਤੀ ਓਪਨ ਸਰਜਰੀ ਦੇ ਮੁਕਾਬਲੇ ਇਸ ਤਕਨੀਕ ਨਾਲ ਆਪਰੇਸ਼ਨ ਕਰਨ ਨਾਲ ਘੱਟ ਦਰਦ , ਘੱਟ ਚੀਰਾ ਅਤੇ ਦਾਖਲ ਰਹਿਣ ਲਈ ਘੱਟ ਸਮੇਂ ਦੀ ਲੋੜ ਹੁੰਦੀ ਹੈ ਅਤੇ ਮਰੀਜ਼ ਵੀ ਤੇਜੀ ਨਾਲ ਠੀਕ ਹੁੰਦਾ ਹੈ। ਐਸਐਮਓ ਡਾ ਜਸਪ੍ਰੀਤ ਸਿੰਘ ਬੇਦੀ ਨੇ ਮੈਡੀਕਲ ,ਪੈਰਾਮੈਡੀਕਲ, ਤੇ ਹੋਰ ਸਹਿਯੋਗੀ ਸਟਾਫ ਦੀ ਪ੍ਰਸੰਸਾ ਕੀਤੀ । ਉਹਨਾਂ ਦੱਸਿਆ ਕਿ ਹਸਪਤਾਲ ਵਿੱਚ ਆਧੁਨਿਕ ਤਕਨੀਕਾਂ ਰਾਹੀਂ ਵਿਸ਼ੇਸ਼ ਸਰਜੀਕਲ ਸੇਵਾਵਾਂ ਪ੍ਰਧਾਨ ਕੀਤੀਆਂ ਜਾ ਰਹੀਆਂ ਹਨ ,ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋੜ ਪੈਣ ਤੇ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।
- Download Babushahi App
-
-