ਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਤੋਂ ਅਗਲੇ ਪੜਾਅ ਲਈ ਜੈਕਾਰਿਆਂ ਦੀ ਗੂੰਜ ’ਚ ਹੋਇਆ ਰਵਾਨਾ
ਮੀਰੀ ਪੀਰੀ ਖਾਲਸਾ ਮਾਰਚ ਨੇ ਦਿੱਤਾ ਨੌਜੁਆਨੀ ਨੂੰ ਗੁਰਸਿੱਖੀ ਤੇ ਚੜ੍ਹਦੀ ਕਲਾ ਦਾ ਸੁਨੇਹਾ- ਗਿਆਨੀ ਕੁਲਦੀਪ ਸਿੰਘ ਗੜਗੱਜ
ਧਾਰੀਵਾਲ/ਅੰਮ੍ਰਿਤਸਰ, 22 ਸਤੰਬਰ-
ਮੀਰੀ ਪੀਰੀ ਖ਼ਾਲਸਾ ਮਾਰਚ ਤੀਜੇ ਪੜਾਅ ਤਹਿਤ ਅੱਜ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਤੋਂ ਖ਼ਾਲਸਈ ਜਾਹੋਜਲਾਲ ਨਾਲ ਆਪਣੇ ਅਗਲੇ ਪੜਾਅ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਓਠੀਆਂ (ਬਟਾਲਾ) ਲਈ ਰਵਾਨਾ ਹੋਇਆ। ਖ਼ਾਲਸਾ ਮਾਰਚ ਦੀ ਆਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਸਮੇਤ ਪ੍ਰਮੁੱਖ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸਜੇ ਧਾਰਮਿਕ ਦੀਵਾਨ ਸਮੇਂ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸੰਗਤ ਨਾਲ ਗੁਰ-ਇਤਿਹਾਸ ਦੀ ਸਾਂਝ ਪਾਈ ਅਤੇ ਬਾਣੀ ਬਾਣੇ ਦੇ ਧਾਰਨੀ ਹੋਣ ਦੀ ਪ੍ਰੇਰਣਾ ਕੀਤੀ। ਇਸੇ ਦੌਰਾਨ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਵੀ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਦੋ ਸ੍ਰੀ ਸਾਹਿਬਾਂ ਧਾਰਨ ਕਰਕੇ ਦੁਨੀਆਂ ਨੂੰ ਸੰਤ-ਸਿਪਾਹੀ ਦਾ ਲਾਸਾਨੀ ਸੰਕਲਪ ਦਿੱਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਰਾਹੀਂ ਸਿੱਖ ਨੂੰ ਅਨਿਆਂ ਅਤੇ ਜ਼ੁਲਮ ਦੇ ਵਿਰੁੱਧ ਖੜ੍ਹਨ ਦੀ ਪ੍ਰੇਰਣਾ ਦਿੱਤੀ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦਾ ਫ਼ਲਸਫ਼ਾ ‘ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ’ ਮਨੁੱਖ ਨੂੰ ਸੱਚੀ ਆਤਮਿਕਤਾ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਜ਼ੁਲਮ ਵਿਰੁੱਧ ਲੰਮਾ ਸੰਘਰਸ਼ ਕੀਤਾ ਅਤੇ ਅਨੇਕਾਂ ਸ਼ਹਾਦਤਾਂ ਦੇ ਕੇ ਗੁਰੂ ਦੇ ਸਿਧਾਂਤ ਨੂੰ ਹਮੇਸ਼ਾ ਉੱਚਾ ਰੱਖਿਆ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਇਹੀ ਸੁਨੇਹਾ ਹੈ ਕਿ ਸਿੱਖ ਗੁਰੂ ਦੇ ਸਿਧਾਂਤ ਨਾਲ ਜੁੜ ਕੇ ਨਾਮ, ਬਾਣੀ, ਸੇਵਾ ਅਤੇ ਸੰਗਤ ਦੇ ਮਾਰਗ ’ਤੇ ਚੱਲੇ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਉਨ੍ਹਾਂ ਨੂੰ ਗੁਰਬਾਣੀ, ਗੁਰਸਿੱਖੀ ਤੇ ਖੇਡਾਂ ਨਾਲ ਜੋੜਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿਚ ਧੱਕਣ ਵਾਲੀਆਂ ਤਾਕਤਾਂ ਵਿਰੁੱਧ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸ਼ੁਸ਼ੋਭਿਤ ਕਰਨ ਦੀ ਸੇਵਾ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਨਿਭਾਈ। ਖ਼ਾਲਸਾ ਮਾਰਚ ਦੌਰਾਨ ਜਿਥੇ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ, ਬੀਬੀ ਜਸਬੀਰ ਕੌਰ ਜੱਫ਼ਰਵਾਲ, ਅਕਾਲੀ ਆਗੂ ਸ. ਸੁੱਚਾ ਸਿੰਘ ਲੰਗਾਹ, ਸ. ਕੰਵਲਪ੍ਰੀਤ ਸਿੰਘ ਕਾਕੀ, ਸ. ਕੁਲਬੀਰ ਸਿੰਘ ਰਿਆੜ, ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਸ. ਮਨਜੀਤ ਸਿੰਘ ਤਲਵੰਡੀ, ਇੰਚਾਰਜ ਸ. ਰਾਜਵਿੰਦਰ ਸਿੰਘ ਜੋਗਾ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਗੁਰਤਿੰਦਰਪਾਲ ਸਿੰਘ ਕਾਦੀਆਂ, ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਦੇ ਮੈਨੇਜਰ ਸ. ਸਤਨਾਮ ਸਿੰਘ ਗੋਸਲ, ਸ. ਰਣਜੀਤ ਸਿੰਘ ਕਲਿਆਣ, ਬਾਬਾ ਨੱਥਾ ਸਿੰਘ, ਪ੍ਰਿੰਸੀਪਲ ਸੁਰਜੀਤ ਸਿੰਘ, ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਗਿਆਨੀ ਬਲਦੇਵ ਸਿੰਘ ਮੁਹਾਲੀ, ਸ. ਭੁਪਿੰਦਰ ਸਿੰਘ ਬੁੱਟਰ, ਸ. ਮੋਹਨਦੀਪ ਸਿੰਘ ਅਤੇ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।
- Download Babushahi App
-
-