ਕੁਝ ਨੱਸ਼ਈਆਂ ਦੇ ਘਰ ਤੋੜਣ ਜਾਂ ‘ਨਸ਼ਾ ਮੁਕਤ ਯਾਤਰਾ’ ਕਰਨ ਨਾਲ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਹੋਣਾ : ਅਸ਼ੋਕ ਚੌਧਰੀ
ਡਰਾਮੇਬਾਜ਼ੀਆਂ ਅਤੇ ਦੂਸ਼ਣਬਾਜ਼ੀ ਦੀ ਬਜਾਏ ਸਾਂਝੇ ਯਤਨਾਂ ਨਾਲ ਨਿਕਲਣਗੇ ਚੰਗੇ ਨਤੀਜੇ
ਰੋਹਿਤ ਗੁਪਤਾ
ਗੁਰਦਾਸਪੁਰ, 22 ਸਤੰਬਰ
ਭਾਜਪਾ ਵੱਲੋਂ ਕੱਢੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਦੀਨਾਨਗਰ ਸ਼ਹਿਰ ਅੰਦਰ ਬੀਜੇਪੀ ਤੇ ‘ਆਪ’ ਵਰਕਰਾਂ ਦਰਮਿਆਨ ਬਣੀ ਤਕਰਾਰ ਦੀ ਸਥਿਤੀ ਨੂੰ ਬੇਹੱਦ ਮੰਦਭਾਗਾ ਅਤੇ ਖੇਤਰ ਦਾ ਮਾਹੌਲ ਖ਼ਰਾਬ ਕਰਨਾ ਕਰਾਰ ਦਿੰਦਿਆਂ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਬਣੀ ਤਣਾਅ ਅਤੇ ਡਰ ਦੀ ਸਥਿਤੀ ਲਈ ਦੋਨਾਂ ਪਾਰਟੀਆਂ ਦੀ ਲੀਡਰਸ਼ਿਪ ਕਸੂਰਵਾਰ ਹੈ ਅਤੇ ਲੋਕ ਕਦੇ ਵੀ ਅਜਿਹੇ ਹਾਲਾਤਾਂ ਦਾ ਸਮਰਥਨ ਨਹੀਂ ਕਰਨਗੇ ਕਿਉਂਕਿ ਦੀਨਾਨਗਰ ਦੀ ਜਨਤਾ ਅਮਨ ਪਸੰਦ ਅਤੇ ਸ਼ਾਂਤਮਈ ਮਾਹੌਲ ਦੀ ਇੱਛੁਕ ਹੈ।
ਕਾਂਗਰਸ ਕਮੇਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕਾ ਅਰੁਣਾ ਚੌਧਰੀ ਦੇ ਪਤੀ ਅਸ਼ੋਕ ਚੌਧਰੀ ਨੇ ਬੜੀ ਬੇਬਾਕੀ ਨਾਲ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਕਰਨ ਵਾਲੇ ਚੰਦ ਲੋਕਾਂ ਦੇ ਘਰ ਤੋੜ ਕੇ ਟੀਵੀ ਉੱਤੇ ਕਰੋੜਾਂ ਰੁਪਇਆਂ ਦੀ ਮਸ਼ਹੂਰੀ ਕਰਨ ਜਾਂ ਭਾਜਪਾ ਵੱਲੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਕੱਢਣ ਨਾਲ ਸੂਬੇ ਅੰਦਰੋਂ ਨਸ਼ਾ ਨਹੀਂ ਮੁੱਕਣਾ। ਉਨ੍ਹਾਂ ਕਿਹਾ ਕਿ ਅਸਲੀਅਤ ਵਿੱਚ ਇਹ ਚੋਣ ਸੰਟਟ ਹੈ ਅਤੇ ਚੋਣਾਂ ਨੇੜੇ ਆਉਂਦੀਆਂ ਦੇਖ ਭਾਜਪਾ ਵਾਲੇ ਯਾਤਰਾ ਕੱਢਣ ਤੁਰ ਪਏ ਹਨ ਜਦਕਿ ਇਨ੍ਹਾਂ ਨੂੰ 117 ਹਲਕਿਆਂ ਵਿੱਚ ਅਜਿਹਾ ਡਰਾਮਾ ਕਰਨ ਦੀ ਬਜਾਏ ਪੂਰੀ ਸੰਜੀਦਗੀ ਦੇ ਨਾਲ ਇੰਟਰਨੈਸ਼ਨਲ ਬਾਰਡਰ ਸੀਲ ਕਰਨੇ ਚਾਹੀਦੇ ਹਨ ਅਤੇ ਡਰੋਨ ਤੇ ਸਮਗਲਿੰਗ ਨੂੰ ਰੋਕਣ ਲਈ ਹੋਰ ਵਧੇਰੇ ਢੁੱਕਵੇਂ ਕਦਮ ਚੁੱਕਣ ਦੀ ਲੋੜ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਵਿੱਚ ਅੜਚਨਾਂ ਪਾਉਣ ਦੀ ਬਜਾਏ ਆਪਣੀ ਪੁਲਿਸ ਨੂੰ ਹੋਰ ਚੁਸਤ ਕਰਨ ਅਤੇ ਉਨ੍ਹਾਂ ਕੋਲੋਂ ਇੰਟਰਨਲ ਚੈਕਿੰਗ ਲਈ ਸਖ਼ਤੀ ਨਾਲ ਕੰਮ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਇਹ ਦੋਨੋਂ ਪਾਰਟੀਆਂ ਇਸ ਮਸਲੇ ’ਤੇ ਗੰਭੀਰ ਹੋਣ ਦੀ ਬਜਾਏ ਇੱਕ ਦੂਜੇ ’ਤੇ ਦੂਸ਼ਣਬਾਜ਼ੀ ਕਰਨ ਨੂੰ ਵਧੇਰੇ ਸਮਾਂ ਦੇ ਰਹੀਆਂ ਹਨ ਜੋ ਕਿਸੇ ਪੱਖੋਂ ਵੀ ਪੰਜਾਬ ਅਤੇ ਜਨਤਾ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਸ਼ਾ ਪੰਜਾਬ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਅਤੇ ਹਾਲਾਤ ਬੇਕਾਬੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਨਜਿੱਠਣ ਲਈ ਸਾਂਝੇ ਯਤਨ ਹੋਣੇ ਚਾਹੀਦੇ ਹਨ ਅਤੇ ਇਸਦੇ ਲਈ ਵਿਰੋਧੀ ਧਿਰਾਂ ਦਾ ਸਹਿਯੋਗ ਵੀ ਜ਼ਰੂਰੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਸ਼ੋਕ ਚੌਧਰੀ ਨੇ ਦੀਨਾਨਗਰ ਦੇ ਤਮਾਮ ਲੀਡਰਾਂ ਨੂੰ ਲੰਘੀਆਂ ਨਗਰ ਕੌਂਸਲ ਚੋਣਾਂ ਤੋਂ ਸਬਕ ਸਿੱਖਣ ਦੀ ਗੱਲ ਆਖੀ ਅਤੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਜਿਹੜੇ ਵੀ ਵਾਰਡਾਂ ਵਿੱਚ ਦਹਿਸ਼ਤ ਫ਼ੈਲਾਉਂਦਿਆਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਉੱਥੇ ‘ਆਪ’ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਕਿਉਂਕਿ ਦੀਨਾਨਗਰ ਦੇ ਲੋਕ ਅਮਨ ਪਸੰਦ ਹਨ ਅਤੇ ਇਹ ਬਦਮਾਸ਼ੀ ਅਤੇ ਧੌਂਸ ਵਾਲੀ ਸੋਚ ਦਾ ਸਮਰਥਨ ਨਹੀਂ ਕਰਦੇ। ਉਨ੍ਹਾਂ ‘ਆਪ’ ਦੇ ਹਲਕਾ ਇੰਚਾਰਜ ’ਤੇ ਸਰਕਾਰ ਵੱਲੋਂ ਮਨਾਏ ਗਏ ਸਫ਼ਾਈ ਪੰਦਰਵਾੜੇ ਦੀ ਆੜ ਹੇਠ ਸ਼ਹਿਰ ਦੀ ਸਫ਼ਾਈ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਇਲਜ਼ਾਮ ਵੀ ਲਗਾਏ। ਉਨ੍ਹਾਂ ਕਿਹਾ ਕਿ ਅਜਿਹੇ ਮੌਸਮੀ ਲੀਡਰਾਂ ਵਿੱਚ ਅਤੇ ਸਾਡੇ ਦਰਮਿਆਨ ਇਹੋ ਫ਼ਰਕ ਹੈ ਕਿ ਅਸੀਂ ਕਿਸੇ ਕਿਸਮ ਦੀ ਡਰਾਮੇਬਾਜ਼ੀ ਨਹੀਂ ਕਰਦੇ ਅਤੇ ਸਿਰਫ਼ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਵਿੱਚ ਯਕੀਨ ਰੱਖਦੇ ਹਾਂ।
- Download Babushahi App
-
-