ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਥਾਪਿਤ ਹੋਵੇਗਾ ਏਆਈਯੂ ਅਕਾਦਮਿਕ ਅਤੇ ਪ੍ਰਸ਼ਾਸਕੀ ਵਿਕਾਸ ਕੇਂਦਰ
ਅਸ਼ੋਕ ਵਰਮਾ
ਬਠਿੰਡਾ, 5 ਜੁਲਾਈ 2025: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੂੰ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਵੱਲੋਂ ਆਪਣੇ ਕੈਂਪਸ ਵਿੱਚ ਏਆਈਯੂ ਅਕਾਦਮਿਕ ਅਤੇ ਪ੍ਰਸ਼ਾਸਕੀ ਵਿਕਾਸ ਕੇਂਦਰ (ਏਆਈਯੂ-ਏਏਡੀਸੀ) ਸਥਾਪਤ ਕਰਨ ਲਈ ਮਨਜ਼ੂਰੀ ਪ੍ਰਾਪਤ ਹੋ ਗਈ ਹੈ। ਇਹ ਕੇਂਦਰ ਦੇਸ਼ ਭਰ ਦੀਆਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਅਤੇ ਪ੍ਰਸ਼ਾਸਕੀ ਸਟਾਫ ਦੀ ਪੇਸ਼ੇਵਰ ਸਮਰੱਥਾ ਨੂੰ ਨਿਖਾਰਨ ਲਈ ਕੰਮ ਕਰੇਗਾ।ਇਹ ਮਨਜ਼ੂਰੀ 24 ਅਪ੍ਰੈਲ 2025 ਨੂੰ ਜਾਰੀ ਕੀਤੀ ਏਆਈਯੂ ਦੀ ਨੋਟੀਫਿਕੇਸ਼ਨ ਦੇ ਜਵਾਬ ਵਿੱਚ ਸੀਯੂ ਪੰਜਾਬ ਵੱਲੋਂ ਭੇਜੇ ਗਏ ਪ੍ਰਸਤਾਵ 'ਤੇ ਆਧਾਰਿਤ ਹੈ। ਆਪਣੇ ਪੱਤਰ ਰਾਹੀਂ ਇਸ ਦੀ ਪੁਸ਼ਟੀ ਕਰਦੇ ਹੋਏ ਏਆਈਯੂ ਦੀ ਮਹਾਸਚਿਵ ਡਾ. ਪੰਕਜ ਮਿੱਤਲ ਨੇ ਯੂਨੀਵਰਸਿਟੀ ਦੀ ਸਮਰੱਥਾ ਨਿਰਮਾਣ ਲਈ ਵਚਨਬੱਧਤਾ ਦੀ ਸਿਫ਼ਤ ਕੀਤੀ ਅਤੇ ਇਸ ਮਹੱਤਵਪੂਰਨ ਪ੍ਰਾਪਤੀ 'ਤੇ ਵਧਾਈ ਦਿੱਤੀ।ਸੀਯੂ ਪੰਜਾਬ ਵਿੱਚ ਸਥਾਪਿਤ ਹੋਣ ਵਾਲੇ ਏਆਈਯੂ ਅਕਾਦਮਿਕ ਅਤੇ ਪ੍ਰਸ਼ਾਸਕੀ ਵਿਕਾਸ ਕੇਂਦਰ ਹੇਠ ਹਰ ਸਾਲ ਪੰਜ ਛੋਟੇ ਮਿਆਦੀ ਤਾਲੀਮੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚੋਂ ਘੱਟੋ-ਘੱਟ ਇੱਕ ਆਫਲਾਈਨ ਮੋਡ ਵਿੱਚ ਹੋਵੇਗਾ। ਇਹ ਸਿਖਲਾਈ ਪ੍ਰੋਗਰਾਮ ਅਕਾਦਮਿਕ, ਪ੍ਰਸ਼ਾਸਕੀ, ਲਾਇਬ੍ਰੇਰੀ ਅਤੇ ਤਕਨੀਕੀ ਸਟਾਫ ਦੀ ਸਮਰੱਥਾ ਵਿਕਾਸ ਉੱਤੇ ਕੇਂਦਰਿਤ ਹੋਣਗੇ।
ਏਆਈਯੂ-ਏਏਡੀਸੀ ਦੇ ਮੁੱਖ ਥਰੱਸਟ ਏਰੀਆ (ਕੇਂਦਰੀ ਖੇਤਰ) ਹਨ: ਨਿਰੰਤਰ ਸਿੱਖਣ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ, ਫੈਕਲਟੀ ਟ੍ਰੇਨਿੰਗ ਵਿੱਚ ਆ ਰਹੀਆਂ ਖਾਮੀਆਂ ਨੂੰ ਪੂਰਾ ਕਰਨਾ, ਈ-ਗਵਰਨੈਂਸ ਅਤੇ ਆਈਸੀਟੀ ਦੀ ਤਿਆਰੀ ਨੂੰ ਮਜ਼ਬੂਤ ਕਰਨਾ, ਅਧਿਆਪਨ ਵਿੱਚ ਤਕਨਾਲੋਜੀ ਦੇ ਇਕੀਕਰਨ, ਅਕਾਦਮਿਕ ਨਿਸ਼ਠਾ ਅਤੇ ਪੇਸ਼ੇਵਰ ਨੈਤਿਕਤਾ, ਔਨਲਾਈਨ ਅਧਿਆਪਨ ਅਤੇ ਈ-ਸਮੱਗਰੀ ਵਿਕਾਸ, ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਟਿਕਾਊ ਵਿਕਾਸ ਟੀਚਿਆਂ ਨਾਲ ਰਣਨੀਤਕ ਮੇਲਜੋਲ, ਅਤੇ ਉੱਦਮਤਾ, ਸਮਾਜਿਕ ਜ਼ਿੰਮੇਵਾਰੀ ਅਤੇ ਸਰੋਤਾਂ ਦੀ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨਾ।
ਆਪਣੇ ਪੱਤਰ ਵਿੱਚ ਡਾ. ਪੰਕਜ ਮਿੱਤਲ ਨੇ ਵਿਸ਼ਵਾਸ ਪ੍ਰਗਟਾਇਆ ਕਿ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਅਗਵਾਈ ਹੇਠ ਸੀਯੂ ਪੰਜਾਬ ਵਿੱਚ ਸਥਾਪਤ ਏਆਈਯੂ-ਏਏਡੀਸੀ ਕੇਂਦਰ ਦੇਸ਼ ਦੀਆਂ ਉੱਚ ਵਿਦਿਅਕ ਸੰਸਥਾਵਾਂ ਦੀ ਅਕਾਦਮਿਕ ਅਤੇ ਪ੍ਰਸ਼ਾਸਕੀ ਸਮਰੱਥਾ ਨੂੰ ਮਜ਼ਬੂਤ ਬਣਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਇਸ ਮੌਕੇ 'ਤੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਸੀਯੂ ਪੰਜਾਬ ਵਿੱਚ ਇਹ ਕੇਂਦਰ ਸਥਾਪਿਤ ਕਰਨ ਦੀ ਮਨਜ਼ੂਰੀ ਦੇਣ ਲਈ ਐਸੋਸੀਏਸ਼ਨ ਆਫ ਇੰਡੀਆਨ ਯੂਨੀਵਰਸਿਟੀਜ਼ (ਏਆਈਯੂ) ਦਾ ਧੰਨਵਾਦ ਕੀਤਾ। ਉਨ੍ਹਾਂ ਆਇਕਿਊਏਸੀ ਦੀ ਵੀ ਸ਼ਲਾਘਾ ਕੀਤੀ, ਜਿਸਨੇ ਇਹ ਯੋਜਨਾ ਤਿਆਰ ਕਰਕੇ ਸਫਲਤਾਪੂਰਕ ਰੂਪ ਵਿੱਚ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਅਕਾਦਮਿਕ ਲੀਡਰਸ਼ਿਪ ਨੂੰ ਵਿਕਸਤ ਕਰਨ ਅਤੇ ਸੰਸਥਾਵਾਂ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਇੱਕ ਉਤਸ਼ਾਹਕ ਵਜੋਂ ਕੰਮ ਕਰੇਗਾ, ਤਾਂ ਜੋ ਅਸੀਂ ਉੱਚ ਸਿੱਖਿਆ ਖੇਤਰ ਦੀਆਂ ਨਵੀਆਂ ਚੁਣੌਤੀਆਂ ਅਤੇ ਜ਼ਰੂਰਤਾਂ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਮੁਕਾਬਲਾ ਕਰ ਸਕੀਏ।