ਧਰਤੀ ਤੇ ਅਫ਼ੀਮ ਦੀ ਖੇਤੀ ਹਜ਼ਾਰਾਂ ਸਾਲ ਪੁਰਾਣੀ ਹੈ। ਅਫ਼ੀਮ ਪੋਸਤ ਦੇ ਪੌਦੇ ਨੂੰ ਲੱਗੇ ਫੁੱਲ ਚੋਂ ਨਿੱਕਲਦੀ ਹੈ ਅਤੇ ਸਦੀਆਂ ਤੋਂ ਹੀ ਇੱਕ ਨਸ਼ੇ ਅਤੇ ਦਵਾਈ ਦੇ ਤੌਰ ਤੇ ਵਰਤੀ ਜਾ ਰਹੀ ਹੈ। ਭਾਰਤ, ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਕੁਝ ਕੁ ਮੁਲਕਾਂ ਚ ਇਸਦੀ ਖੇਤੀ ਹੁੰਦੀ ਹੈ। ਕਿਸੇ ਸਮੇਂ ਕਈ ਯੂਰਪੀ ਦੇਸ਼ਾਂ ਚ ਇਸਦੀ ਖੇਤੀ ਹੁੰਦੀ ਰਹੀ ਹੈ। ਅਵੈਧ ਅਫ਼ੀਮ ਦਾ ਵੱਡਾ ਉਤਪਾਦਕ ਅਫ਼ਗਾਨਿਸਤਾਨ ਹੈ ਜਦਕਿ ਦੁਨੀਆਂ ਵਿੱਚ ਵੈਧ ਅਫ਼ੀਮ ਦਾ ਸਭ ਤੋਂ ਵੱਡਾ ਉਤਪਾਦਕ ਭਾਰਤ ਹੈ। ਇਸਦੀ ਖੇਤੀਬਾੜੀ ਯੂ. ਐਨ. ਓ ਦੀ ਇਕਹਿਰੀ ਨਾਰਕੋਟਿਕ ਡਰੱਗ ਕਨਵੈਨਸ਼ਨ 1961 ਦੇ ਨਿਯਮਾਂ ਅਧੀਨ ਹੀ ਕੀਤੀ ਜਾ ਸਕਦੀ ਹੈ।
ਅਫ਼ੀਮ ਦੀ ਵਰਤੋਂ ਦਰਦ ਨਿਵਾਰਕ ਅਤੇ ਦਿਮਾਗੀ ਬਿਮਾਰੀਆਂ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ ਅਤੇ ਗੈਰ ਕਾਨੂੰਨੀ ਤੌਰ ਤੇ ਨਸ਼ੇ ਲਈ ਸਿੱਧੀ ਵਰਤੋਂ ਕੀਤੀ ਜਾਂਦੀ ਹੈ। ਅਫ਼ੀਮ ਨੂੰ ਪਰੋਸੈਸ ਕਰ ਕੇ ਮਾਰਫੀਨ ਅਤੇ ਹੋਰ ਕਈ ਕਿਸਮ ਦੀਆਂ ਦਵਾਈਆਂ ਬਣਦੀਆਂ ਹਨ ਅਤੇ ਗੈਰ ਕਾਨੂੰਨੀ ਤੌਰ ਤੇ ਹੈਰੋਇਨ ਜਾਂ ਬਰਾਊਨ ਸ਼ੂਗਰ ਵਗੈਰਾ ਬਣਦੀ ਹੈ।ਜੋ ਕਿ ਸਾਰੀ ਦੁਨੀਆਂ ਵਿੱਚ ਨਸ਼ੀਲੇ ਪਦਾਰਥ ਦੇ ਤੌਰ ਤੇ ਵਰਤੀ ਜਾਂਦੀ ਹੈ। ਇਸਨੂੰ ਅੰਗਰੇਜ਼ੀ ਚ Opium Poppy ਕਿਹਾ ਜਾਂਦਾ ਹੈ ਅਤੇ ਸਾਇੰਟਿਫਿਕ ਨਾਂ Papaver Somniferum ਕਿਹਾ ਜਾਂਦਾ ਹੈ। ਭਾਰਤ ਵਿੱਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਵਿਸ਼ੇਸ਼ ਪ੍ਰਕਿਰਿਆ ਰਾਹੀਂ ਕਿਸਾਨਾਂ ਤੋਂ ਖੇਤੀਬਾੜੀ ਕਰਵਾਈ ਜਾਂਦੀ ਹੈ। ਇਸ ਲਈ ਕੇਂਦਰ ਸਰਕਾਰ ਵੱਲੋਂ ਬਕਾਇਦਾ ਹਰ ਸਾਲ ਨੋਟੀਫਿਕੇਸ਼ਨ ਕੀਤਾ ਜਾਂਦਾ ਹੈ। ਇਸ ਨੋਟੀਫਿਕੇਸ਼ਨ ਦੇ ਅਧਾਰ ਤੇ ਕੇਂਦਰੀ ਨਾਰਕੋਟਿਕਸ ਬਿਊਰੋ (CBN) ਵੱਲੋਂ ਕਿਸਾਨਾਂ ਨੂੰ ਪਰਮਿਟ ਜਾਰੀ ਕੀਤੇ ਜਾਂਦੇ ਹਨ। ਸਾਲ 2008-09 ਵਿੱਚ ਸਬੰਧਤ ਵਿਭਾਗ ਵੱਲੋਂ 44821 ਪਰਮਿਟ ਜਾਰੀ ਕੀਤੇ ਗਏ ਸਨ। ਅਫ਼ੀਮ ਦੀ ਗੈਰ ਕਾਨੂੰਨੀ ਵਿਕਰੀ ਰੋਕਣ ਲਈ ਵੱਖਰੇ ਖੇਤਰ ਅਨੁਸਾਰ ਝਾੜ ਦੀਆਂ ਦਰਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ। ਜਿਵੇਂ ਰਾਜਸਥਾਨ ਲਈ 56 ਕਿੱਲੋ ਪ੍ਰਤੀ ਹੈਕਟੇਅਰ, ਮੱਧ ਪ੍ਰਦੇਸ਼ ਲਈ 49 ਕਿੱਲੋ ਦੀ ਦਰ ਨਿਸ਼ਚਤ ਹੈ। ਜੇਕਰ ਕੋਈ ਕਿਸਾਨ ਨਿਸ਼ਚਿਤ ਮਾਤਰਾ ਤੋਂ ਵੱਧ ਅਫ਼ੀਮ ਦਾ ਝਾੜ ਕੱਢਦਾ ਹੈ ਤਾਂ ਉਸ ਨੂੰ ਨਿਯਮਾਂ ਅਨੁਸਾਰ ਵੱਧ ਜਮੀਨ ਤੇ ਪੋਸਤ ਦਾ ਕਾਸ਼ਤ ਕਰਨ ਦਾ ਲਾਇਸੰਸ ਦਿੱਤਾ ਜਾਂਦਾ ਹੈ। ਪਰ ਇਹ ਬਹੁਤ ਘੱਟ ਹੁੰਦਾ ਹੈ। ਇਸ ਕੰਮ ਲਈ ਕੇਂਦਰੀ ਨਾਰਕੋਟਿਕਸ ਬਿਊਰੋ ਦਾ ਵੱਖਰਾ ਸੈਲ ਹੈ, ਜੋ ਸਾਰਾ ਸੀਜ਼ਨ ਇਸ ਕਾਰਜ ਦੀ ਦੇਖ ਰੇਖ ਕਰਦਾ ਹੈ। ਵਿਭਾਗ ਦੇ ਅਫਸਰ ਬਿਜਾਈ ਸਮੇਂ ਖੇਤਾਂ ਦੀ ਮਿਣਤੀ ਕਰਦੇ ਹਨ ਅਤੇ ਫ਼ਸਲ ਪੱਕਣ ਤੱਕ ਦਾ ਸਾਰਾ ਸਮਾਂ ਬਾਰੀਕੀ ਨਾਲ ਦੇਖ ਰੇਖ ਕਰਦੇ ਹਨ।
ਪੋਸਤ ਦੀ ਬਿਜਾਈ ਅਕਤੂਬਰ ਵਿੱਚ ਕੀਤੀ ਜਾਂਦੀ ਹੈ ਅਤੇ ਅਤੇ ਮਾਰਚ ਦੇ ਅੱਧ ਤੱਕ ਇਸ ਫਸਲ ਦੇ ਫੁੱਲਾਂ ਕੇ ਡੋਡੇ ਬਣ ਜਾਂਦੇ ਹਨ। ਅਫ਼ੀਮ ਇਕੱਠੀ ਕਰਨ ਲਈ ਉਨਾਂ ਡੋਡਿਆਂ ਨੂੰ ਫੁੱਲ ਬਣਨ ਤੋਂ ਪਹਿਲਾਂ ਹੀ ਸ਼ਾਮ ਨੂੰ ਇੱਕ ਵਿਸ਼ੇਸ਼ ਬਲੇਡ ਨਾਲ ਤਿੰਨ ਜਾਂ ਚਾਰ ਚੀਰੇ ਦਿੱਤੇ ਜਾਂਦੇ ਹਨ। ਰਾਤ ਭਰ ਚ ਉਨਾਂ ਚੀਰਿਆਂ ਚੋਂ ਤੁਪਕਾ ਤੁਪਕਾ ਕਰਕੇ ਅਫ਼ੀਮ ਦਾ ਦੁੱਧ ਰਿਸਦਾ ਹੈ ਜਿਸਨੂੰ ਕਿ ਅਗਲੇ ਦਿਨ ਦਾ ਸੂਰਜ ਨਿੱਕਲਣ ਤੋਂ ਪਹਿਲਾਂ ਪਹਿਲਾਂ ਇਕੱਠਾ ਕਰਿਆ ਜਾਣਾ ਹੁੰਦਾ ਹੈ। ਜੇਕਰ ਧੁੱਪ ਚੜੵ ਜਾਵੇ ਤਾਂ ਕੁਆਲਿਟੀ ਅਤੇ ਮਾਤਰਾ ਦਾ ਨੁਕਸਾਨ ਹੁੰਦਾ ਹੈ। ਅਫ਼ੀਮ ਨੂੰ ਇਕੱਠੀ ਕਰ ਕੇ ਰੱਖਿਆ ਜਾਂਦਾ ਹੈ। ਇਸ ਕੰਮ ਲਈ ਵਿਸ਼ੇਸ਼ ਤਜ਼ਰਬੇਕਾਰ ਮਜ਼ਦੂਰਾਂ ਦੀ ਲੋੜ ਪੈਂਦੀ ਹੈ। ਇਸ ਪ੍ਰਕਿਰਿਆ ਤੋਂ ਬਾਅਦ ਡੋਡਿਆਂ ਚੋਂ ਖਸਖਸ ਕੱਢ ਲਈ ਜਾਂਦੀ ਹੈ ਅਤੇ ਬਾਕੀ ਬਚੇ ਡੋਡੇ ਵੀ ਨਿਸ਼ਚਿਤ ਮਾਤਰਾ ਵਿੱਚ ਸਰਕਾਰ ਨੂੰ ਦੇਣੇ ਪੈਂਦੇ ਹਨ। ਸਰਕਾਰ ਇਨਾਂ ਡੋਡਿਆਂ ਦਾ ਚੂਰਾ ਕਰਕੇ ਆਪਣੇ ਠੇਕਿਆਂ ਰਾਹੀਂ ਵੇਚਦੀ ਹੈ ਜਿਨਾਂ ਦੀ ਵਰਤੋਂ ਆਮ ਲੋਕ ਨਸ਼ੇ ਲਈ ਕਰਦੇ ਹਨ। ਇਸ ਚੂਰੇ ਨੂੰ ਪੰਜਾਬ ਵਿੱਚ ਭੁੱਕੀ ਵੀ ਕਿਹਾ ਜਾਂਦਾ ਹੈ ਜਦਕਿ ਅੰਗਰੇਜ਼ੀ ਚ ਪੋਪੀ ਹਸਕ ਕਿਹਾ ਜਾਂਦਾ ਹੈ।
ਅਫ਼ੀਮ ਦੀ ਖੇਤੀ ਇੱਕ ਚੁਣੌਤੀਪੂਰਨ ਕੰਮ ਹੈ। ਕਿਉਂਕਿ ਸਰਕਾਰ ਨੇ ਨਿਸ਼ਚਿਤ ਮਾਤਰਾ ਵਿੱਚ ਅਫ਼ੀਮ ਕਿਸਾਨ ਤੋਂ ਲੈਣੀ ਹੁੰਦੀ ਹੈ। ਇਸ ਲਈ ਆਪਣੇ ਝਾੜ ਲਈ ਕਿਸਾਨ ਨੂੰ ਬਹੁਤ ਜੋਰ ਲਾਉਣਾ ਪੈਂਦਾ ਹੈ। ਜੇਕਰ ਕਿਸਾਨ ਆਪਣੀ ਕਾਸ਼ਤ ਦੇ ਹਿਸਾਬ ਨਾਲ ਬਣਦੀ ਅਫ਼ੀਮ ਸਰਕਾਰ ਨੂੰ ਨਹੀਂ ਦਿੰਦਾ ਤਾਂ ਅੱਗੇ ਤੋਂ ਉਸ ਨੂੰ ਬਲੈਕ ਲਿਸਟ ਕਰ ਦਿੱਤਾ ਜਾਂਦਾ ਹੈ। ਕਿਸਾਨਾਂ ਨੂੰ ਖਰੀਦੀ ਹਈ ਅਫ਼ੀਮ ਦੀ ਕੁਆਲਿਟੀ ਅਨੁਸਾਰ ਦੀ ਨੱਬੇ ਪ੍ਰਤੀਸ਼ਤ ਪੇਮੈਂਟ ਤੁਰੰਤ ਕਰ ਦਿੱਤੀ ਜਾਂਦੀ ਹੈ। ਦਸ ਪ੍ਰਤੀਸ਼ਤ ਲੈਬਾਟਰੀ ਵਿੱਚ ਟੈਸਟ ਪਾਸ ਕਰਨ ਉਪਰੰਤ ਕੀਤੀ ਜਾਂਦੀ ਹੈ। ਇਸਦੀ ਸਰਕਾਰੀ ਖਰੀਦ ਦਾ ਰੇਟ ਪੰਦਰਾਂ ਸੌ ਤੋਂ ਲੈ ਕੇ ਸਤਾਰਾਂ ਕੁ ਸੌ ਰੁਪਏ ਕਿੱਲੋ ਦੇ ਕਰੀਬ ਹੈ। ਇੱਕ ਏਕੜ ਵਿੱਚੋਂ ਵੀਹ ਤੋਂ ਪੱਚੀ ਕਿੱਲੋ ਦੇ ਕਰੀਬ ਅਫ਼ੀਮ ਨਿਕਲਦੀ ਹੈ। ਇੱਕ ਤਰਾਂ ਨਾਲ ਸਹਿਮ ਦੇ ਹੇਠ ਹੀ ਇਸ ਦੀ ਖੇਤੀ ਹੁੰਦੀ ਹੈ। ਜਿਨੀਂ ਦੇਰ ਤੱਕ ਅਫ਼ੀਮ ਖੇਤ ਚੋਂ ਇਕੱਠੀ ਹੋ ਕੇ ਸਰਕਾਰੀ ਵਿਭਾਗ ਤੱਕ ਜਮਾਂ ਨਹੀਂ ਹੁੰਦੀ ਉਨੀਂ ਦੇਰ ਤੱਕ ਸਿਰਦਰਦੀ ਬਣੀ ਰਹਿੰਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਫ਼ਸਲ ਕਿਸੇ ਕੁਦਰਤੀ ਕਰੋਪੀ ਕਰਕੇ ਘੱਟ ਝਾੜ ਦੀ ਸੰਭਾਵਨਾ ਹੋਵੇ ਜਾਂ ਨਿਸ਼ਚਤ ਮਾਤਰਾ ਵਿੱਚ ਅਫ਼ੀਮ ਖੇਤ ਵਿੱਚੋਂ ਪੈਦਾ ਕਰਨੀ ਮੁਸ਼ਕਿਲ ਹੋਵੇ ਤਾਂ ਕਈ ਵਾਰ ਖੜੵੀ ਫਸਲ ਵੀ ਨਾਰਕੋਟਿਕਸ ਬਿਉਰੋ ਦੇ ਅਫ਼ਸਰਾਂ ਦੀ ਹਾਜ਼ਰੀ ਵਿੱਚ ਵਾਹੁਣੀ ਪੈ ਜਾਂਦੀ ਹੈ।
ਇਹ ਅਫ਼ੀਮ ਸਰਕਾਰੀ ਅਫ਼ੀਮ ਅਤੇ ਅਲਕਾਲਾਇਡ ਵਰਕਸ ਨੀਮਚ (ਮੱਧ ਪ੍ਰਦੇਸ਼) ਵਿਖੇ ਜਮੵਾਂ ਹੁੰਦੀ ਹੈ। ਵੱਖਰੇ ਵੱਖਰੇ ਲੈਬ ਟੈਸਟਾਂ ਦੀ ਪਰਕਿਰਿਆ ਦੌਰਾਨ ਜੇਕਰ ਅਫ਼ੀਮ ਵਿੱਚ ਕਿਸੇ ਤਰਾਂ ਦੀ ਮਿਲਾਵਟ ਪਾਈ ਜਾਂਦੀ ਹੈ ਜਾਂ ਵਿਭਾਗ ਦੇ ਮਾਪਦੰਡਾਂ ਤੇ ਖਰੀ ਨਹੀਂ ਉੱਤਰਦੀ ਤਾਂ ਕਿਸਾਨ ਦੀ ਪੇਮੈਂਟ ਵਿੱਚ ਬਣਦਾ ਕੱਟ ਲਾ ਦਿੱਤਾ ਜਾਂਦਾ ਹੈ। ਮਸਲਨ ਅਫੀਮ ਵਿੱਚ ਮਾਰਫੀਨ ਦੀ ਮਾਤਰਾ 9% ਤੋਂ ਘੱਟ ਹੋਵੇ, ਜਾਂ ਮਿਲਕ ਪਾਊਡਰ ਮਿਕਸ ਹੋਵੇ ਜਾਂ ਕਿਸੇ ਹੋਰ ਤਰਾਂ ਦੀ ਮਿਲਾਵਟ ਆਦਿ ਚੈਕ ਕੀਤੀ ਜਾਂਦੀ ਹੈ।ਲਾਇਸੰਸ ਵਿੱਚ ਦਰਜ ਰਕਬੇ ਨਾਲੋਂ ਵੱਧ ਜਗੵਾ ਚ ਪੋਸਤ ਦੀ ਖੇਤੀ ਕਰਨ ਵਾਲੇ ਜਾਂ ਵਿਭਾਗ ਦੇ ਨਿਯਮਾਂ ਤੇ ਪੂਰੇ ਨਾ ਉੱਤਰ ਸਕਣ ਵਾਲੇ ਸੈਂਕੜੇ ਕਿਸਾਨ ਅਜਿਹੇ ਹਨ ਜੋ ਵਿਭਾਗ ਵੱਲੋਂ ਅਫ਼ੀਮ ਦੀ ਖੇਤੀ ਲਈ ਬਲੈਕ ਲਿਸਟ ਹਨ। ਬਹੁਤ ਸਾਰੇ ਅਜਿਹੇ ਹਨ ਜੋ ਅਫ਼ੀਮ ਬਾਹਰ ਸਪਲਾਈ ਕਰਦੇ ਫੜੵੇ ਗਏ ਸਨ ਹੁਣ ਐਨ.ਡੀ.ਪੀ.ਐਸ ਐਕਟ ਅਧੀਨ ਜੇਲੵ ਦੀ ਹਵਾ ਖਾ ਰਹੇ ਹਨ।
ਨੋਟ. ਇਹ ਪੋਸਟ ਸਿਰਫ਼ ਪੋਸਤ ਦੀ ਖੇਤੀ ਅਤੇ ਨਿਯਮਾਂ ਦੀ ਜਾਣਕਾਰੀ ਲਈ ਪਾਇਆ ਗਿਆ ਹੈ। ਪੋਸਤ ਦੀ ਖੇਤੀ ਕਰਨ ਜਾਂ ਅਫ਼ੀਮ ਦਾ ਨਸ਼ਾ ਕਰਨ ਲਈ ਉਤਸ਼ਾਹਿਤ ਕਰਨ ਲਈ ਨਹੀਂ।
ਭੁਪਿੰਦਰ ਸਿੰਘ ਬਰਗਾੜੀ