ਛੱਡ ਪਿਸਟਲ ਰਫਲਾਂ ਗੰਡਾਸਿਆਂ ਦੇ ਗੀਤ
ਮੈਂ ਲਿਖਾਂ ਮੁੜ੍ਹਕੇ ਨਾ ਭਿੱਜੇ ਪਰਨੇ ਮੰਡਾਸਿਆਂ ਦੇ ਗੀਤ
ਵਿਕੀ ਫਸਲ ਤੋਂ ਆਏ ਜਿਹੜੇ ਹਾਸਿਆਂ ਦੇ ਗੀਤ
ਭਾਬੀ ਬਣੀ ਪਿੱਛੋਂ ਪੱਤੇ ਜੋ ਤਰਾਸ਼ਿਆਂ ਦੇ ਗੀਤ
ਕਿਸੇ ਸੋਹਣੀ ਮੁਟਿਆਰ ਦੇ ਦੰਦਾਸਿਆਂ ਦੇ ਗੀਤ
ਛੱਡ ਕਬਜੇ ਤੇ ਚੀਕਾਂ ਲਲਕਾਰਿਆਂ ਦੇ ਗੀਤ
ਲਿਖਾਂ ਬੋਲੇ ਸੌ ਨਿਹਾਲ ਦੇ ਜੈਕਾਰਿਆਂ ਦੇ ਗੀਤ
ਸਰਹੰਦ ਚਮਕੌਰ ਠੰਡੇ ਬੁਰਜ ਮਨਾਰਿਆਂ ਦੇ ਗੀਤ
ਕੌਂਮ ਉੱਤੋਂ ਚਾਰ ਪੁੱਤ ਵਾਰਿਆਂ ਦੇ ਗੀਤ
ਢਾਹੇ ਗੁਰੂ ਘਰ ਸਾਕੇ ਨੀਲੇ ਤਾਰਿਆਂ ਦੇ ਗੀਤ
ਉੱਠੇ ਇਨਕਲਾਬੀ ਦੇਸ਼ ਲਈ ਨਾਅਰਿਆਂ ਦੇ ਗੀਤ
ਛੱਡ ਬੁਲਟ ਤੇ ਆਸ਼ਕਾਂ ਮਸ਼ੂਕਾ ਵਾਲੇ ਗੀਤ
ਮੈਂ ਲਿਖਾਂ ਕੁੱਖ ਵਿੱਚੋਂ ਉੱਠੀਆਂ ਓਹ ਕੂਕਾਂ ਵਾਲੇ ਗੀਤ
ਕੁਝ ਡਾਕਟਰਾਂ ਦੀਆਂ ਕਾਲੀਆਂ ਕਰਤੂਤਾਂ ਵਾਲੇ ਗੀਤ
ਬਾਤਾਂ ਸੁਣਕੇ ਜੋ ਡਰਦੇ ਸੀ ਭੂਤਾਂ ਵਾਲੇ ਗੀਤ
ਛਾਬੇ ਟੋਕਰੇ ਬਣਾਉਂਦੇ ਛਾਂਗ ਤੂਤਾਂ ਵਾਲੇ ਗੀਤ
ਛੱਡ ਦਾਰੂ ਦੀਆਂ ਮਹਿਫਲਾਂ ਤੇ ਢਾਣੀਆਂ ਦੇ ਗੀਤ
ਲਿਖਾਂ ਨਸ਼ੇ ਚ ਤਬਾਹ ਜੋ ਜਵਾਨੀਆਂ ਦੇ ਗੀਤ
ਰੂੰਗੇ ਟੌਫੀਆਂ ਤੇ ਚੂਰਨ ਚਵਾਨੀਆਂ ਦੇ ਗੀਤ
ਪੰਜਵੀਂ ਜਮਾਤ ਓਮੇ ਮਾਸ਼ਟਰ ਦੀ ਕੁੱਟ ਤੇ ਓਹ ਹਾਣੀਆਂ ਦੇ ਗੀਤ
ਛੱਡ ਅੱਜ ਦੀਆਂ ਸਹਿਬਾਂ ਹੀਰਾਂ ਸੱਸੀਆਂ ਦੇ ਗੀਤ
ਲਿਖਾਂ ਕਰਜੇ ਦੇ ਵਿੱਚ ਜਾਨਾਂ ਫਸੀਆਂ ਦੇ ਗੀਤ
ਪਈਆਂ ਬਾਪੂ ਗਲ ਫਾਹੇ ਬਣ ਰੱਸੀਆਂ ਦੇ ਗੀਤ
ਮੇਰੇ ਪਿੰਡ ਵੱਲ ਆਉਂਦੇ ਨਹਿਰਾਂ ਕੱਸੀਆਂ ਦੇ ਗੀਤ
ਗੁੜ ਚਟਣੀ ਅਚਾਰ ਰੋਟੀ ਲੱਸੀਆਂ ਦੇ ਗੀਤ
ਛੱਡ ਕੋਠੀਆਂ ਤੇ ਰੰਗਲੇ ਚੁਬਾਰਿਆਂ ਦੇ ਗੀਤ
ਲਿਖਾਂ ਦੁੱਧ ਉੱਤੇ ਚਲਦੇ ਗੁਜਾਰਿਆਂ ਦੇ ਗੀਤ
ਜਾਂ ਲੀਡਰਾਂ ਦੇ ਲਾਏ ਝੂਠੇ ਲਾਰਿਆਂ ਦੇ ਗੀਤ
ਝੂਠੇ ਪੁਲਸ ਮੁਕਾਬਲੇ ਚ ਮਾਰਿਆਂ ਦੇ ਗੀਤ
ਬੁੱਢੇ ਬਾਪੂ ਘਰੋਂ ਕੱਢੇ ਬੇਸਹਾਰਿਆਂ ਦੇ ਗੀਤ
ਛੱਡ ਕਾਰਾਂ ਜੀਪਾਂ ਚੰਡੀਗੜ੍ਹ ਰੋਡ ਵਾਲੇ ਗੀਤ
ਮੈਂ ਲਿਖਾਂ ਬਾਬੇ ਜਿੱਥੇ ਓਹੋ ਬੋਹੜ ਵਾਲੇ ਗੀਤ
ਮੁੜੀ ਕਿਸ਼ਤ ਇੱਕ ਵਿਕੇ ਹੋਏ ਫੋਹੜ ਵਾਲੇ ਗੀਤ
ਲੱਗੇ ਲੋਕਾਂ ਨੂੰ ਮੋਬਾਇਲਾਂ ਦੇ ਨੇ ਕੋਹੜ ਵਾਲੇ ਗੀਤ
ਛੱਡ ਬੱਕਰੇ ਤੇ ਮੁਰਗੇ ਸ਼ਰਾਬ ਵਾਲੇ ਗੀਤ
ਲਿਖਾਂ 'ਪਿਰਤੇ' ਮੈਂ ਵਿਛੜੇ ਪੰਜਾਬ ਵਾਲੇ ਗੀਤ
ਸਾਥੋਂ ਵੱਖ ਹੋਏ ਜੇਹਲਮ ਝਨਾਬ ਵਾਲੇ ਗੀਤ
ਮਹਾਰਾਜੇ ਰਣਜੀਤ ਦੇ ਓਹ ਰਾਜ ਵਾਲੇ ਗੀਤ
ਮਿਲੇ ਆੜ੍ਹਤ ਤੋਂ ਪੈਸੇ ਲਈ ਜਵਾਬ ਵਾਲੇ ਗੀਤ
ਛੱਡ ਦੇਸ਼ ਤੇ ਵਿਦੇਸ਼ ਗੋਰੇ ਕਾਲਿਆਂ ਦੇ ਗੀਤ
ਲਿਖਾਂ ਰੋਟੀ ਲਈ ਜੋ ਵੱਜੇ ਘਰੇ ਤਾਲਿਆਂ ਦੇ ਗੀਤ
ਢਿੱਲੋਂ ਭੁੱਲਰ ਟਿਵਾਣੇ ਖੂਹ ਵਾਲਿਆਂ ਦੇ ਗੀਤ
ਝਾੜ ਥੌਲ੍ਹਾ ਟੂਣੇ ਅਤੇ ਢਾਲਿਆਂ ਦੇ ਗੀਤ
ਤੇ ਮੈਂ ਪਿੰਡਾਂ ਵਾਲਾ ਲਿਖੂੰ ਪਿੰਡਾਂ ਵਾਲਿਆਂ ਨੇ
ਪਿਰਤਾ ਘੁੱਦਾ
9501293995 ...