ਅਜੋਕੀ ਗਾਇਕੀ ਦੇ ਗਗਨ ਦਾ ਤਾਰਾ: ਨਿਰਵੈਰ ਪਨੂੰ
ਨਿੰਦਰ ਘੁਗਿਆਣਵੀ
ਫਿਰੋਜ਼ਪੁਰ ਜਿਲੇ ਦੇ ਛੋਟੇ ਜਿਹੇ ਸ਼ਹਿਰ ਜੀਰੇ ਦਾ ਵੱਡਾ ਗਵੱਈਆ ਹੋਇਆ ਜਗਜੀਤ ਸਿੰਘ ਜੀਰਵੀ, ਸਾਰੀ ਉਮਰ ਸਾਹਿਤਕ ਤੇ ਸਮਾਜਿਕ ਰੰਗਣ ਵਿਚ ਰੰਗੇ ਗੀਤ ਗਾਉਂਦਾ ਰਿਹਾ, ਬੜਾ ਨਾਂ ਕਮਾ ਗਿਆ, ਇਕੱਲਿਆਂ ਵੀ ਬਥੇਰਾ ਗਾਇਆ, ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨਾਲ ਵੀ ਗਾਇਆ ਤੇ ਨੈਸ਼ਨਲ ਐਵਾਰਡ ਵੀ ਮਿਲਿਆ। ਆਖਿਰ ਉਹ ਟੋਰਾਂਟੋ ਵਿਚ ਪੂਰਾ ਹੋ ਗਿਆ। ਅਜੀਤ ਅਖਬਾਰ ਦੇ ਮਾਲਕ ਤੇ ਮੁੱਖ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ ਨੇ ਕਿਧਰੇ ਲਿਖਿਆ ਸੀ ਕਿ ਜਦ ਜੀਰੇ ਵਿਚੋਂ ਦੀ ਲੰਘਦੇ ਹਾਂ, ਤਾਂ ਉਦੋਂ ਹੀ ਜਗਜੀਤ ਜੀਰਵੀ ਦੀ ਯਾਦ ਆਉਂਦੀ ਏ ਪਰ ਜਦ ਜੀਰਾ ਟੱਪ ਜਾਨੇ ਆਂ, ਤਾਂ ਜੀਰੇ ਦੀਆਂ ਧੂੜ ਭਰੀਆਂ ਗਲੀਆਂ ਵਿਚ ਜੀਰਵੀ ਗੁਆਚ ਜਾਂਦਾ ਏ। ਹਮਦਰਦ ਸਾਹਿਬ ਦੀ ਇਹ ਟਿੱਪਣੀ ਬੜੀ ਕਮਾਲ ਹੈ ਤੇ ਮੇਰੀ ਬਰੈਂਪਟਨ ਵਿਚ ਹੋਈ ਜਗਜੀਤ ਜੀਰਵੀ ਨਾਲ ਮਿਲਣੀ ਚੇਤੇ ਵਿਚ ਵੱਸੀ ਹੋਈ ਹੈ।
ਜੀਰਵੀ ਦੇ ਜਾਣ ਬਾਅਦ ਇਹ ਰਤਾ ਵੀ ਨਹੀਂ ਸੀ ਲਗਦਾ ਕਿ ਹੁਣ ਜੀਰੇ ਵਾਲੇ ਪਾਸਿਓਂ (ਪਿਆਰੇ ਜਿਹੇ ਪਿੰਡ ਲਹੁਕੇ ਤੋਂ) ਵੀ ਕਦੀ ਸੰਗੀਤ ਭਰੀ ਠੰਢੀ ਹਵਾ ਦੇ ਬੁੱਲਾ ਆਏਗਾ, ਤੇ ਆਪਣੀ ਵਿਲੱਖਣ ਸੁਰ ਨਾਲ ਆਲੇ-ਦੁਆਲੇ ਨੂੰ ਮੰਤਰ -ਮੁਗਧ ਕਰ ਸੁੱਟੇਗਾ ਅਤੇ ਅੰਤਰਾਸ਼ਟਰੀ ਪੱਧਰ ਉਤੇ ਛੋਟੀ ਆਯੂ ਦਾ ਵੱਡਾ ਗਵੱਈਆ ਸਿੱਧ ਹੋਵੇਗਾ। ਉਹ ਸੰਗੀਤਕ ਬੁੱਲਾ ਸੁਰੀਲੀ ਤੇਜ ਹਵਾ ਵਾਂਗਰ ਚਾਰੇ ਪਾਸੇ ਗਾਹ ਪਾ ਦੇਵੇਗਾ, ਤੇ ਨਿੱਕੀ ਉਮਰ ਦਾ ਵੱਡਾ ਫ਼ਨਕਾਰ ਬਣਨ ਦਾ ਮਾਣ ਪਾਵੇਗਾ। ਉਹ ਬਹੁਤਾ ਆਪੇ ਲਿਖੇਗਾ, ਤੇ ਆਪੇ ਈ ਗਾਏਗਾ, ਬਿਲਕੁਲ ਉਵੇਂ, ਜਿਵੇਂ ਉਸਤਾਦ ਲਾਲ ਚੰਦ ਯਮਲਾ ਜੀ ਆਪੇ ਲਿਖਦੇ ਰਹੇ ਤੇ ਆਪੇ ਗਾਉਂਦੇ ਰਹੇ, ਤੇ ਸਾਡਾ ਗੁਰਦਾਸ ਮਾਨ ਵੀ ਆਪੇ ਲਿਖ ਕੇ ਆਪੇ ਗਾਉਂਦਾ ਏ। ਨਿਰਵੈਰ ਪਨੂੰ ਇੱਕ ਸਮਰੱਥ ਗਾਇਕ ਦੇ ਨਾਲ ਨਾਲ ਸ਼ਾਇਰ ਵਜੋਂ ਵੀ ਸਫਲ ਹੈ। ਉਹ ਆਪਣੇ ਗੀਤਾਂ ਵਿੱਚ ਨਿੱਕੀਆਂ ਨਿੱਕੀਆਂ ਤਸ਼ਬੀਹਾਂ ਦਿੰਦਾ ਹੈ, ਜੋ ਨਵਿਆਂ ਨੂੰ ਛੇਤੀ ਛੇਤੀ ਸਮਝ ਪੈ ਜਾਂਦੀਆਂ ਨੇ। ਇਸ ਛੋਟੀ ਜਿਹੀ ਉਮਰ ਦੇ ਮੁੰਡੇ ਨੇ ਦੁਨੀਆਂ 'ਕਮਲੀ' ਕੀਤੀ ਪਈ ਹੈ। ਹਰ ਗਲੀ ਖੂੰਜੇ, ਮੋੜ ਮੁਹੱਲੇ, ਫੋਨ ਟਿਊਨ ਉੱਤੇ, ਕਾਰਾਂ ਵਿਚ, ਜਹਾਜ਼ਾਂ ਵਿਚ, ਪੈਲਿਸਾਂ ਤੇ ਪੱਬਾਂ ਤੇ ਵਿੱਚ ਹਰ ਪਾਸੇ ਨਿਰਵੈਰ ਪਨੂੰ ਦੀ ਆਵਾਜ਼ ਗੂੰਜ ਰਹੀ ਹੈ। ਜੇ ਮੈਂ ਸਿੱਧੇ ਰੂਪ ਵਿਚ ਇਹ ਲਿਖਾਂ ਕਿ ਨਿਰਵੈਰ ਗੀਤ ਗਾਉਂਦਾ ਹੋਇਆ ਸਰੋਤੇ ਨਾਲ ਸੰਵਾਦ ਰਚਾਉਂਦਾ ਹੈ, ਭਾਵ ਕਿ ਗੱਲਾਂ ਕਰਦਾ ਹੈ ਨਿੱਕੀਆਂ-ਨਿੱਕੀਆਂ ਤੇ ਪਿਆਰ ਪਰੁੱਚੀਆਂ ਗੱਲਾਂ। ਮੈਨੂੰ ਲਗਦਾ ਹੈ ਕਿ ਨਿਰਵੈਰ ਦੇ ਵਡੇਰਿਆਂ ਪਨੂੰਆਂ ਨੇ ਕੋਈ ਪੁੰਨ ਕਰੇ ਹੋਣੇ ਨੇ ਕਿ ਉਨਾਂ ਦੇ ਘਰੇ ਨਿਰਵੈਰ ਜੰਮ ਪਿਆ। ਉਸਦੀ ਆਵਾਜ਼ ਵਲ ਖਾਂਦੀ ਹੈ, ਵਲੇਟਾ ਮਾਰਦੀ ਹੈ।
ਜਦ ਮੈਂ ਉਸਨੂੰ ਕਈ-ਕਈ ਵਾਰੀ ਸੁਣਿਆ, ਤੇ ਆਪਣੇ ਆਪ ਨੂੰ ਪੁੱਛਿਆ ਕਿ ਕਿਆ ਅਲਾਪ ਹੈ ਏਸ ਕਾਕੇ ਦਾ! ਬੜੀ ਸਹਿਜ ਨਾਲ ਜਿਵੇਂ ਸਰੋਵਰ ਦੇ ਜਲ ਦੀਆਂ ਪਤਲੀਆਂ ਤਰੰਗਾਂ ਹੋਣ! ਕੈਸਾ ਹੈ ਏਹ ਅਲਾਪ ਕਦੇ ਬਿਲਕੁਲ ਸਿੱਧਾ ਤੇ ਸਟਰੇਟ? ਉਹਨੇ ਇਕ ਗੀਤ ਦੇ ਗਾਇਨ ਮੂਹਰੇ ਅਲਾਪਿਆ ਹੈ, ਤਾਂ ਇਓਂ ਜਾਪਿਆ ਜਿਵੇਂ ਕੱਕਰ ਲੱਦੇ ਕਿਸੇ ਬਿਰਖ ਥੱਲੇ ਬੈਠਾ ਕੋਈ ਕੋਸੇ-ਕੋਸੇ ਸਾਹ ਭਰ ਰਿਹਾ ਹੋਵੇ, ਜਾਂ ਕੋਈ ਤਪਦਾ ਰੇਤਲਾ ਟਿੱਬਾ ਕਿਣ-ਮਿਣ ਨੂੰ ਉਡੀਕਦਾ ਅਕਾਸ਼ ਤੇ ਧਰਤ ਦਾ ਰਾਹ ਮਿਣ ਰਿਹਾ ਹੋਵੇ, ਜਾਂ ਕਿਤੇ ਦੂਰ ਘਣੇ ਕਾਲੇ ਜੰਗਲ ਵਿਚ ਭਟਕਦੀ ਕੋਇਲ ਕਿਸੇ ਅਣਗੌਲੇ ਲੋਕ ਗੀਤ ਦੇ ਬੋਲਾਂ ਨੂੰ ਢੂੰਡ ਰਹੀ ਹੋਵੇ! ਮੈਂ ਮਹਿਸੂਸ ਕੀਤਾ ਕਿ ਨਿਰਵੈਰ ਪਨੂੰ ਜਦ ਗਾਉਂਦਾ ਹੈ, ਤਾਂ ਸੁਖ ਦਿੰਦਾ ਹੈ:
ਕਦੇ ਸਾਨੂੰ ਕੋਲ ਬਿਠਾ ਲੈ ਨੀ
ਤੂੰ ਸਾਨੂੰ ਗਲ ਨਾਲ ਲਾ ਲੈ ਨੀ
ਤਰੰਗਾਂ ਛੇੜਦੇ ਨੇ ਇਹ ਬੋਲ, ਸਾਜਾਂ ਦਾ ਉੱਕਾ ਈ ਸ਼ੋਰ ਨਹੀਂ। ਸੁਰ ਫੁੱਲ ਬਣ ਬਣ ਖਿੜਦੇ ਨੇ ਤੇ ਸਕੂਨ ਗਲਵੱਕੜੀ ਪਾਉਂਦਾ ਲਗਦਾ ਹੈ। ਜਦ ਉਹ ਬੋਲ ਚੁੱਕਦਾ ਹੈ :
ਨੀ ਗੱਲ ਸੁਣਦਾ ਨਹੀਂ
ਇਹ ਦਿਲ ਚੰਦਰਾ ਜਿਹਾ
ਵੱਸੋਂ ਬਾਹਰ ਹੋ ਗਿਆ
ਨੀ ਤੇਰੇ ਨਾਲ ਪਿਆਰ ਹੋ ਗਿਆ---
ਤਾਂ ਰੁੱਖੇ ਦਿਲਾਂ ਉਤੋਂ ਖੁਸ਼ਕੀ ਉੱਡਣ-ਪੁੱਡਣ ਲਗਦੀ ਹੈ, ਪਿਆਰ ਦਾ ਜਜ਼ਬਾ ਖੰਭ ਲਾਉਂਦਾ ਜਾਪਦਾ ਹੈ। 'ਨੀ ਖਾਲੀਪਣ ਜਿਹਾ ਹੋਇਆ ਤੇਰੇ ਬਾਝ ਕੁੜੇ' ਸੁਣਦਿਆਂ ਹੋਂਦ ਅਣਹੋਂਦ ਦਾ ਅਹਿਸਾਸ ਤੇ ਇਕੱਲਤਾ ਦਾ ਖੌਲਣਾ ਹਰ ਮਨ ਮਹਿਸੂਸ ਕਰਦਾ ਹੈ।
ਨਿਰਵੈਰ ਪਨੂੰ ਨੂੰ ਸੁਣਦਿਆਂ ਮੈਂ ਮਹਿਸੂਸ ਕਰਦਾ ਹਾਂ---ਸ਼ਾਇਦ ਮੈਂ ਇੱਥੇ ਗਲਤ ਹੋਵਾਂ ਕਿ ਕਦੇ ਕਦੇ ਨਿਰਵੈਰ ਮੈਨੂੰ ਸ਼ਿਵ ਬਟਾਲਵੀ ਦਾ ਛੋਟਾ 'ਸੱਕਾ ਭਰਾ' ਲੱਗਣ ਲਗਦਾ ਏ, ਜਿਵੇਂ ਕੋਈ ਗਮਾਂ ਦੀ ਗੱਠੜੀ ਸਿਰ ਉਤੇ ਲੱਦੀ ਉਸੇ ਨੂੰ ਈ ਟੋਲਦਾ ਫਿਰਦਾ ਏ, ਜਾਂ ਕਿਤੇ ਸੁਪਨੇ ਵਿਚ ਆਇਆ ਸ਼ਿਵ ਕਹਿ ਗਿਆ ਕਿ ਛੋਟਿਆ, ਆਹ ਮੇਰੀ ਪੈੜ ਵਿਚ ਪੈੜ ਧਰਦਾ ਆਵੀਂ! ਉਸਨੇ ਆਪਣੇ ਕਈ ਗੀਤਾਂ ਵਿੱਚ ਸ਼ਿਵ ਦਾ ਜਿਕਰ ਕੀਤਾ ਹੈ। ਕਦੇ ਲਗਦਾ ਏ ਕਿ ਨਿਰਵੈਰ ਆਪਣੀ ਦਰਦੀਲੀ ਮਧੁਰਤਾ ਨਾਲ ਟੁੱਟੇ ਦਿਲਾਂ ਨੂੰ ਜੋੜ ਰਿਹਾ ਏ, ਮਰਹਮ ਪੱਟੀ ਕਰ ਰਿਹਾ ਏ। ਉਸਨੂੰ ਸੁਣ-ਸੁਣ ਟੁੱਟੇ ਦਿਲ ਧੀਰ ਧਰ ਰਹੇ ਨੇ। ਜੇਰਾ ਵਾਪਿਸ ਆਉਂਦਾ ਜਾਪਦਾ ਏ, ਦੁਖੀ ਹਿਰਦਾ ਸਕੂਨ ਮਹਿਸੂਸਦਾ ਏ, ਇਹੋ ਤਾਂ ਅਸਲ ਕਲਾ ਏ, ਤੇ ਸੱਚੀ ਸੁੱਚੀ ਕਲਾ ਦਾ ਫਰਜ਼ ਵੀ ਹੈ ਕਿ ਦੁਖੀ ਰੂਹ ਨੂੰ ਦੁੱਖ ਵਿਚੋਂ ਬਾਹਰ ਕੱਢਣਾ ਤੇ ਸੁੱਖ ਦੇਣਾ। ਕਦੇ ਇਓਂ ਲੱਗਣ ਲਗਦਾ ਏ ਕਿ ਨਿਰਵੈਰ ਗਾ ਨਹੀਂ ਰਿਹਾ, ਉਹ ਤਾਂ ਅਰਾਧਨਾ ਕਰ ਰਿਹਾ ਹੈ। ਕਦੇ ਜਾਪਦਾ ਹੈ ਕਿ ਉਹ ਇਕ ਪਪੀਹੇ ਦੇ ਰੂਪ ਵਿੱਚ ਕੂਕ ਰਿਹਾ ਏ। ਜੋ ਪਿਆਰ ਦੀ ਪਵਿੱਤਰਤਾ ਦੀ ਕਿਣਮਿਣ ਉਡੀਕਦਾ ਵਿਲਕ ਰਿਹਾ ਏ, ਜਾਂ ਫਿਰ ਜੁਦਾਈ, ਹੇਰਵਾ, ਤੜਪ ਤੇ ਝੋਰਾ ਇਕੋ ਵੇਲੇ ਸਭ ਕੁਝ ਇਕੱਠਿਆਂ ਕਰਕੇ ਘਣੇ ਜੰਗਲ ਵਿਚ ਕੋਇਲ ਕੂਕ ਰਹੀ ਏ।
ਉਸਦਾ ਇਕ ਅਲਾਪ ਕਿਸੇ ਪੁਰਾਣੀ ਮਧੁਰ ਵੀਣਾ ਦੇ ਵੱਜਣ ਵਾਂਗ ਲਗਦਾ ਏ। ਉਸਦੀ ਆਵਾਜ਼ ਦੀ ਵਿਲੱਖਣਤਾਈ ਸਿਰਫ ਉਹਦੇ ਵਾਂਗ ਹੀ ਵਿਲੱਖਣ ਭਰਪੂਰ ਹੈ। ਉਸਨੂੰ ਸੁਣਦਿਆਂ ਇੱਕ ਕਸ਼ਿਸ਼ ਲਗਾਤਾਰ ਹਮੇਸ਼ਾ ਬਣੀ ਰਹਿੰਦੀ ਏ। ਸਾਡੀ ਨਵੀਂ ਪੀੜੀ ਨੇ ਨਿਰਵੈਰ ਨੂੰ ਇਸ ਹੱਦ ਤੀਕ ਅਪਨਾ ਲਿਆ ਏ ਕਿ ਸਵੇਰੇ ਸਵੇਰੇ ਉਸਨੂੰ ਸੁਣਕੇ ਸ਼ਾਂਤੀ ਤੇ ਸਹਿਜ-ਸੁਖ ਮਹਿਸੂਸਦੇ ਨੇ।
ਨਿਰਵੈਰ ਸੁੱਤਿਆਂ-ਜਾਗਦਿਆਂ ਆਪਣਾ ਪਲ- ਪਲ ਆਪਣੇ ਤੇ ਆਪਣੀ ਸ਼ਾਇਰੀ ਨਾਲ ਬਿਤਾਉਂਦਾ ਹੈ। ਸੁਰ ਉਸ ਤੋਂ ਜੁਦਾ ਨਹੀਂ ਹੁੰਦੀ ਤੇ ਸੁਰ ਦੀ ਸਪੇਸ ਉਸ ਕੋਲੋਂ ਦੂਰੀ ਵੱਟੀ ਰਖਦੀ ਹੈ। ਸ਼ਾਇਰੀ ਦਾ ਇਲਹਾਮ ਉਸਨੂੰ ਆਪ ਮੁਹਾਰੇ ਹੁੰਦਾ ਰਹਿੰਦਾ ਹੈ। ਲਗਪਗ ਛੱਬੀ ਸਤਾਈ ਸਾਲ ਦਾ ਨਿਰਵੈਰ ਕੁਦਰਤ ਦਾ ਵਰੋਸਾਇਆ ਹੋਇਆ ਫਨਕਾਰ ਹੈ। ਉਹ ਪਿੰਡ ਹੀ ਪੜਦਾ ਸੀ ਆਪਣੇ ਘਰ ਦੇ ਲਾਗੇ ਹੀ, ਇਕ ਗੁਰੂ ਨਾਨਕ ਪਬਲਿਕ ਸਕੂਲ ਵਿਚ। ਉਥੇ ਲਿਖਾਰੀ ਮੇਜਰ ਸੰਧੂ ਮਲਸੀਆਂ ਵਾਲਾ ਤੇ ਉਹਦੀ ਪਤਨੀ ਪੜਾਉਂਦੇ ਸਨ, ਬੀਬੀ ਸੰਧੂ ਨਿਰਵੈਰ ਨੂੰ ਗੋਦੀ ਬਿਠਾਲਕੇ ਅੱਖਰ ਪਾਉਣੇ ਸਿਖਾਲਦੀ। ਇਹ ਦਸਦੇ ਨੇ ਕਿ ਉਹ ਬੜਾ ਪਿਆਰਾ ਤੇ ਭੋਲਾ ਭਾਲਾ ਜਿਹਾ ਬਾਲਕ ਸੀ, ਸ਼ਰਾਰਤ ਰਤਾ ਨਾ ਕਰਦਾ, ਤੇ ਨਾ ਹੀ ਖੱਪ ਪਾਉਂਦਾ ਸੀ, ਇਥੇ ਹੀ ਉਹਦੀਆਂ ਵੱਡੀਆਂ ਭੈਣਾਂ ਪਰਮਿੰਦਰ ਕੌਰ ਤੇ ਰਾਜਵਿੰਦਰ ਕੌਰ ਇਨਾਂ ਪਾਸ ਪੜਦੀਆਂ ਸਨ। ਉਹ ਅੱਜ ਸੁਪਰ ਸਟਾਰ ਬਣ ਕੇ ਵੀ ਆਪਣੇ ਅਧਿਆਪਕ ਦੇ ਘਰ ਜਾ ਕੇ ਮਿਲਣਾ ਖੁੰਝਾਉਂਦਾ ਨਹੀਂ। ਮੇਜਰ ਸਿੰਘ ਕਹਿੰਦਾ ਹੈ ਕਿ ਉਸ ਵਿਚ ਨਾ ਆਕੜ ਆਈ, ਨਾ ਹੰਕਾਰ ਹੀ ਨੇੜੇ ਢੁੱਕਾ, ਸਗੋਂ ਨਿਮਰਤਾ ਹੋਰ ਵਧੀ ਹੈ। ਮੇਜਰ ਹੁਰਾਂ ਦਾ ਨਿਰਵੈਰ ਦੇ ਮਾਪਿਆਂ ਨਾਲ ਘਰੇਲੂ ਆਉਣ ਜਾਣ ਕਰਕੇ ਸਭ ਇਕ ਦੂਜੇ ਨੂੰ ਨੇੜਿਓਂ ਜਾਣਦੇ-ਪਛਾਣਦੇ ਨੇ।
ਪੰਜਵੀਂ ਉਸਨੇ ਬਾਬਾ ਜੱਸ ਸਕੂਲੋਂ ਕਰ ਲਈ ਤੇ ਛੇਵੀਂ ਵਿਚ ਪੜਨ ਲਈ ਪਟਿਆਲੇ ਭੂਆ ਅਮਰੀਕ ਕੌਰ ਕੋਲ ਘੱਲ ਦਿੱਤਾ ਤੇ ਉਥੇ ਉਸਨੇ ਦਿਲ ਲਾ ਲਿਆ, ਭੂਆ ਦੇ ਬੱਚਿਆਂ ਨਾਲ ਸਿਵਲ ਲਾਈਨ ਦੇ ਸਰਕਾਰੀ ਸਕੂਲ ਵਿਚ ਹੀ ਦਾਖਿਲ ਹੋ ਗਿਆ। ਨਿਰਵੈਰ ਦੇ ਮਾਤਾ ਅਮਨਦੀਪ ਕੌਰ ਪਿਤਾ ਤਰਸੇਮ ਸਿੰਘ ਚਾਹੁੰਦੇ ਸਨ ਕਿ ਉਹਨਾਂ ਦਾ ਬੇਟਾ ਉੱਚ ਵਿੱਦਿਆ ਹਾਸਲ ਕਰਕੇ ਵੱਡਾ ਅਫਸਰ ਵਗੈਰਾ ਬਣੇ ਪਰ ਉਸ ਅੰਦਰ ਤਾਂ ਕਲਾ ਅੰਗੜਾਈ ਲੈ ਰਹੀ ਸੀ, ਤਰਸੇਮ ਸਿੰਘ ਦਸਦੇ ਹਨ ਕਿ ਉਹ ਤੁਰਿਆ ਆਉਂਦਾ ਹੀ ਧੀਮਾ ਧੀਮਾ ਇਹ ਬੋਲ ਗੁਣਗੁਣਾਉਂਦਾ ਹੁੰਦਾ ਸੀ : ਸੋਹਣਿਓਂ ਨਰਾਜਗੀ ਤੇ ਨਹੀ ਜੇ ਗੱਲ ਦਿਲ ਵਾਲੀ ਕਹਿ ਦਿਆਂ--ਸੋ ਇਹ ਸੰਕੇਤ ਸਨ ਉਸਦੀ ਸੰਗੀਤ ਪ੍ਰਤੀ ਨਿਸ਼ਠਾ ਤੇ ਲਗਨ ਦੇ।
ਬਾਰਵੀਂ ਜਮਾਤ ਬਾਅਦ ਨਿਰਵੈਰ ਮਹਿੰਦਰਾ ਕਾਲਜ ਜਾ ਦਾਖਿਲ ਹੋਇਆ, ਇਥੇ ਉਸਨੂੰ ਬੜਾ ਖੂਬਸੂਰਤ ਸਮਾਂ ਮਿਲ ਗਿਆ ਤੇ ਕਾਲਜ ਦੇ ਭੰਗੜੇ ਦੀ ਟੀਮ ਨਾਲ ਬੋਲੀਆਂ ਪਾਉਣ ਲੱਗਿਆ, ਦਿਨੋਂ ਦਿਨ ਆਵਾਜ ਨਿੱਖਰਣ ਲੱਗੀ ਤੇ ਸੁਰੀਲੇ ਗਾਇਕ ਵਜੋਂ ਕਾਲਜ ਵਿਚ ਪਛਾਣ ਬਣਨ ਲੱਗੀ ਤੇ ਇਓਂ ਹੀ ਸਭਿਆਚਾਰਕ ਮੁਕਾਬਲੇ ਜਿੱਤਣ ਲੱਗ ਪਿਆ। ਸੰਗੀਤ ਦੀ ਸੋਝੀ ਪਾਉਣ ਲਈ ਕੁਝ ਦਿਨ ਉਹ ਮਾਸਟਰ ਸਾਗਰ ਜੀ ਪਾਸ ਵੀ ਜਾਂਦਾ ਰਿਹਾ। ਆਪਣੀ ਭੂਆ ਦੇ ਦਾਮਾਦ ਹਰਦੀਪ ਸਿੰਘ ਨਾਲ ਸੰਗੀਤ ਬਾਰੇ ਅਕਸਰ ਹੀ ਸਲਾਹ ਮਸ਼ਵਰਾ ਕਰਦਾ ਰਹਿੰਦਾ। ਇਕ ਦਿਨ ਇਨਾਂ ਨੇ ਆਪੇ ਇਕ ਲਿੰਕ ਬਣਾ ਕੇ ਯੂਟਿਊਬ ਉਤੇ ਪਾਇਆ, ਤਾਂ ਚੰਗਾ ਹੁੰਗਾਰਾ ਮਿਲ ਗਿਆ ਤੇ ਸਬੱਬ ਨਾਲ ਬਦੇਸ਼ ਤੋਂ ਸ਼ਰਨ ਸ਼ੇਰਗਿੱਲ ਹੁਰਾਂ ਦਾ ਸਹਿਯੋਗ ਪ੍ਰਾਪਤ ਹੋ ਗਿਆ। 2018 ਦੇ ਏੜ ਗੇੜ ਦੀ ਗੱਲ ਹੈ ਕਿ ਉਤਸ਼ਾਹ ਹੋਰ ਵਧ ਰਿਹਾ ਸੀ, ਜੁੱਕ ਡੌਕ ਕੰਪਨੀ ਨਾਲ ਸੰਪਰਕ ਹੋ ਗਿਆ ਤੇ ਫਿਰ ਚੱਲ ਸੋ ਚੱਲ। 'ਪਿਸਟਲ' ਗੀਤ ( ਜੋ ਗਿੱਲ ਕੁੱਪੀਆਂ ਨੇ ਲਿਖਿਆ ਸੀ) ਤੋਂ ਆਰੰਭ ਹੋਇਆ ਸਫਰ ਲੰਬੇਰਾ ਤੇ ਸੁਹਾਵਣਾ ਬਣ ਗਿਆ। 'ਬੰਦੂਕ' ਗਾਣਾ ਖੁਦ ਲਿਖਿਆ ਤੇ ਖੂਬ ਚੱਲ ਗਈ ਬੰਦੂਕ ਵੀ। ਉਹ ਜੋ ਆਪਣੀ ਗਾਇਕੀ ਦਾ ਜੋ ਰੰਗ ਵੀ ਗਾਉਂਦਾ, ਖੂਬ ਚੜ੍ਹ ਜਾਂਦਾ। 2022 ਵਿਚ ਧਾਰਮਿਕ ਰੰਗ 'ਗੁਰੂ ਕੀ ਫੌਜ' ਉਸਨੂੰ ਹੋਰ ਹਰਮਨ ਪਿਆਰਾ ਕਰਦਾ ਹੈ, ਉਸਦੀ ਆਵਾਜ ਵਿਚੋਂ ਲੋਕ ਰੰਗ ਕਵੀਸ਼ਰੀ ਦੀ ਝਲਕ ਵੀ ਪੈਂਦੀ ਹੈ। ਨੱਚਣ ਟੱਪਣ ਵਾਲਾ ਜੋ ਕੁਝ ਗਾਇਆ, ਸੱਭੋ ਪਰਵਾਨ ਹੋਇਆ। ਸਰੋਤਾ ਹਰ ਵੰਨਗੀ ਤੇ ਸੁਹਜ ਸੁਆਦ ਭਾਲਦਾ ਹੈ, ਤੇ ਨਿਰਵੈਰ ਇਹ ਗੱਲ ਭਲੀ ਪ੍ਰਕਾਰ ਸਮਝਦਾ ਹੈ। ਬੀਰ ਸਿੰਘ ਨਾਲ ਫਿਲਮ -'ਸੂਹੇ ਵੇ ਚੀਰੇ ਵਾਲਿਆ' ਬਣਾਈ ਤੇ ਉਹ ਹੀਰੋ ਸੀ। ਹੁਣ ਨਵਾਂ ਫਿਲਮੀ ਕਾਰਜ ਹੋ ਰਿਹਾ ਹੈ, 'ਤੂੰ ਕਹਿ ਤਾਂ ਸਹੀ' ਨਾਂ ਹੇਠ, ਪੇਸ਼ਕਸ਼ ਜਿਊਕ ਡੈਕ ਫਿਲਮਜ ਦੀ। ਨਿਰਦੇਸ਼ਨ ਜਤਿੰਦਰ ਮੁਹਰ ਕਰ ਰਿਹਾ ਹੈ ਤੇ ਲਿਖੀ ਹੈ ਬਲਵਿੰਦਰ ਬੁੱਲਟ ਨੇ। ਨਿਰਵੈਰ ਨਾਲ ਨਜਰ ਆਉਣਗੇ ਨੂਰ ਚਹਿਲ। ਸਰੋਤੇ ਤੇ ਦਰਸ਼ਕ ਉਡੀਕ ਰਹੇ ਨੇ ਅਕਤੂਬਰ ਦੀ 30 ਤਾਰੀਕ।
ਦੇਸ਼ ਬਦੇਸ਼ ਕਈ ਕਈ ਵਾਰ ਸ਼ੋਅ ਕਰ ਆਇਆ, ਜੋ ਖੂਬ ਸਫਲ ਰਹੇ ਨੇ। ਉਹ ਆਪਣੇ ਪਿੰਡੋਂ ਦੂਰ ਰਹਿ ਕੇ ਵੀ ਆਪਣੀ ਜੰਮਣ ਭੋਇੰ ਦੇ ਲਾਗੇ ਲਾਗੇ ਹੀ ਹੈ, ਉਸਨੂੰ ਪਿੰਡ ਨਾਲ ਦਿਲੋਂ ਲਗਾਵ ਹੈ। ਅੱਜ ਆਪਣੇ ਪੋਤੇ ਦੀ ਚੜ੍ਹਤ ਤੇ ਇੱਜਤ ਮਾਣ ਦੇਖਕੇ ਉਸਦੇ ਦਾਦਾ ਗੁਰਚਰਨ ਸਿੰਘ ਤੇ ਦਾਦੀ ਸੁਰਜੀਤ ਕੌਰ ਸਵਰਗਾਂ ਵਿਚ ਬੈਠੇ ਬੇਹੱਦ ਪਰਸੰਨ ਹੁੰਦੇ ਹੋਣਗੇ। ਉਸਦੇ ਮਾਤਾ ਅਮਨਦੀਪ ਕੌਰ ਤੇ ਪਿਤਾ ਤਰਸੇਮ ਸਿੰਘ ਖਾਲਸਾ ਬੜੇ ਮਾਣ ਨਾਲ ਆਖਦੇ ਨੇ ਕਿ ਸਾਡੇ ਪੁੱਤਰ ਨੇ ਏਨਾ ਮਾਣ ਦਿਲਾ ਦਿੱਤਾ ਏ ਕਿ ਸੱਤ ਜਨਮ ਵੀ ਸੋਚਣਾ ਔਖਾ ਏ, ਹੋਣਹਾਰ ਏਨਾ ਹੈ ਕਿ ਕਦੀ ਕਿਤੋਂ ਉਲਾਂਭਾ ਨਹੀਂ ਲਿਆ, ਕਦੇ ਗੁੱਸੇ ਹੋਣ ਦਾ ਮੌਕਾ ਨਹੀ ਦਿੱਤਾ, ਸਾਨੂੰ ਮਾਣ ਏਂ ਕਿ ਅਸੀਂ ਨਿਰਵੈਰ ਪਨੂੰ ਦੇ ਮਾਪੇ ਹਾਂ।

-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.