ਪਾਰਟੀ ਦੀਆਂ ਨੀਤੀਆਂ ਨਿਰਧਾਰਿਤ ਕਰਨ ਅਤੇ ਉਹਨਾਂ ਨੂੰ ਨੀਤੀ ਬਿਆਨ ਵਜੋਂ ਜਾਰੀ ਕਰਨ ਦਾ ਹੱਕ ਸਿਰਫ ਪਾਰਟੀ ਪ੍ਰਧਾਨ ਨੂੰ : ਰਵੀਇੰਦਰ ਸਿੰਘ
ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਜੀਤ ਅਖਬਾਰ ਲਈ ਲਿਖਿਆ ਲੇਖ ਇਤਿਹਾਸਕ ਮਹੱਤਵ ਰੱਖਦਾ ਹੈ।
ਚੰਡੀਗੜ੍ਹ-: 1 ਸਤੰਬਰ 2026- ਬਜੁਰਗ ਸਿਆਸਤਦਾਨ ਸ ਰਵੀਇੰਦਰ ਸਿੰਘ, ਜੋ ਸਿੱਖ ਰਾਜਨੀਤਕ ਹਲਕਿਆਂ ਵਿੱਚ ਸਕਾਲਰ ਵਜੋਂ ਜਾਣੇ ਜਾਂਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਵੀ ਹਨ, ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਮਾਸਟਰ ਤਾਰਾ ਸਿੰਘ ਹੁਰਾਂ ਤੋਂ ਬਾਦ ਅਕਾਲੀ ਦਲ ਨੂੰ ਅਜਿਹਾ ਪ੍ਰਧਾਨ ਮਿਲਿਆ ਹੈ, ਜੋ ਇਕ ਭਖਦੇ ਮਸਲੇ 'ਤੇ ਅਖਬਾਰਾਂ ਵਿੱਚ ਬਾ-ਦਲੀਲ ਲੇਖ ਲਿਖ ਸਕਦਾ ਹੈ। ਉਹ ਗਿਆਨੀ ਹਰਪ੍ਰੀਤ ਸਿੰਘ ਵੱਲੋਂ 'ਧਾਰਮਿਕ ਪਛਾਣ ਨੂੰ ਰਾਸ਼ਟਰੀ ਪਛਾਣ' ਬਣਾਉਣ ਦੇ ਮੁੱਦੇ 'ਤੇ ਅਜੀਤ ਅਖਬਾਰ ਲਈ ਲਿਖੇ ਗਏ ਲੇਖ ਦੀ ਗੱਲ ਕਰ ਰਹੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਲੇਖ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਇਤਿਹਾਸਕ ਮਿਸਾਲਾਂ ਨਾਲ ਸਾਬਤ ਕੀਤਾ ਹੈ ਕਿ ਰਾਜਨੀਤਿਕ ਆਗੂਆਂ ਵੱਲੋਂ ਧਾਰਮਿਕ ਪਛਾਣ ਨੂੰ ਅੱਗੇ ਰੱਖਣਾ ਲੋਕਾਂ ਨੂੰ ਵੰਡਣ ਦਾ ਕਾਰਨ ਬਣ ਜਾਂਦਾ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੂੰ ਇਕ ਪੜ੍ਹਿਆ ਲਿਖਿਆ ਅਤੇ ਧਾਰਮਿਕ ਖੇਤਰ ਵਿੱਚ ਗੁੜਿਆ ਹੋਇਆ ਪ੍ਰਧਾਨ ਮਿਲ ਜਾਣਾ, ਕੌਮ ਦੀ ਖੁਸ਼ਕਿਸਮਤੀ ਸਮਝਿਆ ਜਾਣਾ ਚਾਹੀਦਾ ਹੈ। ਅਜਿਹਾ ਪ੍ਰਧਾਨ ਪਾਰਟੀ ਆਗੂਆਂ ਦੀ ਸਲਾਹ ਨਾਲ ਜੋ ਵੀ ਨੀਤੀਆਂ ਨਿਰਧਾਰਿਤ ਕਰੇਗਾ, ਉਹ ਪੰਥ, ਪੰਜਾਬ ਲਈ ਅਸਰਦਾਇਕ ਜਰੂਰ ਹੋਣਗੀਆ। ਉਹਨਾਂ ਕਿਹਾ ਕਿ ਬੇਸ਼ੱਕ ਇਹ ਨੀਤੀਆਂ ਪਾਰਟੀ ਪਲੇਟਫਾਰਮ 'ਤੇ ਅਤੇ ਮਾਹਿਰ ਲੋਕਾਂ ਨਾਲ ਸਲਾਹ ਮਸ਼ਵਰੇ ਕਰਕੇ ਹੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ, ਪਰ ਉਹਨਾਂ ਨੂੰ ਜਾਰੀ ਅਤੇ ਲਾਗੂ ਕਰਨ ਦਾ ਹੱਕ ਹਮੇਸ਼ਾਂ ਪਾਰਟੀ ਪ੍ਰਧਾਨ ਕੋਲ ਸੁਰੱਖਿਅਤ ਰਹਿਣਾ ਚਾਹੀਦਾ ਹੈ। ਭਾਵੇਂਕਿ ਪਾਰਟੀ ਆਗੂ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਮੁੱਦਿਆਂ 'ਤੇ ਪ੍ਰਤੀਕਿਰਿਆ ਦਿੰਦੇ ਰਹਿਣ ਪਰ ਪਾਰਟੀ ਦੇ ਨੀਤੀ ਬਿਆਨ ਅਤੇ ਦੂਜੀਆਂ ਪਾਰਟੀਆਂ ਨਾਲ ਸਮਝੌਤਿਆ ਸੰਬੰਧੀ ਬਿਆਨ ਸਿਰਫ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਵੱਲੋਂ ਹੀ ਜਾਣੇ ਚਾਹੀਦੇ ਹਨ। ਉਹਨਾਂ ਦੇ ਇਸ ਅਧਿਕਾਰ ਖੇਤਰ ਵਿੱਚ ਦਖਲ ਦੇਣ ਵਾਲਿਆਂ ਖਿਲਾਫ ਪਾਰਟੀ ਪਲੇਟਫਾਰਮ 'ਤੇ ਸਖਤ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਹੈ।
ਸ ਰਵੀਇੰਦਰ ਸਿੰਘ ਨੇ ਕਿਹਾ ਕਿ ਸਾਰੇ ਪਾਰਟੀ ਆਗੂਆਂ ਨੂੰ ਇਸ ਗੱਲ ਦਾ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਸਿੱਖ ਫਿਲਾਸਫੀ ਅਤੇ ਸਿਧਾਂਤਾਂ ਦੇ ਪ੍ਰਪੱਕ ਵਿਦਵਾਨ ਪ੍ਰਧਾਨ ਦੀ ਅਗਵਾਈ ਵਿੱਚ ਕੰਮ ਕਰ ਰਹੇ ਹਨ। ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਮੁੱਦਿਆ ਉਤੇ ਸੁਹਿਰਦਤਾ ਨਾਲ ਕਲਮ ਚਲਾਉਂਦੇ ਰਹਿਣਾ ਚਾਹੀਦਾ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
- Download Babushahi App
-
-