ਚੰਡੀਗੜ੍ਹ 'ਚ ਕਿਸਾਨਾਂ ਦਾ ਪੱਕਾ ਮੋਰਚਾ: ਆਈਸਰ ਤੋਂ ਟ੍ਰਿਬਿਊਨ ਚੌਂਕ ਤੱਕ ਆਵਾਜਾਈ ਠੱਪ! ਅਗਲੇ 7 ਦਿਨ ਤੱਕ ਰਹਿ ਸਕਦੀ ਹੈ ਪਰੇਸ਼ਾਨੀ; ਰੂਟ ਪਲਾਨ ਦੇਖ ਕੇ ਘਰੋਂ ਨਿਕਲੋ
ਚੰਡੀਗੜ੍ਹ ਪ੍ਰਸਾਸ਼ਨ ਨੇ ਦਿੱਤੀ ਹੈ ਧਰਨੇ ਦੀ ਮਨਜ਼ੂਰੀ, ਟਰੈਕਟਰ-ਟਰਾਲੀਆਂ ਲੈ ਕੇ ਚੰਡੀਗੜ੍ਹ ਪਹੁੰਚੇ ਕਿਸਾਨ, ਪੁਲਿਸ ਵੱਲੋਂ ਭਾਰੀ ਬੈਰੀਕੇਡਿੰਗ
ਮੰਗਲਵਾਰ ਤੋਂ ਸੋਮਵਾਰ ਤੱਕ ਕਿਸਾਨਾਂ ਦਾ ਪ੍ਰਦਰਸ਼ਨ, ਮੁਸਾਫ਼ਿਰ ਹੋ ਰਹੇ ਪਰੇਸ਼ਾਨ
ਚੰਡੀਗੜ੍ਹ, 31 ਅਗਸਤ 2026- ਰਾਜਧਾਨੀ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਕਿਸਾਨੀ ਸੰਘਰਸ਼ ਦਾ ਬਿਗੁਲ ਵੱਜ ਗਿਆ ਹੈ। ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਚੰਡੀਗੜ੍ਹ ਦੀਆਂ ਸਰਹੱਦਾਂ 'ਤੇ ਆਪਣੇ ਡੇਰੇ ਲਗਾ ਦਿੱਤੇ ਹਨ। ਆਈਸਰ (IISER) ਤੋਂ ਟ੍ਰਿਬਿਊਨ ਚੌਂਕ ਵੱਲ ਜਾਂਦੀ ਮੁੱਖ ਸੜਕ 'ਤੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ਨਾਲ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕਿਸਾਨਾਂ ਦਾ ਇਹ ਧਰਨਾ ਪ੍ਰਦਰਸ਼ਨ ਮੰਗਲਵਾਰ ਤੋਂ ਸ਼ੁਰੂ ਹੋ ਕੇ ਆਉਂਦੇ ਸੋਮਵਾਰ ਤੱਕ ਯਾਨੀ ਪੂਰੇ ਸੱਤ ਦਿਨਾਂ ਲਈ ਜਾਰੀ ਰਹੇਗਾ। ਧਰਨੇ ਦੇ ਪਹਿਲੇ ਦਿਨ ਤੋਂ ਹੀ ਸੜਕਾਂ 'ਤੇ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ।

ਕਿਸਾਨਾਂ ਦੇ ਆਗਮਨ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮੁਸਤੈਦੀ ਵਧਾ ਦਿੱਤੀ ਗਈ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਨੇ ਆਈਸਰ ਤੋਂ ਟ੍ਰਿਬਿਊਨ ਰੋਡ 'ਤੇ ਭਾਰੀ ਬੈਰੀਕੇਡਿੰਗ (Heavy Barricading) ਕਰ ਦਿੱਤੀ ਹੈ। ਪੁਲਿਸ ਵੱਲੋਂ ਰਸਤੇ ਬੰਦ ਕਰਨ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ (Chandigarh Administration) ਵੱਲੋਂ ਕਿਸਾਨਾਂ ਨੂੰ ਸ਼ਾਂਤੀਪੂਰਵਕ ਧਰਨਾ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਪਰ ਇਸ ਕਾਰਨ ਸ਼ਹਿਰ ਦੀ ਆਵਾਜਾਈ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਗਈ ਹੈ।
ਪਾਠਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ, ਜੇਕਰ ਤੁਸੀਂ ਪੰਜਾਬ ਦੇ ਮਾਲਵਾ ਖੇਤਰ ਜਿਵੇਂ ਕਿ ਬਠਿੰਡਾ, ਸੰਗਰੂਰ, ਮਾਨਸਾ, ਪਟਿਆਲਾ ਜਾਂ ਰਾਜਪੁਰਾ ਵਾਲੇ ਪਾਸੇ ਤੋਂ ਚੰਡੀਗੜ੍ਹ ਵਿੱਚ ਦਾਖਲ ਹੋ ਰਹੇ ਹੋ, ਤਾਂ ਤੁਹਾਨੂੰ ਆਵਾਜਾਈ ਵਿੱਚ ਵੱਡੀ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਤੌਰ 'ਤੇ ਜਦੋਂ ਯਾਤਰੀ ਰਾਜਪੁਰਾ ਜਾਂ ਬਨੂੜ ਵੱਲੋਂ ਆਉਂਦੇ ਹਨ, ਤਾਂ ਬਨੂੜ ਤੋਂ ਬਾਅਦ ਆਉਂਦੇ ਪਟਿਆਲਾ ਲਾਈਟ ਪੁਆਇੰਟ ਤੋਂ ਖੱਬੇ ਹੱਥ ਮੁੜ ਕੇ ਏਅਰਪੋਰਟ ਰੋਡ (Airport Road) ਦਾ ਰਸਤਾ ਲੈਂਦੇ ਹਨ। ਏਅਰਪੋਰਟ ਚੌਂਕ ਤੋਂ ਹੁੰਦੇ ਹੋਏ ਅੱਗੇ ਆਈਸਰ (IISER) ਕੋਲ ਪਹੁੰਚ ਕੇ ਜਦੋਂ ਯਾਤਰੀ ਸੱਜੇ ਹੱਥ ਮੁੜਦੇ ਹਨ, ਤਾਂ ਇਹ ਰਸਤਾ ਸਿੱਧਾ ਟ੍ਰਿਬਿਊਨ ਚੌਂਕ ਵੱਲ ਜਾਂਦਾ ਹੈ। ਜੇਕਰ ਸਿੱਧੇ ਚਲੇ ਜਾਈਏ ਤਾਂ ਮੋਹਾਲੀ ਆ ਜਾਂਦਾ ਹੈ, ਪਰ ਚੰਡੀਗੜ੍ਹ ਐਂਟਰੀ ਲਈ ਆਈਸਰ ਤੋਂ ਸੱਜੇ ਹੱਥ ਵਾਲਾ ਰਸਤਾ ਹੀ ਵਰਤਿਆ ਜਾਂਦਾ ਹੈ।
ਫਿਲਹਾਲ ਆਈਸਰ ਤੋਂ ਸੱਜੇ ਹੱਥ ਮੁੜਨ ਵਾਲੀ ਇਸੇ ਮੁੱਖ ਰੋਡ ਉੱਤੇ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ ਅਤੇ ਪੁਲਿਸ ਦੀ ਬੈਰੀਕੇਡਿੰਗ ਕਾਰਨ ਇੱਥੇ ਜ਼ਬਰਦਸਤ ਟ੍ਰੈਫਿਕ ਜਾਮ ਲੱਗ ਰਿਹਾ ਹੈ। ਇਸ ਰਸਤੇ ਤੋਂ ਨਿਕਲਣਾ ਫਿਲਹਾਲ ਬਹੁਤ ਮੁਸ਼ਕਿਲ ਹੈ ਅਤੇ ਅਗਲੇ ਸੱਤ ਦਿਨਾਂ ਤੱਕ ਸਥਿਤੀ ਇਸੇ ਤਰ੍ਹਾਂ ਬਣੀ ਰਹਿਣ ਦੀ ਸੰਭਾਵਨਾ ਹੈ।
ਧਰਨੇ ਦਾ ਮੁੱਖ ਕਾਰਨ... ਅਮਰੀਕਾ ਨਾਲ ਹੋਣ ਵਾਲੀ ਟ੍ਰੇਡ ਡੀਲ ਦਾ ਵਿਰੋਧ
ਕਿਸਾਨਾਂ ਵੱਲੋਂ ਲਗਾਏ ਗਏ ਇਸ 7 ਦਿਨਾਂ ਮੋਰਚੇ ਦਾ ਮੁੱਖ ਕਾਰਨ ਕੇਂਦਰ ਸਰਕਾਰ ਵੱਲੋਂ ਅਮਰੀਕਾ (US) ਨਾਲ ਕੀਤੀ ਜਾ ਰਹੀ ਇੱਕ ਵਪਾਰਕ ਸੰਧੀ (Trade Deal) ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਸਰਕਾਰ ਅਮਰੀਕਾ ਨਾਲ ਇਹ ਟ੍ਰੇਡ ਡੀਲ ਕਰਦੀ ਹੈ, ਤਾਂ ਇਸ ਨਾਲ ਦੇਸ਼ ਦੇ ਖੇਤੀਬਾੜੀ ਖੇਤਰ ਅਤੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚੇਗਾ। ਅਮਰੀਕੀ ਖੇਤੀ ਉਤਪਾਦ ਭਾਰਤੀ ਬਾਜ਼ਾਰਾਂ ਵਿੱਚ ਆਉਣ ਨਾਲ ਸਥਾਨਕ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਡਿੱਗ ਜਾਣਗੇ। ਕਿਸਾਨਾਂ ਦੀ ਮੰਗ ਹੈ ਕਿ ਇਸ ਟ੍ਰੇਡ ਡੀਲ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸੇ ਮੰਗ ਨੂੰ ਲੈ ਕੇ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਡੇਰੇ ਲਾ ਦਿੱਤੇ ਹਨ।
- Download Babushahi App
-
-