ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਭਾਜਪਾ ਇਕੱਲਿਆਂ ਲੜੇਗੀ ਚੋਣ: ਸਤੀਸ਼ ਪੂਨੀਆ ਨੇ ਗਠਜੋੜ ਦੀਆਂ ਸੰਭਾਵਨਾਵਾਂ ਕੀਤੀਆਂ ਖ਼ਾਰਜ
ਚੰਡੀਗੜ੍ਹ, 31 ਅਗਸਤ 2026: ਪੰਜਾਬ ਭਾਜਪਾ ਦੇ ਇੰਚਾਰਜ ਸਤੀਸ਼ ਪੂਨੀਆ ਨੇ ਸੋਮਵਾਰ ਨੂੰ ਸਪੱਸ਼ਟ ਕਰ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਸੂਬੇ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 117 ਸੀਟਾਂ ’ਤੇ ਆਪਣੇ ਦਮ ’ਤੇ ਚੋਣ ਲੜੇਗੀ। ਉਨ੍ਹਾਂ ਇਸ ਦੇ ਨਾਲ ਹੀ ਕਿਸੇ ਵੀ ਸਿਆਸੀ ਗਠਜੋੜ ਦੀ ਸੰਭਾਵਨਾ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਪਾਰਟੀ ਦਾ ਫੈਸਲਾ ਬਿਲਕੁਲ ਸਪੱਸ਼ਟ ਹੈ ਕਿ ਉਹ ਇਕੱਲਿਆਂ ਚੋਣ ਮੈਦਾਨ ਵਿੱਚ ਉਤਰੇਗੀ।
ਸਤੀਸ਼ ਪੂਨੀਆ ਨੇ ਸੋਮਵਾਰ ਤੋਂ ਪੰਜਾਬ ਵਿੱਚ ਆਪਣਾ ਤਿੰਨ ਦਿਨਾਂ ਸੰਗਠਨਾਤਮਕ ਦੌਰਾ ਸ਼ੁਰੂ ਕੀਤਾ। ਇਸ ਦੌਰਾਨ ਉਹ ਸੂਬਾਈ ਲੀਡਰਸ਼ਿਪ ਅਤੇ ਵੱਖ-ਵੱਖ ਸੰਗਠਨਾਤਮਕ ਟੀਮਾਂ ਨਾਲ ਮੀਟਿੰਗਾਂ ਕਰਕੇ ਪਾਰਟੀ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨਗੇ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕਰਨਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੂਨੀਆ ਨੇ ਕਿਹਾ ਕਿ ਉਹ ਇਸ ਗੱਲ ਨੂੰ ਵਾਰ-ਵਾਰ ਦੁਹਰਾ ਰਹੇ ਹਨ ਕਿ ਭਾਜਪਾ 117 ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਆਪਣੇ ਬਲਬੂਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਵੱਲੋਂ ਇਹ ਸਿੱਧਾ ਸੁਨੇਹਾ ਦਿੱਤਾ ਗਿਆ ਹੈ ਕਿ ਪੰਜਾਬ ਵਿੱਚ ਚੋਣਾਂ ਆਪਣੇ ਦਮ ’ਤੇ ਲੜੀਆਂ ਜਾਣਗੀਆਂ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਇਸ ਦਾ ਮਤਲਬ ਹੈ ਕਿ ਭਾਜਪਾ ਦਾ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਹੋਵੇਗਾ ਤਾਂ ਉਨ੍ਹਾਂ ਨੇ ਇਸ ਦਾ ਸਿੱਧਾ ਜਵਾਬ ‘ਹਾਂ’ ਵਿੱਚ ਦਿੱਤਾ।
ਭਾਜਪਾ ਇੰਚਾਰਜ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਪੰਜਾਬ ਦੀ ਸਿਆਸਤ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਨੇੜਤਾ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਦੋਵੇਂ ਪਾਰਟੀਆਂ ਦਾ 2020 ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਗਠਜੋੜ ਟੁੱਟ ਗਿਆ ਸੀ। ਇਸ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਨੇ ਆਪਣੇ ਪੱਧਰ ’ਤੇ ਸਿਆਸੀ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਤੇਜ਼ ਕੀਤੀ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਆਗੂ ਸੁਨੀਲ ਜਾਖੜ ਵੱਲੋਂ ਅਕਾਲੀ ਦਲ ਨਾਲ ਗਠਜੋੜ ਦੇ ਹੱਕ ਵਿੱਚ ਦਿੱਤੇ ਬਿਆਨਾਂ ਬਾਰੇ ਪੁੱਛੇ ਜਾਣ ’ਤੇ ਪੂਨੀਆ ਨੇ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ, ਪਰ ਇਹ ਪਾਰਟੀ ਦਾ ਫੈਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਅੰਤਿਮ ਫੈਸਲਾ ਦਿੱਲੀ ਤੋਂ ਆਵੇਗਾ।
ਨਸ਼ਿਆਂ ਦੇ ਮੁੱਦੇ ’ਤੇ ਪੂਨੀਆ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਭ੍ਰਿਸ਼ਟਾਚਾਰ ਤੇ ਕਾਨੂੰਨ-ਵਿਵਸਥਾ ਵਿੱਚ ਸੁਧਾਰ ਦੇ ਵਾਅਦੇ ਕੀਤੇ ਗਏ ਸਨ, ਪਰ ਨਸ਼ਿਆਂ ਨੇ ਪੰਜਾਬ ਨੂੰ ਦੇਸ਼ ਅਤੇ ਦੁਨੀਆ ਵਿੱਚ ਬਦਨਾਮ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਕਰੀਬ ਤਿੰਨ ਲੱਖ ਨੌਜਵਾਨ ਰਜਿਸਟਰਡ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਨਸ਼ਿਆਂ ਅਤੇ ਨਾਰਕੋ-ਟੈਰਰਿਜ਼ਮ ਵਿਰੁੱਧ ਇੱਕ ਵਿਸ਼ੇਸ਼ ਅਤੇ ਸੁਚੱਜੀ ਮੁਹਿੰਮ ਚਲਾਏਗੀ। ਇਸ ਸਬੰਧੀ ਪਾਰਟੀ ਵੱਲੋਂ ਵਿਸਥਾਰਤ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਜਿਸ ਦੇ ਵੇਰਵੇ ਆਉਣ ਵਾਲੇ ਸਮੇਂ ਵਿੱਚ ਜਨਤਕ ਕੀਤੇ ਜਾਣਗੇ।
ਪੰਜਾਬ ਲਈ ਵਿਸ਼ੇਸ਼ ਪੈਕੇਜ ਦੇ ਸਵਾਲ ’ਤੇ ਪੂਨੀਆ ਨੇ ਕਿਹਾ ਕਿ ਪੰਜਾਬ ਭਾਜਪਾ, ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦੀਆਂ ਤਰਜੀਹਾਂ ਵਿੱਚ ਸਭ ਤੋਂ ਉੱਪਰ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਲਈ ਠੋਸ ਯੋਜਨਾ ਅਤੇ ਪਾਰਟੀ ਦੀ ਵਚਨਬੱਧਤਾ ਸਪੱਸ਼ਟ ਤੌਰ ’ਤੇ ਸਾਹਮਣੇ ਰੱਖੀ ਜਾਵੇਗੀ।
ਪਾਰਟੀ ਅੰਦਰ ਕਥਿਤ ਧੜੇਬੰਦੀ ਅਤੇ ਪੁਰਾਣੇ ਆਗੂਆਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਹ ਅੰਦਰੂਨੀ ਮਾਮਲੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਹਰ ਯੋਗ ਵਰਕਰ ਨੂੰ ਉਸ ਦੀ ਸਮਰੱਥਾ ਅਨੁਸਾਰ ਜ਼ਿੰਮੇਵਾਰੀ ਦਿੱਤੀ ਜਾਵੇਗੀ। ਪੂਨੀਆ ਨੇ ਕਿਹਾ ਕਿ ਭਾਜਪਾ ਲਈ ਪੁਰਾਣੇ ਆਗੂਆਂ ਦਾ ਤਜਰਬਾ ਅਤੇ ਨਵੀਂ ਪੀੜ੍ਹੀ ਦੀ ਊਰਜਾ ਦੋਵੇਂ ਮਹੱਤਵਪੂਰਨ ਹਨ ਅਤੇ ਇਨ੍ਹਾਂ ਵਿਚਾਲੇ ਸੰਤੁਲਨ ਬਣਾਉਣਾ ਪਾਰਟੀ ਦੀ ਤਰਜੀਹ ਹੈ।
- Download Babushahi App
-
-